ਖ਼ਰਾਬੀ ਦੀਆਂ 2000 ਸ਼ਿਕਾਇਤਾਂ : ਟਰਾਂਸਫਾਰਮਰਾਂ ਦੇ ਧੜਾਧੜ ਉੱਡ ਰਹੇ ਫਿਊਜ਼, ਸ਼ੁਰੂ ਹੋਈ ਬਿਜਲੀ ਦੀ ਲੁਕਣਮੀਟੀ

Tuesday, May 23, 2023 - 06:04 PM (IST)

ਖ਼ਰਾਬੀ ਦੀਆਂ 2000 ਸ਼ਿਕਾਇਤਾਂ : ਟਰਾਂਸਫਾਰਮਰਾਂ ਦੇ ਧੜਾਧੜ ਉੱਡ ਰਹੇ ਫਿਊਜ਼, ਸ਼ੁਰੂ ਹੋਈ ਬਿਜਲੀ ਦੀ ਲੁਕਣਮੀਟੀ

ਜਲੰਧਰ (ਪੁਨੀਤ) : ਗਰਮੀ ਵਧਣ ਨਾਲ ਬਿਜਲੀ ਦੀ ਖਪਤ ’ਚ ਭਾਰੀ ਉਛਾਲ ਦੇਖਣ ਨੂੰ ਮਿਲ ਰਿਹਾ ਹੈ, ਜਿਸ ਨਾਲ ਟਰਾਂਸਫਾਰਮਰ ਓਵਰਲੋਡ ਹੋ ਰਹੇ ਹਨ, ਜੋ ਕਿ ਖਪਤਕਾਰਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਦਾ ਜਾ ਰਿਹਾ ਹੈ। ਫਾਲਟ ਕਾਰਨ ਦੇਰ ਰਾਤ ਤੱਕ ਸ਼ਹਿਰ ਦੇ ਕਈ ਇਲਾਕਿਆਂ ’ਚ 4-5 ਘੰਟੇ ਤੱਕ ਬਿਜਲੀ ਬੰਦ ਰਹੀ, ਜਿਸ ਨਾਲ ਲੋਕਾਂ ’ਚ ਭਾਰੀ ਰੋਸ ਦੇਖਣ ਨੂੰ ਮਿਲਿਆ। ਸਰਕਲ ’ਚ ਬਿਜਲੀ ਦੀ ਖਰਾਬੀ ਦੀਆਂ 2000 ਤੋਂ ਵੱਧ ਸ਼ਿਕਾਇਤਾਂ ਪ੍ਰਾਪਤ ਹੋਈਆਂ। ਓਵਰਲੋਡ ਹੋਣ ਨਾਲ ਟਰਾਂਸਫਾਰਮਰਾਂ ਦੇ ਫਿਊਜ਼ ਧੜਾਧੜ ਉੱਡਣ ਲੱਗੇ ਹਨ, ਜਿਸ ਨਾਲ ਬਿਜਲੀ ਦੀ ਲੁਕਣਮੀਟੀ ਸ਼ੁਰੂ ਹੋ ਚੁੱਕੀ ਹੈ। ਘੱਟ ਵੋਲਟੇਜ ਦੀ ਇਹ ਸਮੱਸਿਆ ਲੋਕਾਂ ਵਾਸਤੇ ਜੀਅ ਦਾ ਜੰਜਾਲ ਬਣਦੀ ਜਾ ਰਹੀ ਹੈ। ਕਈ ਫੀਡਰਾਂ ਅਧੀਨ ਰਿਪੇਅਰ ਕਰਵਾਉਣ ਤੋਂ ਬਾਅਦ ਬਿਜਲੀ ਚਾਲੂ ਕਰਦੇ ਹੀ ਦੂਜੇ ਇਲਾਕੇ ਦਾ ਟਰਾਂਸਫਾਰਮਰ ਉੱਡ ਗਿਆ, ਜਿਸ ਨਾਲ ਦੁਬਾਰਾ ਬਿਜਲੀ ਬੰਦ ਕਰਵਾ ਕੇ ਫਾਲਟ ਠੀਕ ਕਰਨਾ ਪਿਆ। ਇਸ ਕਾਰਨ ਅਣਐਲਾਨੇ ਕੱਟਾਂ ਵਿਚ ਵਾਧਾ ਹੋ ਰਿਹਾ ਹੈ। ਏ. ਸੀ. ਦੀ ਵਧ ਰਹੀ ਵਰਤੋਂ ਨਾਲ ਸ਼ਹਿਰ ਦੇ ਦਰਜਨਾਂ ਇਲਾਕਿਆਂ ਵਿਚ ਅੱਜ ਟਰਾਂਸਫਾਰਮਰਾਂ ਵਿਚ ਫਾਲਟ ਦੀ ਸਮੱਸਿਆ ਸਾਹਮਣੇ ਆਈ, ਜਿਸ ਕਰ ਕੇ ਲੋਕਾਂ ਨੂੰ ਘੰਟਿਆਬੱਧੀ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪਿਆ। ਵਿਭਾਗੀ ਜਾਣਕਾਰਾਂ ਦਾ ਕਹਿਣਾ ਸੀ ਕਿ ਗਰਮੀ ਵਧਣ ਕਾਰਨ ਬਿਜਲੀ ਦੀ ਵਰਤੋਂ ਸਿਖਰ ’ਤੇ ਪਹੁੰਚਣ ਲੱਗੀ ਹੈ, ਜਿਸ ਕਾਰਨ ਟਰਾਂਸਫਾਰਮਰ ਓਵਰਲੋਡ ਹੋਣੇ ਸ਼ੁਰੂ ਹੋ ਚੁੱਕੇ ਹਨ। ਟਰਾਂਸਫਾਰਮਰਾਂ ਦਾ ਲੋਡ ਵਧਦੇ ਹੀ ਉਨ੍ਹਾਂ ਦੇ ਫਿਊਜ਼ ਉੱਡਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ, ਜਿਹੜਾ ਕਿ ਆਉਣ ਵਾਲੇ ਦਿਨਾਂ ਵਿਚ ਭਿਆਨਕ ਰੂਪ ਧਾਰਨ ਕਰ ਸਕਦਾ ਹੈ। ਆਲਮ ਇਹ ਹੈ ਕਿ ਘੱਟ ਵੋਲਟੇਜ ਕਾਰਨ ਲੋਕਾਂ ਦੇ ਘਰਾਂ ਵਿਚ ਬਿਜਲੀ ਦੇ ਕਈ ਉਪਕਰਨ ਚੱਲਣ ਵਿਚ ਅਸਮਰੱਥ ਹੋ ਰਹੇ ਹਨ। ਬਿਜਲੀ ਦੀ ਲੁਕਣਮੀਟੀ ਕਾਰਨ ਏ. ਸੀ. ਦੀ ਕੂਲਿੰਗ ਬਹੁਤ ਘਟ ਚੁੱਕੀ ਹੈ, ਜਿਸ ਕਾਰਨ ਲੋਕਾਂ ਨੂੰ ਇਸ ਭਿਆਨਕ ਗਰਮੀ ਵਿਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਲਮ ਇਹ ਹੈ ਕਿ ਏ. ਸੀ. ਚਾਲੂ ਤਾਂ ਹੋ ਰਹੇ ਹਨ ਪਰ ਉਨ੍ਹਾਂ ਨੂੰ ਪੂਰਾ ਲੋਡ ਨਾ ਮਿਲਣ ਕਰ ਕੇ ਉਨ੍ਹਾਂ ਦਾ ਕੰਪੈਸਟਰ ਚਾਲੂ ਹੋਣ ਵਿਚ ਕਾਫੀ ਸਮਾਂ ਲੱਗ ਿਰਹਾ ਹੈ, ਜਿਸ ਕਰਕੇ ਕੂਲਿੰਗ ਤੁਰੰਤ ਸ਼ੁਰੂ ਨਹੀਂ ਹੋ ਪਾ ਰਹੀ।

ਇਹ ਵੀ ਪੜ੍ਹੋ : ਦੋ ਵਾਰ ਜ਼ਮੀਨ ਦਾ ਮੁਆਵਜ਼ਾ ਨਾ ਲੈ ਜਾਏ ਕੋਈ, ਤੁਰੰਤ ਕਰੋ ਇੰਤਕਾਲ, ਜਾਰੀ ਕੀਤੇ ਨਿਰਦੇਸ਼

ਸ਼ਹਿਰ ਦਾ ਸ਼ਾਇਦ ਹੀ ਕੋਈ ਅਜਿਹਾ ਇਲਾਕਾ ਹੋਵੇਗਾ, ਜਿਥੇ ਬਿਜਲੀ ਦੀ ਖਰਾਬੀ ਦੀ ਸਮੱਸਿਆ ਸੁਣਨ ਨੂੰ ਨਾ ਮਿਲ ਰਹੀ ਹੋਵੇ। ਵਧੇਰੇ ਇਲਾਕਿਆਂ ਦੇ ਲੋਕਾਂ ਦਾ ਕਹਿਣਾ ਹੈ ਕਿ ਸਵੇਰ ਤੋਂ ਵਾਰ-ਵਾਰ ਬਿਜਲੀ ਦਾ ਆਉਣਾ-ਜਾਣਾ ਉਨ੍ਹਾਂ ਦੀ ਡੇਲੀ ਰੁਟੀਨ ਨੂੰ ਖਰਾਬ ਕਰ ਚੁੱਕਾ ਹੈ। ਅਣਐਲਾਨੇ ਕੱਟਾਂ ਕਾਰਨ ਬੱਚੇ ਆਸਾਨੀ ਨਾਲ ਪੜ੍ਹਾਈ ਨਹੀਂ ਕਰ ਪਾ ਰਹੇ। ਘਰਾਂ ਦੇ ਰੁਟੀਨ ਵਿਚ ਹੋਣ ਵਾਲੇ ਕੰਮ ਵੀ ਨਹੀਂ ਹੋ ਪਾ ਰਹੇ, ਜਿਸ ਕਰ ਕੇ ਰਸੋਈ ਦਾ ਕੰਮਕਾਜ ਵੀ ਪ੍ਰਭਾਵਿਤ ਹੋ ਰਿਹਾ ਹੈ। ਸ਼ਿਕਾਇਤਾਂ ਬਾਰੇ ਅਧਿਕਾਰੀਆਂ ਨੇ ਕਿਹਾ ਕਿ ਰਿਪੇਅਰ ਕਰਨ ਕਰ ਕੇ ਫੀਡਰ ਬੰਦ ਹੋਣ ਨਾਲ ਇਕ ਹੀ ਇਲਾਕੇ ਦੇ ਸੈਂਕੜੇ ਲੋਕਾਂ ਦੀਆਂ ਸ਼ਿਕਾਇਤਾਂ ਆਉਣ ਲੱਗਦੀਆਂ ਹਨ। ਫੀਡਰ ਚਾਲੂ ਹੁੰਦੇ ਹੀ ਪੂਰੇ ਇਲਾਕੇ ਦੀ ਸਮੱਸਿਆ ਦਾ ਹੱਲ ਹੋ ਜਾਂਦਾ ਹੈ।

PunjabKesari

ਦਿਹਾਤੀ ’ਚ ਲੱਗ ਰਹੇ ਕਈ-ਕਈ ਘੰਟਿਆਂ ਦੇ ਕੱਟ
ਦਿਹਾਤੀ ਇਲਾਕੇ ਵਿਚ ਕਈ-ਕਈ ਘੰਟਿਆਂ ਦੇ ਅਣਐਲਾਨੇ ਕੱਟ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਨੇ ਸ਼ੁਰੂ ਹੋ ਚੁੱਕੇ ਹਨ। ਇਨ੍ਹਾਂ ਕੱਟਾਂ ਕਾਰਨ ਲੋਕਾਂ ਨੂੰ ਪੈਡੀ ਸੀਜ਼ਨ ਦੌਰਾਨ ਦਿੱਤੀ ਜਾਣ ਵਾਲੀ ਸਪਲਾਈ ਨੂੰ ਲੈ ਕੇ ਭੰਬਲਭੂਸੇ ਵਾਲੀ ਸਥਿਤੀ ਪੈਦਾ ਹੋਣ ਲੱਗੀ ਹੈ। ਲੋਕਾਂ ਦਾ ਕਹਿਣਾ ਹੈ ਕਿ ਹੁਣ ਤੋਂ ਹੀ ਇਹ ਆਲਮ ਹੈ ਤਾਂ ਆਉਣ ਵਾਲੇ ਿਦਨਾਂ ਵਿਚ ਐਗਰੀਕਲਚਰ ਸਪਲਾਈ ਦੇਣ ਸਮੇਂ ਹਾਲਤ ਹੋਰ ਵੀ ਤਰਸਯੋਗ ਹੋ ਸਕਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਵਿਭਾਗ ਨੂੰ ਸਪਲਾਈ ਸਿਸਟਮ ’ਚ ਸੁਧਾਰ ਕਰਨਾ ਚਾਹੀਦਾ ਹੈ।

ਸੁਚਾਰੂ ਸਪਲਾਈ ’ਤੇ ਵਿਭਾਗ ਦੀ ਪੂਰੀ ਨਜ਼ਰ : ਇੰਜੀ. ਸਾਰੰਗਲ
ਚੀਫ ਇੰਜੀ. ਆਰ. ਐੱਲ. ਸਾਰੰਗਲ ਨੇ ਕਿਹਾ ਕਿ ਪਾਵਰਕਾਮ ਖਪਤਕਾਰਾਂ ਨੂੰ ਬਿਹਤਰ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਸੁਚਾਰੂ ਸਪਲਾਈ ਨੂੰ ਲੈ ਕੇ ਸੀਨੀਅਰ ਅਧਿਕਾਰੀਆਂ ਦੀ ਪੂਰੀ ਨਜ਼ਰ ਫੀਲਡ ਵਿਚ ਬਣੀ ਹੋਈ ਹੈ। ਫਾਲਟ ਆਉਣ ਦੀ ਸੂਚਨਾ ਮਿਲਦੇ ਹੀ ਸਟਾਫ ਨੂੰ ਤੁਰੰਤ ਮੌਕੇ ’ਤੇ ਭੇਜਿਆ ਜਾ ਰਿਹਾ ਹੈ। ਲੋਕ ਵਿਭਾਗ ਨੂੰ ਸਹਿਯੋਗ ਦੇਣ, ਕਿਸੇ ਵੀ ਤਰ੍ਹਾਂ ਦਾ ਕੋਈ ਐਲਾਨਿਆ ਕੱਟ ਨਹੀਂ ਲਾਇਆ ਜਾ ਰਿਹਾ।

 ਇਹ ਵੀ ਪੜ੍ਹੋ : ਵਿਰੋਧੀ ਪਾਰਟੀਆਂ ਨੇ ਸਿਰਫ ਬਿਆਨਬਾਜ਼ੀ ਕੀਤੀ, ਅਸਲੀ ਵਿਕਾਸ ਮਾਨ ਸਰਕਾਰ ਨੇ ਸ਼ੁਰੂ ਕਰਵਾਇਆ : ਹਰਪਾਲ ਚੀਮਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Anuradha

Content Editor

Related News