ਮਾਨ ਨਹੀਂ ਦੇ ਰਹੇ ਧਿਆਨ, ਪੰਜਾਬ ’ਚ ਪ੍ਰਸ਼ਾਸਨਿਕ ਢਾਂਚਾ ਢਹਿ-ਢੇਰੀ: ਸੁਖਬੀਰ ਬਾਦਲ

Wednesday, Oct 28, 2026 - 08:53 PM (IST)

ਮਾਨ ਨਹੀਂ ਦੇ ਰਹੇ ਧਿਆਨ, ਪੰਜਾਬ ’ਚ ਪ੍ਰਸ਼ਾਸਨਿਕ ਢਾਂਚਾ ਢਹਿ-ਢੇਰੀ: ਸੁਖਬੀਰ ਬਾਦਲ

ਚੰਡੀਗੜ੍ਹ (ਅੰਕੁਰ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਨਿਸ਼ਾਨਾ ਸਾਧਦਿਆਂ ਦੋਸ਼ ਲਾਇਆ ਕਿ ਜਦੋਂ ਉਨ੍ਹਾਂ ਨੂੰ ਅਹਿਸਾਸ ਹੋ ਗਿਆ ਕਿ ਪੰਜਾਬ ਦੇ ਲੋਕ 2027 ਦੀਆਂ ਵਿਧਾਨ ਸਭਾ ਚੋਣਾਂ ’ਚ ‘ਆਪ’ ਨੂੰ ਨਕਾਰ ਦੇਣਗੇ ਤਾਂ ਉਹ ਮੈਦਾਨ ਛੱਡ ਕੇ ਭੱਜ ਗਏ। ਉਨ੍ਹਾਂ ਕਿਹਾ ਕਿ ਇਸ ਕਾਰਨ ਸੂਬੇ ਦਾ ਪ੍ਰਸ਼ਾਸਨਿਕ ਢਾਂਚਾ ਪੂਰੀ ਤਰ੍ਹਾਂ ਢਹਿ-ਢੇਰੀ ਹੋ ਗਿਆ ਹੈ ਤੇ ਪੁਲਸ ਮਰਜ਼ੀ ਨਾਲ ਕੰਮ ਕਰ ਰਹੀ ਹੈ। ਪਾਰਟੀ ਦੇ ਹਲਕਾ ਇੰਚਾਰਜਾਂ ਦੀ ਮੀਟਿੰਗ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਦਲ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਲੋਕ ਖੇਤਰੀ ਪਾਰਟੀ ਅਕਾਲੀ ਦਲ ਦੀ ਹਮਾਇਤ ਕਰਨ ਦਾ ਮਨ ਬਣਾ ਚੁੱਕੇ ਹਨ।

ਬਾਦਲ ਨੇ ਮਾਨਸਾ ’ਚ ਦਲਜੀਤ ਸਿੰਘ ਦੀ ਮ੍ਰਿਤਕ ਦੇਹ ਪੁਲਸ ਵੱਲੋਂ ਕਥਿਤ ਤੌਰ ’ਤੇ ਪਰਿਵਾਰ ਤੋਂ ਜ਼ਬਰਦਸਤੀ ਲਿਜਾਣ ਦੇ ਮਾਮਲੇ ’ਤੇ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਇਤਿਹਾਸ ’ਚ ਅਜਿਹੇ ਹਾਲਾਤ ਪਹਿਲਾਂ ਕਦੇ ਦੇਖਣ ਨੂੰ ਨਹੀਂ ਮਿਲੇ। ਉਨ੍ਹਾਂ ਦੋਸ਼ ਲਾਇਆ ਕਿ ਸੂਬੇ ’ਚ ਕੋਈ ਪ੍ਰਭਾਵਸ਼ਾਲੀ ਕਮਾਂਡ ਨਾ ਹੋਣ ਕਾਰਨ ਪੁਲਸ ਮਨਮਰਜ਼ੀ ਨਾਲ ਕਾਰਵਾਈ ਕਰ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਆਗੂ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਦਾ ਸੂਬੇ ਦੇ ਲੋਕਾਂ ’ਤੇ ਕੋਈ ਅਸਰ ਨਹੀਂ ਪਵੇਗਾ, ਕਿਉਂਕਿ ਲੋਕ ਆਪਣੀਆਂ ਆਸਾਂ ਤੇ ਉਮੀਦਾਂ ’ਤੇ ਖਰੀ ਉਤਰਨ ਵਾਲੀ ਖੇਤਰੀ ਪਾਰਟੀ ਨੂੰ ਸਮਰਥਨ ਦੇਣਗੇ।

ਕਾਂਗਰਸ ਤੇ ‘ਆਪ’ ਨਾਲ ਗੱਠਜੋੜ ਨਹੀਂ ਕਰੇਗਾ ਅਕਾਲੀ ਦਲ
ਗੱਠਜੋੜ ਸਬੰਧੀ ਸਵਾਲ ਦੇ ਜਵਾਬ ’ਚ ਬਾਦਲ ਨੇ ਕਿਹਾ ਕਿ ਅਕਾਲੀ ਦਲ ਉਸ ਸਿਆਸੀ ਪਾਰਟੀ ਨਾਲ ਗੱਠਜੋੜ ਕਰਨ ਲਈ ਤਿਆਰ ਹੈ, ਜੋ ਪਾਰਟੀ ਦੀ ਵਿਚਾਰਧਾਰਾ ਤੇ ਨੀਤੀਆਂ ਨਾਲ ਸਹਿਮਤ ਹੋਵੇ। ਹਾਲਾਂਕਿ ਉਨ੍ਹਾਂ ਸਪੱਸ਼ਟ ਕੀਤਾ ਕਿ ਅਕਾਲੀ ਦਲ ਕਾਂਗਰਸ ਤੇ ‘ਆਪ’ ਨਾਲ ਗਠਜੋੜ ਨਹੀਂ ਕਰੇਗਾ।

ਪਾਰਟੀ ਮੀਟਿੰਗ ਤੋਂ ਬਾਅਦ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਐਲਾਨ ਕੀਤਾ ਕਿ ਅਕਾਲੀ ਦਲ ਦੀ ਪੰਜਾਬ ਯਾਤਰਾ, ਜੋ ਪਹਿਲਾਂ 10 ਨਵੰਬਰ ਤੋਂ ਸ਼ੁਰੂ ਹੋਣੀ ਸੀ, ਹੁਣ 15 ਨਵੰਬਰ ਤੋਂ ਸ਼ੁਰੂ ਹੋਵੇਗੀ। ਉਨ੍ਹਾਂ ਕਿਹਾ ਕਿ ਤਿਉਹਾਰੀ ਸੀਜ਼ਨ ਤੇ ਕਿਸਾਨਾਂ ਦੇ ਮੰਡੀਆਂ ’ਚ ਰੁੱਝੇ ਹੋਣ ਕਾਰਨ ਯਾਤਰਾ ਦੀ ਤਰੀਕ ਬਦਲੀ ਗਈ ਹੈ। ਇਸ ਯਾਤਰਾ ਦੀ ਅਗਵਾਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਰਨਗੇ।

ਡਾ. ਚੀਮਾ ਨੇ ਇਹ ਵੀ ਦੱਸਿਆ ਕਿ ਪਾਰਟੀ ਵੱਲੋਂ ਵਪਾਰੀਆਂ ਤੇ ਉਦਯੋਗਪਤੀਆਂ ਨਾਲ ਮੁਲਾਕਾਤ ਕਰਨ ਲਈ ਵਿਸ਼ੇਸ਼ ਪ੍ਰੋਗਰਾਮ ਸ਼ੁਰੂ ਕੀਤਾ ਜਾਵੇਗਾ। ਇਸ ਤਹਿਤ 12 ਵਿਧਾਨ ਸਭਾ ਹਲਕਿਆਂ ਨੂੰ ਕਵਰ ਕੀਤਾ ਜਾਵੇਗਾ ਤੇ ਪਹਿਲੀਆਂ ਮੀਟਿੰਗਾਂ ਸੰਗਰੂਰ ਤੇ ਬਰਨਾਲਾ ’ਚ ਹੋਣਗੀਆਂ। ਇਨ੍ਹਾਂ ਮੁਲਾਕਾਤਾਂ ਦੌਰਾਨ ਵਪਾਰੀਆਂ ਤੇ ਉਦਯੋਗਪਤੀਆਂ ਦੀਆਂ ਸਮੱਸਿਆਵਾਂ ਤੇ ਸੁਝਾਅ ਸੁਣੇ ਜਾਣਗੇ।

ਇਸ ਦੌਰਾਨ ਮੀਟਿੰਗ ਵਿੱਚ ਸ਼੍ਰੋਮਣੀ ਕਮੇਟੀ ਮੈਂਬਰ ਸੂਬਾ ਸਿੰਘ ਡੱਬਵਾਲੀ ਤੇ ਅਮਰਜੀਤ ਸਿੰਘ ਭਲਾਈਪੁਰ ਦੇ ਅਕਾਲ ਚਲਾਣੇ ’ਤੇ ਦੁੱਖ ਪ੍ਰਗਟਾਉਂਦਿਆਂ ਉਨ੍ਹਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ।


author

Inder Prajapati

Content Editor

Related News