ਨਾਬਾਲਗ ਅਤੇ ਉਸ ਦੇ ਦੋਸਤ ’ਤੇ ਚਾਕੂ ਨਾਲ ਹਮਲਾ, 3 ਕਾਬੂ
Monday, Feb 12, 2024 - 02:11 PM (IST)

ਚੰਡੀਗੜ੍ਹ (ਸੁਸ਼ੀਲ) : ਮਲੋਆ ਦੀ ਮਾਰਕਿਟ 'ਚ ਜਾ ਰਹੇ ਇਕ ਨਾਬਾਲਗ ਅਤੇ ਉਸ ਦੇ ਦੋਸਤ ’ਤੇ ਤਿੰਨ ਨੌਜਵਾਨ ਚਾਕੂ ਨਾਲ ਹਮਲਾ ਕਰ ਕੇ ਫ਼ਰਾਰ ਹੋ ਗਏ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਦੋਹਾਂ ਨੂੰ ਸੈਕਟਰ-16 ਦੇ ਜਨਰਲ ਹਸਪਤਾਲ ਵਿਚ ਦਾਖ਼ਲ ਕਰਵਾਇਆ। ਮਲੋਆ ਥਾਣਾ ਪੁਲਸ ਨੇ ਨਾਬਾਲਗ ਦੇ ਬਿਆਨ ਦਰਜ ਕਰ ਕੇ ਉਸ ’ਤੇ ਹਮਲਾ ਕਰਨ ਵਾਲੇ ਮਲੋਆ ਨਿਵਾਸੀ ਭੁਪਿੰਦਰ, ਮਾਨਵ ਅਤੇ ਆਦੀ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ। ਅਦਾਲਤ ਨੇ ਮੁਲਜ਼ਮਾਂ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ। ਸ਼ਿਕਾਇਤਕਰਤਾ 17 ਸਾਲਾ ਨਾਬਾਲਗ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਆਪਣੇ ਦੋਸਤ ਨਾਲ ਮਲੋਆ ਬਾਜ਼ਾਰ ਜਾ ਰਿਹਾ ਸੀ।
ਜਦੋਂ ਉਹ ਮਕਾਨ ਨੰਬਰ 3814 ਨੇੜੇ ਪਹੁੰਚੇ ਤਾਂ ਤਿੰਨ ਨੌਜਵਾਨਾਂ ਭੁਪਿੰਦਰ, ਮਾਨਵ ਅਤੇ ਆਦੀ ਨੇ ਉਨ੍ਹਾਂ ਦਾ ਰਸਤਾ ਰੋਕ ਲਿਆ। ਪੁਰਾਣੀ ਰੰਜਿਸ਼ ਤਹਿਤ ਤਿੰਨੇ ਨੌਜਵਾਨ ਬਹਿਸ ਕਰਨ ਮਗਰੋਂ ਕੁੱਟਮਾਰ ਕਰਨ ਲੱਗੇ। ਜਦੋਂ ਉਨ੍ਹਾਂ ਨੇ ਕੁੱਟਮਾਰ ਦਾ ਵਿਰੋਧ ਕੀਤਾ ਤਾਂ ਹਮਲਾਵਰਾਂ ਨੇ ਚਾਕੂ ਕੱਢ ਕੇ ਉਸ ’ਤੇ ਤੇ ਉਸ ਦੇ ਦੋਸਤ ’ਤੇ ਹਮਲਾ ਕਰ ਦਿੱਤਾ ਤੇ ਫਰਾਰ ਹੋ ਗਏ। ਉਸ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਦੋਵਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ। ਮਲੋਆ ਥਾਣਾ ਪੁਲਸ ਨੇ ਹਸਪਤਾਲ ਵਿਚ ਨਾਬਾਲਗ ਦੇ ਬਿਆਨ ਦਰਜ ਕਰ ਕੇ ਉਕਤ ਹਮਲਾਵਰਾਂ ਖਿਲਾਫ਼ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।