2019 ''ਚ ਨਹੀਂ ਚੱਲੇਗਾ ਮੋਦੀ ਦਾ ਜਾਦੂ : ਗੁਰਜੀਤ ਔਜਲਾ

Tuesday, Apr 03, 2018 - 10:54 AM (IST)

ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ, ਭਾਟੀਆ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੇਸ਼ੱਕ 2019 'ਚ ਲੋਕ ਸਭਾ ਦੇ ਨਾਲ ਵਿਧਾਨ ਸਭਾ ਦੀਆਂ ਚੋਣਾਂ ਇਕੱਠੀਆਂ ਕਰਾ ਲੈਣ ਪਰ ਇਸ ਵਾਰ ਮੋਦੀ ਦਾ ਕੋਈ ਵੀ ਜਾਦੂ ਨਹੀਂ ਚੱਲੇਗਾ। ਇਹ ਪ੍ਰਗਟਾਵਾ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਕਾਂਗਰਸੀ ਆਗੂ ਦਰਸ਼ਨ ਸਿੰਘ ਬਘਿਆੜੀ ਦੇ ਗ੍ਰਹਿ ਸਥਿਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਦੇਸ਼ ਦੀ ਜਨਤਾ ਨੂੰ ਅੱਛੇ ਦਿਨ ਆਉਣ ਦੇ ਝੂਠੇ ਸੁਪਨੇ ਵਿਖਾ ਕੇ ਦੇਸ਼ ਦੀ ਸੱਤਾ ਹਥਿਆਉਣ ਵਾਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐੱਨ. ਡੀ. ਏ. ਸਰਕਾਰ ਤੋਂ ਦੇਸ਼ ਦਾ ਹਰ ਵਰਗ ਪੂਰੀ ਤਰ੍ਹਾਂ ਦੁਖੀ ਹੈ। ਨੋਟਬੰਦੀ, ਜੀ. ਐੱਸ. ਟੀ. ਵਰਗੀਆਂ ਲੋਕ ਮਾਰੂ ਨੀਤੀਆਂ ਨੇ ਜਿੱਥੇ ਦੇਸ਼ ਦੇ ਅਰਥਚਾਰੇ ਅਤੇ ਆਰਥਿਕਤਾ ਨੂੰ ਝੰਜੋੜ ਕੇ ਰੱਖ ਦਿੱਤਾ ਹੈ, ਉਥੇ ਹੀ ਇਸ ਸਰਕਾਰ ਦੇ ਕਾਰਜਕਾਲ ਦੌਰਾਨ ਵੱਡੇ-ਵੱਡੇ ਘੁਟਾਲਿਆਂ ਨੇ ਦੇਸ਼ ਨੂੰ ਸ਼ਰਮਸਾਰ ਕੀਤਾ ਹੈ। ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸਰਹੱਦੀ ਖੇਤਰ ਨੂੰ ਕੁਝ ਨਹੀਂ ਦਿੱਤਾ ਹੈ। ਇਕ ਸਵਾਲ ਦੇ ਜੁਆਬ 'ਚ ਔਜਲਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦੂਰ ਅੰਦੇਸ਼ੀ ਸੋਚ ਵਾਲਾ ਸਿਆਸਤਦਾਨ ਕਰਾਰ ਦਿੰਦਿਆਂ ਕਿਹਾ ਕਿ ਅਗਲੇ ਚਾਰ ਸਾਲਾਂ ਦੌਰਾਨ ਜੋ ਨਵੀਆਂ ਯੋਜਨਾਵਾਂ ਸੂਬਾ ਸਰਕਾਰ ਲੈ ਕੇ ਆ ਰਹੀ ਹੈ ਉਸ ਨਾਲ ਪੰਜਾਬ ਵਾਸੀ ਖੁਸ਼ਹਾਲ ਹੋਣਗੇ, ਸੂਬੇ ਦਾ ਅਰਥਚਾਰਾ ਮਜ਼ਬੂਤ ਹੋਵੇਗਾ, ਵਿਕਾਸ ਅਤੇ ਉੱਨਤੀ ਦੇ ਨਵੇਂ ਕੀਰਤੀਮਾਨ ਸਥਾਪਤ ਹੋਣਗੇ। ਪੰਜਾਬ ਅੰਦਰੋਂ ਨਸ਼ਾਖੋਰੀ ਨੂੰ ਠੱਲ੍ਹ ਨਾ ਪੈਣ ਦੇ ਜੁਆਬ 'ਚ ਔਜਲਾ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਇਕ ਸਾਲ ਦੇ ਰਾਜ ਦੌਰਾਨ ਨਸ਼ਿਆਂ ਦੇ ਨੈੱਟਵਰਕ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। 
ਇਸ ਮੌਕੇ ਕਾਂਗਰਸ ਦੇ ਸੂਬਾ ਸਕੱਤਰ ਰਣਜੀਤ ਸਿੰਘ ਰਾਣਾ ਗੰਡੀਵਿੰਡ, ਸੂਬਾ ਸਕੱਤਰ ਕਾਂਗਰਸ ਸਰਵਨ ਸਿੰਘ ਧੁੰਨ, ਕਿਰਨਜੀਤ ਸਿੰਘ ਮਿੱਠਾ ਮਾੜੀਮੇਘਾ, ਦਰਸ਼ਨ ਸਿੰਘ ਬਘਿਆੜੀ, ਸਾਬਕਾ ਸਰਪੰਚ ਸਰਵਨ ਸਿੰਘ ਸੋਹਲ, ਨਿਰਮਲ ਸਿੰਘ ਬਘਿਆੜੀ, ਪਰਮਿੰਦਰਜੀਤ ਸਿੰਘ ਵਿੱਕੀ ਝਬਾਲ ਖੁਰਦ, ਹਰਜਿੰਦਰ ਸਿੰਘ ਸੇਖੋਂ, ਰਮਨ ਕੁਮਾਰ ਪ੍ਰਾਪਰਟੀ ਡੀਲਰ, ਭਾਗਾ ਸੋਹਲ, ਸੈਲੀ ਸੋਹਲ ਆਦਿ ਹਾਜ਼ਰ ਸਨ।


Related News