ਬਰੇਨ ਟਿਊਮਰ ਦੇ ਮਰੀਜ਼ਾਂ ਲਈ ਵੱਡੀ ਉਮੀਦ! ਹੁਣ PGI ''ਚ ਹੋਵੇਗਾ ਸਟੀਕ ਇਲਾਜ

Friday, Oct 30, 2026 - 11:27 AM (IST)

ਬਰੇਨ ਟਿਊਮਰ ਦੇ ਮਰੀਜ਼ਾਂ ਲਈ ਵੱਡੀ ਉਮੀਦ! ਹੁਣ PGI ''ਚ ਹੋਵੇਗਾ ਸਟੀਕ ਇਲਾਜ

ਚੰਡੀਗੜ੍ਹ (ਪਾਲ) : ਬਰੇਨ ਟਿਊਮਰ ਦਾ ਇਲਾਜ ਹੁਣ ਸਿਰਫ਼ ਇਸ ਗੱਲ ’ਤੇ ਨਿਰਭਰ ਨਹੀਂ ਕਰਦਾ ਕਿ ਟਿਊਮਰ ਦਿਮਾਗ਼ ਦੇ ਕਿਸ ਹਿੱਸੇ 'ਚ ਹੈ ਜਾਂ ਸਕੈਨ 'ਚ ਕਿਹੋ ਜਿਹਾ ਦਿਖਾਈ ਦਿੰਦਾ ਹੈ। ਟਿਊਮਰ ਦੇ ਸੈੱਲਾਂ 'ਚ ਮੌਜੂਦ ਮੌਲੀਕਿਊਲਰ ਬਦਲਾਅ ਵੀ ਬੀਮਾਰੀ ਦੀ ਪਛਾਣ, ਉਸ ਦੇ ਸੰਭਾਵੀ ਨਤੀਜਿਆਂ ਅਤੇ ਇਲਾਜ ਦੀ ਯੋਜਨਾ ਬਣਾਉਣ 'ਚ ਅਹਿਮ ਭੂਮਿਕਾ ਨਿਭਾ ਰਹੇ ਹਨ। ਪੀ. ਜੀ. ਆਈ. 'ਚ ਬਰੇਨ ਟਿਊਮਰ ਦੇ ਇਲਾਜ 'ਚ ਆਧੁਨਿਕ ਮੌਲੀਕਿਊਲਰ ਡਾਇਗਨੌਸਟਿਕਸ, ਐਡਵਾਂਸ ਇਮੇਜਿੰਗ ਅਤੇ ਸਰਜੀਕਲ ਤਕਨੀਕਾਂ ’ਤੇ ਵੀ ਕੰਮ ਹੋ ਰਿਹਾ ਹੈ। ਇਸ ਨਾਲ ਮਰੀਜ਼ ਦੀ ਬੀਮਾਰੀ ਨੂੰ ਬਿਹਤਰ ਢੰਗ ਨਾਲ ਸਮਝਣ ਅਤੇ ਲੋੜ ਮੁਤਾਬਕ ਇਲਾਜ ਦੀ ਯੋਜਨਾ ਤਿਆਰ ਕਰਨ 'ਚ ਮਦਦ ਮਿਲ ਰਹੀ ਹੈ। ਬਰੇਨ ਟਿਊਮਰ ਦੀ ਮੌਲੀਕਿਊਲਰ ਜਾਂਚ 'ਚ ਆਈ.ਡੀ.ਐੱਚ. ਮਿਊਟੇਸ਼ਨ, ਐੱਮ.ਜੀ.ਐੱਮ.ਟੀ. ਪ੍ਰਮੋਟਰ ਮਿਥਾਈਲੇਸ਼ਨ, 1ਪੀ/19ਕਿਊ ਕੋ-ਡਿਲੀਸ਼ਨ ਅਤੇ ਬੀ.ਆਰ.ਏ.ਐੱਫ਼. ਵਰਗੇ ਮਾਰਕਰ ਅਹਿਮ ਹਨ। ਇਨ੍ਹਾਂ ਦੀ ਮਦਦ ਨਾਲ ਟਿਊਮਰ ਦੀ ਕਿਸਮ ਨੂੰ ਬਿਹਤਰ ਤਰੀਕੇ ਨਾਲ ਵੰਡਣ ਅਤੇ ਬੀਮਾਰੀ ਦੇ ਸੰਭਾਵੀ ਨਤੀਜਿਆਂ ਦਾ ਅੰਦਾਜ਼ਾ ਲਗਾਉਣ 'ਚ ਮਦਦ ਮਿਲਦੀ ਹੈ। ਕੁੱਝ ਮਾਰਕਰ ਇਲਾਜ ਦੇ ਬਦਲਾਂ ’ਤੇ ਫ਼ੈਸਲਾ ਲੈਣ 'ਚ ਵੀ ਲਾਹੇਵੰਦ ਸਾਬਤ ਹੁੰਦੇ ਹਨ। ਹਾਲਾਂਕਿ ਹਰੇਕ ਮਾਰਕਰ ਦੀ ਭੂਮਿਕਾ ਟਿਊਮਰ ਦੀ ਕਿਸਮ ਅਤੇ ਮਰੀਜ਼ ਦੀ ਹਾਲਤ ਮੁਤਾਬਕ ਵੱਖਰੀ ਹੋ ਸਕਦੀ ਹੈ। ਪੀ. ਜੀ. ਆਈ. ਦੇ ਨਿਊਰੋਸਰਜਰੀ ਵਿਭਾਗ ਤੋਂ ਪ੍ਰੋਫ਼ੈਸਰ ਰਾਜੇਸ਼ ਛਾਬੜਾ ਮੁਤਾਬਕ ਬਰੇਨ ਟਿਊਮਰ ਦਾ ਇਲਾਜ ਤੇਜ਼ੀ ਨਾਲ ਬਦਲ ਰਿਹਾ ਹੈ। ਹੁਣ ਸਿਰਫ਼ ਸਰਜਰੀ ਅਤੇ ਰੇਡੀਓਥੈਰੇਪੀ ਤੱਕ ਸੀਮਤ ਰਹਿਣ ਦੀ ਬਜਾਏ ਆਧੁਨਿਕ ਤਕਨੀਕ, ਮੌਲੀਕਿਊਲਰ ਜਾਂਚ ਅਤੇ ਏ. ਆਈ. ਵਰਗੀਆਂ ਨਵੀਆਂ ਤਕਨੀਕਾਂ ਨੂੰ ਵੀ ਇਲਾਜ ਪ੍ਰਕਿਰਿਆ 'ਚ ਸ਼ਾਮਲ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ ਰੋਡਵੇਜ਼ ਤੇ PRTC ਦੇ ਮੁਲਾਜ਼ਮਾਂ ਲਈ ਰਾਹਤ ਭਰੀ ਖ਼ਬਰ, 31 ਅਕਤੂਬਰ ਨੂੰ ਆ ਸਕਦੈ ਵੱਡਾ ਫ਼ੈਸਲਾ
ਮੌਲੀਕਿਊਲਰ ਜਾਂਚ ਨਾਲ ਮਿਲਦੀ ਹੈ ਬੀਮਾਰੀ ਦੀ ਜ਼ਿਆਦਾ ਸਪੱਸ਼ਟ ਜਾਣਕਾਰੀ
ਬਰੇਨ ਟਿਊਮਰ ਦੇ ਮਰੀਜ਼ਾਂ 'ਚ ਐੱਮ.ਆਰ.ਆਈ. ਅਤੇ ਹੋਰ ਇਮੇਜਿੰਗ ਜਾਂਚਾਂ ਨਾਲ ਟਿਊਮਰ ਦੀ ਥਾਂ, ਅਕਾਰ ਅਤੇ ਆਸ-ਪਾਸ ਦੇ ਦਿਮਾਗ਼ ’ਤੇ ਉਸ ਦੇ ਅਸਰ ਦਾ ਪਤਾ ਲੱਗਦਾ ਹੈ। ਉੱਥੇ ਹੀ ਟਿਊਮਰ ਦੇ ਟਿਸ਼ੂ ਦੀ ਜਾਂਚ ਅਤੇ ਮੌਲੀਕਿਊਲਰ ਪ੍ਰੋਫ਼ਾਈਲਿੰਗ ਨਾਲ ਉਸ ਦੇ ਜੈਵਿਕ ਸੁਭਾਅ ਨੂੰ ਸਮਝਣ 'ਚ ਮਦਦ ਮਿਲਦੀ ਹੈ। ਦੋਵਾਂ ਤਰ੍ਹਾਂ ਦੀ ਜਾਣਕਾਰੀ ਨੂੰ ਮਿਲਾ ਕੇ ਡਾਕਟਰ ਬੀਮਾਰੀ ਦੀ ਪਛਾਣ ਅਤੇ ਇਲਾਜ ਦੀ ਯੋਜਨਾ ਤੈਅ ਕਰ ਸਕਦੇ ਹਨ। ਆਈ. ਡੀ. ਐੱਚ. ਮਿਊਟੇਸ਼ਨ ਕੁੱਝ ਤਰ੍ਹਾਂ ਦੇ ਗਲਾਇਓਮਾ ਦੇ ਵਰਗੀਕਰਨ ਅਤੇ ਉਨ੍ਹਾਂ ਦੇ ਸੰਭਾਵੀ ਨਤੀਜਿਆਂ ਨੂੰ ਸਮਝਣ 'ਚ ਅਹਿਮ ਹੈ। ਐੱਮ. ਜੀ. ਐੱਮ. ਟੀ. ਪ੍ਰਮੋਟਰ ਮਿਥਾਈਲੇਸ਼ਨ ਖ਼ਾਸ ਕਰਕੇ ਗਲਾਇਓਬਲਾਸਟੋਮਾ ਵਰਗੇ ਟਿਊਮਰਾਂ 'ਚ ਕੀਮੋਥੈਰੇਪੀ ਪ੍ਰਤੀ ਸੰਭਾਵੀ ਪ੍ਰਤੀਕਿਰਿਆ ਦਾ ਅੰਦਾਜ਼ਾ ਲਗਾਉਣ 'ਚ ਮਦਦ ਕਰ ਸਕਦਾ ਹੈ। ਉੱਥੇ ਹੀ, 1ਪੀ/19ਕਿਊ ਕੋ-ਡਿਲੀਸ਼ਨ ਕੁੱਝ ਗਲਾਇਓਮਾ ਦੇ ਵਰਗੀਕਰਨ 'ਚ ਅਹਿਮ ਹੈ। ਬੀ.ਆਰ.ਏ.ਐੱਫ਼. 'ਚ ਬਦਲਾਅ ਕੁੱਝ ਖ਼ਾਸ ਕਿਸਮ ਦੇ ਬਰੇਨ ਟਿਊਮਰਾਂ ਵਿਚ ਟਾਰਗੇਟਿਡ ਟ੍ਰੀਟਮੈਂਟ ਦੀ ਸੰਭਾਵਨਾ ਨਾਲ ਜੁੜੇ ਹੋ ਸਕਦੇ ਹਨ।

ਇਹ ਵੀ ਪੜ੍ਹੋ : ਕਰਵਾਚੌਥ 'ਤੇ ਮਹਿਲਾ ਮੁਲਾਜ਼ਮਾਂ ਨੂੰ ਵੱਡਾ ਤੋਹਫ਼ਾ! ਵਿਆਹ ਤੋਂ ਜਣੇਪੇ ਤੱਕ ਨਵੀਆਂ ਸਕੀਮਾਂ ਨੂੰ ਮਨਜ਼ੂਰੀ
ਐਡਵਾਂਸ ਤਕਨੀਕਾਂ ਨਾਲ ਇਲਾਜ ਨੂੰ ਮਰੀਜ਼ ਮੁਤਾਬਕ ਬਣਾਉਣ ’ਤੇ ਜ਼ੋਰ
ਬਰੇਨ ਟਿਊਮਰ ਦੇ ਇਲਾਜ ਵਿਚ ਸਰਜਰੀ, ਰੇਡੀਓਥੈਰੇਪੀ, ਕੀਮੋਥੈਰੇਪੀ ਅਤੇ ਕੁਝ ਮਾਮਲਿਆਂ ਵਿਚ ਟਾਰਗੇਟਿਡ ਟ੍ਰੀਟਮੈਂਟ ਦੀ ਵਰਤੋਂ ਕੀਤੀ ਜਾਂਦੀ ਹੈ। ਕਿਸ ਮਰੀਜ਼ ਨੂੰ ਕਿਹੜਾ ਇਲਾਜ ਦਿੱਤਾ ਜਾਵੇ, ਇਹ ਟਿਊਮਰ ਦੀ ਕਿਸਮ, ਉਸ ਦੀ ਥਾਂ, ਮੌਲੀਕਿਊਲਰ ਰਿਪੋਰਟ ਅਤੇ ਮਰੀਜ਼ ਦੀ ਸਮੁੱਚੀ ਸਥਿਤੀ ’ਤੇ ਨਿਰਭਰ ਕਰਦਾ ਹੈ। ਇਸੇ ਕਰਕੇ ਮੌਲੀਕਿਊਲਰ ਜਾਂਚ ਅਤੇ ਆਧੁਨਿਕ ਇਮੇਜਿੰਗ ਦਾ ਮਹੱਤਵ ਵੱਧ ਰਿਹਾ ਹੈ। ਪੀ.ਜੀ.ਆਈ. ਵਿਚ ਬਰੇਨ ਟਿਊਮਰ ਦੇ ਮਰੀਜ਼ਾਂ ਦੇ ਇਲਾਜ ਦੇ ਨਾਲ-ਨਾਲ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਅਤੇ ਐਡਵਾਂਸ ਇਮੇਜਿੰਗ ’ਤੇ ਵੀ ਕੰਮ ਹੋ ਰਿਹਾ ਹੈ। ਸੰਸਥਾ ਵਿਚ ਡਿਊਰਲ-ਬੇਸਡ ਬਰੇਨ ਟਿਊਮਰ ਦੇ ਮਰੀਜ਼ਾਂ ਦੀ ਇਮੇਜਿੰਗ ਦਾ ਉੱਚ ਮਿਆਰ ਵਾਲਾ ਡੇਟਾ ਤਿਆਰ ਕਰਨ ਲਈ ਆਈ.ਸੀ.ਐੱਮ.ਆਰ. ਸਮਰਥਿਤ ਪ੍ਰਾਜੈਕਟ ਚੱਲ ਰਿਹਾ ਹੈ। ਇਸ ਦਾ ਉਦੇਸ਼ ਭਵਿੱਖ ਵਿਚ ਏ.ਆਈ. ਅਧਾਰਿਤ ਅਜਿਹੇ ਟੂਲ ਵਿਕਸਤ ਕਰਨਾ ਹੈ, ਜੋ ਟਿਊਮਰ ਦੀ ਪਛਾਣ, ਇਲਾਜ ਦੀ ਯੋਜਨਾ ਅਤੇ ਸੰਭਾਵੀ ਨਤੀਜਿਆਂ ਦਾ ਅੰਦਾਜ਼ਾ ਲਗਾਉਣ ਵਿਚ ਮਦਦ ਕਰ ਸਕਣ। ਮੌਲੀਕਿਊਲਰ ਜਾਂਚ ਅਤੇ ਨਵੀਆਂ ਤਕਨੀਕਾਂ ਦਾ ਉਦੇਸ਼ ਹਰੇਕ ਮਰੀਜ਼ ਲਈ ਇਕੋ ਜਿਹਾ ਇਲਾਜ ਕਰਨ ਦੀ ਥਾਂ ਬੀਮਾਰੀ ਦੀਆਂ ਵਿਸ਼ੇਸ਼ਤਾਵਾਂ ਨੂੰ ਸਮਝ ਕੇ ਬਿਹਤਰ ਫ਼ੈਸਲੇ ਲੈਣਾ ਹੈ। ਹਾਲਾਂਕਿ, ਇਨ੍ਹਾਂ ਜਾਂਚਾਂ ਦੇ ਨਤੀਜਿਆਂ ਨੂੰ ਮਰੀਜ਼ ਦੀ ਕਲੀਨਿਕਲ ਸਥਿਤੀ ਅਤੇ ਦੂਜੀਆਂ ਰਿਪੋਰਟਾਂ ਨਾਲ ਦੇਖ ਕੇ ਹੀ ਇਲਾਜ ਤੈਅ ਕੀਤਾ ਜਾਂਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170

 


author

Babita

Content Editor

Related News