ਬਲੈਕਮੇਲ ਕਰਕੇ ਫਿਰੌਤੀ ਮੰਗਣ ਵਾਲੇ 3 ਗ੍ਰਿਫ਼ਤਾਰ, ਇਕ ਲੱਖ ਰੁਪਏ ਬਰਾਮਦ
Friday, Jul 01, 2022 - 10:05 PM (IST)
ਫਗਵਾੜਾ (ਜਲੋਟਾ)-ਫਗਵਾੜਾ ਪੁਲਸ ਨੇ ਬਲੈਕਮੇਲ ਕਰ ਕੇ ਫਿਰੌਤੀ ਮੰਗਣ ਵਾਲੇ 3 ਲੋਕਾਂ ਨੂੰ ਕਾਬੂ ਕੀਤਾ ਹੈ, ਜਿਸ ’ਚ 2 ਔਰਤਾਂ ਵੀ ਸ਼ਾਮਲ ਹਨ। ਐੱਸ. ਐੱਸ. ਪੀ. ਕਪੂਰਥਲਾ ਰਾਜਬਚਨ ਸਿੰਘ ਸੰਧੂ ਨੇ ਦੱਸਿਆ ਕਿ ਫਗਵਾੜਾ ਪੁਲਸ ਵੱਲੋਂ ਸਬ- ਇੰਸਪੈਕਟਰ ਅਮਨਦੀਪ ਨਾਹਰ ਮੁੱਖ ਅਫਸਰ ਥਾਣਾ ਸਿਟੀ ਫਗਵਾੜਾ ਦੀ ਅਗਵਾਈ ਹੇਠ ਤਜਿੰਦਰ ਸਿੰਘ ਪੁੱਤਰ ਸਵਰਗੀ ਸੁਹੇਲ ਸਿੰਘ ਵਾਸੀ ਹਰਗੋਬਿੰਦ ਨਗਰ ਫਗਵਾੜਾ ਦੀ ਸ਼ਿਕਾਇਤ ’ਤੇ ਕਾਬੂ ਕੀਤੇ ਗਏ ਵਿਅਕਤੀਆਂ ਵਿਰੁੱਧ ਮੁਕੱਦਮਾ ਨੰਬਰ 116 ਧਾਰਾ 384, 506, 120 ਬੀ ਤਹਿਤ ਥਾਣਾ ਸਿਟੀ ਫਗਵਾੜਾ ਵਿਖੇ ਦਰਜ ਕੀਤਾ ਗਿਆ ਹੈ। ਕਾਬੂ ਕੀਤੇ ਗਏ ਵਿਅਕਤੀਆਂ ’ਚ ਬਲਬੀਰ ਕੌਰ ਪਤਨੀ ਬਲਬੀਰ ਸਿੰਘ ਵਾਸੀ ਕੁਹਾਰਪੁਰ ਜ਼ਿਲ੍ਹਾ ਹੁਸ਼ਿਆਰਪੁਰ, ਵੰਦਨਾ ਪੁੱਤਰੀ ਹਰਜਿੰਦਰ ਕੁਮਾਰ ਵਾਸੀ ਬਹਿਬਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਤੇ ਅਵਤਾਰ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਬਹਿਬਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਸ਼ਾਮਿਲ ਹਨ। ਇਨ੍ਹਾਂ ਕੋਲੋਂ 1 ਲੱਖ ਰੁਪਏ ਵੀ ਬਰਾਮਦ ਕੀਤੇ ਗਏ ਹਨ ਤੇ ਕੱਲ੍ਹ 2 ਜੁਲਾਈ ਨੂੰ ਇਨ੍ਹਾਂ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਤਜਿੰਦਰ ਸਿੰਘ ਵੱਲੋਂ ਦਿੱਤੀ ਸ਼ਿਕਾਇਤ ਅਨੁਸਾਰ ਕਾਬੂ ਕੀਤਾ ਗਿਆ ਵਿਅਕਤੀ ਤੇ ਔਰਤਾਂ ਉਸ ਨੂੰ ਧੱਕੇ ਨਾਲ ਬਣਾਈ ਅਸ਼ਲੀਲ ਵੀਡੀਓ ਜਨਤਕ ਕਰਨ ਦਾ ਡਰਾਵਾ ਦੇ ਕੇ ਫਿਰੌਤੀ ਮੰਗ ਰਹੇ ਸਨ।
ਇਹ ਖ਼ਬਰ ਵੀ ਪੜ੍ਹੋ : ਵਿਜੀਲੈਂਸ ਨੇ ਪੰਚਾਇਤ ਸਕੱਤਰ ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ
ਉਸ ਨੇ ਦੱਸਿਆ ਕਿ ਉਸ ਦੀ ਦੁਕਾਨ ਉੱਪਰ ਬਲਬੀਰ ਕੌਰ ਦਾ ਆਉਣਾ ਸੀ, ਜਿਸ ਕਰਕੇ ਬਲਬੀਰ ਕੌਰ ਨੇ ਉਸ ਨੂੰ ਭਰਮਾ ਲਿਆ ਤੇ ਉਸ ਕੋਲੋਂ 30 ਹਜ਼ਾਰ ਰੁਪਏ ਉਧਾਰ ਲੈ ਲਏ। ਉਸ ਨੇ ਦੱਸਿਆ ਕਿ ਜਦ ਉਸ ਨੇ ਬਲਬੀਰ ਕੌਰ ਕੋਲੋਂ ਦਿੱਤੇ ਪੈਸੇ ਵਾਪਸ ਮੰਗੇ ਤਾਂ ਉਸ ਨੇ ਕੁਹਾਰਪੁਰ ਪਿੰਡ ਆ ਕੇ ਪੈਸੇ ਲੈਣ ਲਈ ਕਿਹਾ, ਜਿੱਥੇ ਅਵਤਾਰ ਸਿੰਘ ਤੇ ਵੰਦਨਾ ਵੀ ਹਾਜ਼ਰ ਸਨ। ਉਸ ਨੇ ਦੱਸਿਆ ਕਿ ਪਹਿਲਾਂ ਬਣਾਈ ਯੋਜਨਾ ਅਨੁਸਾਰ ਬਲਬੀਰ ਕੌਰ ਤੇ ਵੰਦਨਾ ਤੇ ਅਵਤਾਰ ਸਿੰਘ ਨੇ ਉਸ ਦੀ ਜਬਰੀ ਵੀਡੀਓ ਬਣਾਈ ਤੇ ਉਸ ਨੂੰ ਜਨਤਕ ਕਰਨ ਦੀ ਧਮਕੀ ਦੇ ਕੇ 5 ਲੱਖ ਰੁਪਏ ਦੀ ਫਿਰੌਤੀ ਮੰਗੀ ਤੇ ਕਿਹਾ ਕਿ 30 ਜੂਨ ਨੂੰ 1 ਲੱਖ ਰੁਪਏ ਬੱਸ ਸਟੈਂਡ ਫਗਵਾੜਾ ਵਿਖੇ ਲਿਆਵੇ। ਇਸ ਪਿੱਛੋਂ ਬਾਕੀ 4 ਲੱਖ ਰੁਪਏ ਲੈਣ ਲਈ ਸ਼ਿਕਾਇਤਕਰਤਾ ਨੂੰ ਧਮਕੀ ਦਿੱਤੀ ਗਈ, ਜਿਸ ਸਬੰਧੀ ਸ਼ਿਕਾਇਤ ’ਤੇ ਕਾਰਵਾਈ ਕਰਦੇ ਹੋਏ ਪੁਲਸ ਵੱਲੋਂ ਵਿਸ਼ੇਸ਼ ਟੀਮ ਗਠਿਤ ਕੀਤੀ ਗਈ, ਜਿਸ ਨੇ ਬਲੈਕਮੇਲ ਕਰਨ ਵਾਲੇ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਇਹ ਖ਼ਬਰ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਦਾ ਪੰਜਾਬੀਆਂ ਨੂੰ ਵੱਡਾ ਤੋਹਫ਼ਾ, ਬਿਜਲੀ ਬਿੱਲਾਂ ਨੂੰ ਲੈ ਕੇ ਕੀਤਾ ਨਵਾਂ ਐਲਾਨ
ਬਲੈਕਮੇਲ ਕਰ ਫਿਰੌਤੀ ਮੰਗਣ ਵਾਲੇ ਮੁਲਜ਼ਮਾਂ ਤੋਂ ਸਖ਼ਤੀ ਨਾਲ ਕੀਤੀ ਜਾ ਰਹੀ ਪੁੱਛਗਿੱਛ : SP ਹਰਿੰਦਰਪਾਲ ਸਿੰਘ
ਜਗ ਬਾਣੀ ਨਾਲ ਗੱਲਬਾਤ ਕਰਦੇ ਹੋਏ ਫਗਵਾੜਾ ਦੇ ਐੱਸ.ਪੀ. ਹਰਿੰਦਰਪਾਲ ਸਿੰਘ ਨੇ ਦੱਸਿਆ ਕਿ ਪੁਲਸ ਬਲੈਕਮੇਲ ਕਰ ਕੇ ਫਿਰੌਤੀ ਮੰਗਣ ਵਾਲੇ ਗ੍ਰਿਫ਼ਤਾਰ ਕੀਤਾ ਗਏ ਮੁਲਜ਼ਮਾਂ ਤੋਂ ਸਖ਼ਤੀ ਨਾਲ ਪੁੱਛਗਿੱਛ ਕਰ ਰਹੀ ਹੈ ਅਤੇ ਇਸ ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ। ਇਹ ਪੁੱਛੇ ਜਾਣ ਤੇ ਕਿ ਕੀ ਇਨ੍ਹਾਂ ਮੁਲਜ਼ਮਾਂ ਵੱਲੋਂ ਇਸ ਤੋਂ ਪਹਿਲਾਂ ਵੀ ਕੁਝ ਮਾਸੂਮ ਲੋਕਾਂ ਨੂੰ ਇਸੇ ਤਰ੍ਹਾਂ ਬਲੈਕਮੇਲ ਕਰ ਉਨ੍ਹਾਂ ਤੋਂ ਫਿਰੌਤੀਆਂ ਤਾਂ ਨਹੀਂ ਵਸੂਲੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸ ਤੱਥ ਸਬੰਧੀ ਪੁਲਸ ਪੁੱਛਗਿੱਛ ਪੂਰੀ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ। ਉਨ੍ਹਾਂ ਕਿਹਾ ਕਿ ਜਦ ਤਕ ਪੁਲਸ ਜਾਂਚ ਜਾਰੀ ਹੈ, ਤਦ ਤਕ ਕਿਸੇ ਵੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਪੁਲਸ ਜਾਂਚ ਜਾਰੀ ਹੈ।