ਤੇਜ਼ ਰਫ਼ਤਾਰ ਕਾਰ ਨੇ ਸਵਾਰੀਆਂ ਨਾਲ ਭਰੀ ਵੈਨ ਨੂੰ ਪਿੱਛਿਓਂ ਮਾਰੀ ਟੱਕਰ, ਇਕ ਦੀ ਮੌਤ
Saturday, Oct 24, 2026 - 07:07 PM (IST)
ਲਾਲੜੂ (ਗੁਰਜੀਤ)- ਚੰਡੀਗੜ੍ਹ-ਅੰਬਾਲਾ ਹਾਈਵੇਅ 'ਤੇ ਘੋਲੂਮਾਜਰਾ ਪਿੰਡ ਨੇੜੇ ਤੇਜ਼ ਰਫ਼ਤਾਰ ਕਾਰ ਵੱਲੋਂ ਪਿੱਛਿਓਂ ਟੱਕਰ ਮਾਰਨ ਕਾਰਨ ਸਵਾਰੀਆਂ ਨਾਲ ਭਰੀ ਵੈਨ ਬੇਕਾਬੂ ਹੋ ਕੇ ਬਿਜਲੀ ਦੇ ਖੰਭੇ ਨਾਲ ਜਾ ਟਕਰਾਈ। ਇਸ ਹਾਦਸੇ 'ਚ ਗੰਭੀਰ ਜ਼ਖ਼ਮੀ ਹੋਏ ਇਕ ਨੌਜਵਾਨ ਨੂੰ ਚੰਡੀਗੜ੍ਹ ਦੇ ਸੈਕਟਰ-32 ਸਥਿਤ ਹਸਪਤਾਲ 'ਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ, ਜਦਕਿ ਵੈਨ ਚਾਲਕ ਸਮੇਤ ਹੋਰ ਸਵਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ। ਹਾਦਸੇ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਮ੍ਰਿਤਕ ਦੀ ਪਛਾਣ ਮੁਹੰਮਦ ਨਾਜ਼ਿਮ ਵਾਸੀ ਪਿੰਡ ਇਸਾਪੁਰ, ਥਾਣਾ ਭੋਰੀਪੁਰਾ, ਜ਼ਿਲ੍ਹਾ ਬਰੇਲੀ (ਉੱਤਰ ਪ੍ਰਦੇਸ਼) ਵਜੋਂ ਹੋਈ ਹੈ।
ਪੁਲਸ ਨੂੰ ਦਿੱਤੇ ਬਿਆਨਾਂ ਵਿੱਚ ਛੋਟੂ ਪੁੱਤਰ ਅਬਦੁਲ ਮਜੀਦ ਵਾਸੀ ਪਿੰਡ ਬਹਜੂਈਆ ਜਾਗੀਰ, ਥਾਣਾ ਸ਼ਿਵ, ਜ਼ਿਲ੍ਹਾ ਬਰੇਲੀ ਉੱਤਰ ਪ੍ਰਦੇਸ਼ ਨੇ ਦੱਸਿਆ ਕਿ ਸ਼ੁੱਕਰਵਾਰ ਕਰੀਬ 8 ਵਜੇ ਉਹ ਆਪਣੇ ਸਾਂਢੂ ਮੁਹੰਮਦ ਨਾਜ਼ਿਮ ਨਾਲ ਕੰਮ ਖ਼ਤਮ ਕਰਨ ਤੋਂ ਬਾਅਦ ਸਵਾਰੀਆਂ ਵਾਲੀ ਵੈਨ 'ਚ ਬੈਠ ਕੇ ਮੁਬਾਰਕਪੁਰ ਤੋਂ ਅੰਬਾਲਾ ਵੱਲ ਜਾ ਰਹੇ ਸਨ। ਵੈਨ ਵਿੱਚ ਹੋਰ ਸਵਾਰੀਆਂ ਵੀ ਮੌਜੂਦ ਸਨ। ਉਸ ਦਾ ਸਾਂਢੂ ਵੈਨ ਚਾਲਕ ਦੇ ਨਾਲ ਅਗਲੀ ਸੀਟ ’ਤੇ ਬੈਠਾ ਸੀ, ਜਦਕਿ ਉਹ ਪਿੱਛੇ ਬੈਠਾ ਗਿਆ।
ਇਹ ਵੀ ਪੜ੍ਹੋ: ਹੁਸ਼ਿਆਰਪੁਰ ਜ਼ਿਲ੍ਹੇ 'ਚ ਮਾਈਨਿੰਗ ਦੀ ਜਾਂਚ 'ਤੇ CBI ਦਾ ਸ਼ਿਕੰਜਾ! ਅਧਿਕਾਰੀ ਤੇ ਪਟਵਾਰੀ ਤਲਬ
ਜਦੋਂ ਵੈਨ ਘੋਲੂਮਾਜਰਾ ਪਿੰਡ ਨੇੜੇ ਪਹੁੰਚੀ ਤਾਂ ਪਿੱਛਿਓਂ ਆਈ ਇਕ ਤੇਜ਼ ਰਫ਼ਤਾਰ ਆਲਟੋ ਕਾਰ ਦੇ ਅਣਪਛਾਤੇ ਚਾਲਕ ਨੇ ਲਾਪਰਵਾਹੀ ਨਾਲ ਵੈਨ ਨੂੰ ਟੱਕਰ ਮਾਰ ਦਿੱਤੀ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ। ਟੱਕਰ ਕਾਰਨ ਵੈਨ ਬੇਕਾਬੂ ਹੋ ਕੇ ਬਿਜਲੀ ਦੇ ਖੰਭੇ ਨਾਲ ਜਾ ਟਕਰਾਈ। ਇਸ ਹਾਦਸੇ ਵਿੱਚ ਮੁਹੰਮਦ ਨਾਜ਼ਿਮ ਦੇ ਸਿਰ ’ਤੇ ਗੰਭੀਰ ਸੱਟਾਂ ਲੱਗੀਆਂ, ਜਦਕਿ ਵੈਨ ਚਾਲਕ ਸਮੇਤ ਹੋਰ ਸਵਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ। ਗੰਭੀਰ ਜ਼ਖ਼ਮੀ ਨਾਜ਼ਿਮ ਨੂੰ ਚੰਡੀਗੜ੍ਹ ਦੇ ਸੈਕਟਰ-32 ਸਥਿਤ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਜਾਂਚ ਅਧਿਕਾਰੀ ਕੁਲਦੀਪ ਸਿੰਘ ਨੇ ਦੱਸਿਆ ਕਿ ਛੋਟੂ ਦੇ ਬਿਆਨਾਂ ਦੇ ਆਧਾਰ ’ਤੇ ਆਲਟੋ ਕਾਰ ਦੇ ਅਣਪਛਾਤੇ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਅਕਾਲੀ ਦਲ 'ਚ ਵਾਪਸੀ ਦੀਆਂ ਅਟਕਲਾਂ ਵਿਚਾਲੇ ਬੀਬੀ ਜਗੀਰ ਕੌਰ ਦੇ ਘਰ ਪਹੁੰਚੇ ਧਾਮੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
