20 ਸਾਲ ਪਹਿਲਾਂ ਗੁੰਮ ਹੋਇਆ ਸੀ ਇਹ ਮਾਨਸਿਕ ਰੋਗੀ, ਹੁਣ ਪਰਿਵਾਰ ਨਾਲ ਮਿਲ ਕੇ ਹੋਇਆ ਖੁਸ਼

01/11/2017 1:37:21 PM

ਪੱਟੀ(ਸੌਰਭ)— ਮੱਧ ਪ੍ਰਦੇਸ਼ ਤੋਂ 20 ਸਾਲ ਪਹਿਲਾਂ ਗੁੰਮ ਹੋਇਆ ਮਾਨਸਿਕ ਤੌਰ ''ਤੇ ਬੀਮਾਰ ਬੱਚਾ ਬੀਤੇ ਦਿਨ ਪੱਟੀ ਵਿਖੇ ਲੱਭ ਗਿਆ। ਜਾਣਕਾਰੀ ਮੁਤਾਬਕ ਸੰਤ ਲਾਲ ਪੁੱਤਰ ਪੰਨਾ ਲਾਲ ਵਾਸੀ ਮਹਿਰੋਈ ਜ਼ਿਲਾ ਸੋਡਾਲ ਮੱਧ ਪ੍ਰਦੇਸ਼ ਨੇ ਦੱਸਿਆ ਕਿ ਉਸ ਦਾ ਭਰਾ ਗਨਪਤ ਰਾਮ ਘਰ ਤੋਂ 20 ਸਾਲ ਪਹਿਲਾਂ ਕੰਮ ਲਈ ਗਿਆ ਸੀ ਪਰ ਵਾਪਸ ਘਰ ਨਹੀਂ ਆਇਆ। ਉਨ੍ਹਾਂ ਨੇ ਉਸ ਦੀ ਗੁੰਮਸ਼ੁਦਗੀ ਬਾਰੇ ਸੋਡਾਲ ਪੁਲਸ ਨੂੰ ਰਿਪੋਰਟ ਵੀ ਲਿਖਵਾਈ ਸੀ। ਉਨ੍ਹਾਂ ਨੇ ਦੱਸਿਆ ਕਿ ਪੁੱਤਰ ਗੁੰਮ ਹੋਣ ਦੇ ਗਮ ''ਚ ਉਸ ਦੇ ਪਿਤਾ ਪੰਨਾ ਲਾਲ ਦੀ ਮੌਤ ਹੋ ਚੁੱਕੀ ਹੈ ਅਤੇ ਮਾਤਾ ਬੂੰਦੀ ਕੁਮਾਰੀ ਵੀ ਬੀਮਾਰ ਪਈ ਹੈ। ਉਨ੍ਹਾਂ ਨੂੰ ਪੱਟੀ ਵਾਸੀ ਠੇਕੇਦਾਰ ਗੁਰਬਾਜ਼ ਸਿੰਘ ਅਤੇ ਸੋਨੂੰ ਸਿੰਘ ਨੇ ਫੋਨ ਕਰ ਕੇ ਸੂਚਨਾ ਦਿੱਤੀ ਸੀ, ਜਿਸ ਕਰ ਕੇ ਉਹ ਬੀਤੇ ਦਿਨ ਪੱਟੀ ਆਏ ਸਨ। 
ਇਸ ਮੌਕੇ ਠੇਕੇਦਾਰ ਗੁਰਬਾਜ਼ ਸਿੰਘ ਨੇ ਦੱਸਿਆ ਕਿ ਉਹ ਗਨਪਤ ਰਾਮ ਨੂੰ ਰੇਲਵੇ ਸਟੇਸ਼ਨ ਦੇ ਨੇੜਲੇ ਢਾਬੇ ''ਤੇ ਕਈ ਸਾਲਾਂ ਤੋਂ ਕੰਮ ਕਰਦੇ ਵੇਖਦੇ ਰਹਿੰਦੇ ਸੀ। ਉਨ੍ਹਾਂ ਨੇ ਦੱਸਿਆ ਕਿ ਗਨਪਤ ਰਾਮ ਵੱਲੋਂ ਦੱਸੇ ਪਤੇ ''ਤੇ ਉਨ੍ਹਾਂ ਨੇ ਗੂਗਲ ''ਤੇ ਸਰਚ ਕਰ ਕੇ ਸੋਡਾਲ ਪੁਲਸ ਨੂੰ ਫੋਨ ਕੀਤਾ ਤਾਂ ਉਨ੍ਹਾਂ ਨੇ ਪਿੰਡ ਦੇ ਸਰਪੰਚ ਹੀਰਾ ਲਾਲ ਨਾਲ ਗੱਲਬਾਤ ਕੀਤੀ ਅਤੇ ਉਕਤ ਪਰਿਵਾਰ ਨੂੰ ਸੂਚਨਾ ਦਿੱਤੀ। ਬੀਤੇ ਦਿਨ ਪਰਿਵਾਰਕ ਮੈਂਬਰ ਸੰਤ ਲਾਲ ਆਪਣੇ ਭਰਾ ਗਨਪਤ ਰਾਮ ਨੂੰ ਵਾਪਸ ਆਪਣੇ ਪਿੰਡ ਮਹਿਰੋਈ ਲੈ ਗਏ। ਠੇਕੇਦਾਰ ਨੇ ਦੱਸਿਆ ਕਿ ਗਨਪਤ ਰਾਮ ਅਤੇ ਉਸ ਦੇ ਭਰਾ ਨੂੰ ਜਾਣ ਲਈ ਖਾਣਾ ਤੇ 3600 ਰੁਪਏ ਨਕਦ ਨਾਲ ਦਿੱਤੇ ਗਏ ਹਨ। ਗਨਪਤ ਰਾਮ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲ ਕੇ ਬਹੁਤ ਖੁਸ਼ ਸੀ ਅਤੇ ਪਿੰਡ ਜਾਣ ਲਈ ਬਹੁਤ ਉਤਾਵਲਾ ਸੀ। ਇਸ ਮੌਕੇ ਠੇਕੇਦਾਰ ਗੁਰਬਾਜ਼ ਸਿੰਘ, ਸੋਨੂੰ ਸਿੰਘ ਅਤੇ ਰਜਨੀਸ਼ ਕੁਮਾਰ ਦਾ ਹੀਰਾ ਲਾਲ ਸਰਪੰਚ ਨੇ ਧੰਨਵਾਦ ਵੀ ਕੀਤਾ।

Related News