ਗੈਂਗਰੇਪ ਦੇ ਮਾਮਲੇ ਵਿਚ ਦੋਸ਼ੀਆਂ ਨੂੰ 20-20 ਸਾਲ ਦੀ ਕੈਦ

Sunday, Feb 18, 2018 - 01:56 PM (IST)

ਜਲੰਧਰ (ਜਤਿੰਦਰ, ਭਾਰਦਵਾਜ)¸ਐਡੀਸ਼ਨਲ ਸੈਸ਼ਨ ਜੱਜ ਸ਼੍ਰੀਮਤੀ ਹਰਰੀਨ ਕੌਰ ਕਾਲਿਕਾ ਦੀ ਅਦਾਲਤ ਵਲੋਂ ਰਣਬੀਰ ਹੰਸ ਉਰਫ ਹਰਦੀਪ ਨਿਵਾਸੀ ਪਿੰਡ ਪਰਜੀਆਂ ਬਿਹਾਰੀਪੁਰ ਲੁਧਿਆਣਾ, ਰਣਜੀਤ ਸਿੰਘ ਨਿਵਾਸੀ ਅੰਬੇਡਕਰ ਨਗਰ ਜਲੰਧਰ ਅਤੇ ਮੋਨੂੰ ਉਰਫ ਹਰਦੀਪ ਬਾਂਸਲ ਨਿਵਾਸੀ ਗੁਰੂ ਰਵਿਦਾਸ ਨਗਰ ਜਲੰਧਰ ਨੂੰ ਇਕ ਲੜਕੀ ਦੇ ਨਾਲ ਗੈਂਗਰੇਪ ਦੇ ਮਾਮਲੇ ਵਿਚ ਤਿੰਨਾਂ ਨੂੰ ਦੋਸ਼ੀ ਕਰਾਰ ਦਿੰਦੇ ਹੋਏ 20-20 ਸਾਲ ਕੈਦ, 10-10 ਹਜ਼ਾਰ ਰੁਪਏ ਜੁਰਮਾਨਾ, ਜੁਰਮਾਨਾ ਨਾ ਦੇਣ 'ਤੇ ਇਕ-ਇਕ ਸਾਲ ਦੀ ਹੋਰ ਕੈਦ ਦੀ ਸਜ਼ਾ ਦਾ ਹੁਕਮ ਸੁਣਾਇਆ ਗਿਆ।

ਲੁੱਟ-ਖੋਹ ਦੇ ਮਾਮਲੇ 'ਚ ਦੋਸ਼ੀਆਂ ਨੂੰ 5-5 ਸਾਲ ਦੀ ਕੈਦ
ਐਡੀਸ਼ਨਲ ਸੈਸ਼ਨ ਜੱਜ ਸ਼ਾਮ ਲਾਲ ਦੀ ਅਦਾਲਤ ਵਲੋਂ ਲੁੱਟ-ਖੋਹ ਦੇ ਮਾਮਲੇ ਵਿਚ ਰਿਤੇਸ਼ ਕੁਮਾਰ ਨਿਵਾਸੀ ਮੋਦੀਆਂ ਮੁਹੱਲਾ ਅਤੇ ਦੀਪਾਂਕਰ ਨਿਵਾਸੀ ਰਾਜ ਨਗਰ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਦੋਵਾਂ ਨੂੰ 5-5 ਸਾਲ ਕੈਦ ਅਤੇ 10-10 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਦਾ ਹੁਕਮ ਸੁਣਾਇਆ ਗਿਆ।

ਹੈਰੋਇਨ ਸਮੱਗਲਿੰਗ ਦੇ ਮਾਮਲੇ 'ਚ ਦੋਸ਼ੀ ਨੂੰ 13 ਸਾਲ ਦੀ ਕੈਦ ਹੋਈ
ਐਡੀਸ਼ਨਲ ਸੈਸ਼ਨ ਜੱਜ ਪੀ. ਐੱਸ. ਗਰੇਵਾਲ ਦੀ ਅਦਾਲਤ ਵਲੋਂ ਮਨਜੀਤ ਸਿੰਘ ਉਰਫ ਮਿੰਟੂ ਨਿਵਾਸੀ ਮੁਹੱਲਾ ਘੁਮਿਆਰ ਅੰਮ੍ਰਿਤਸਰ ਨੂੰ ਹੈਰੋਇਨ ਸਮੱਗਲਿੰਗ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੰਦੇ ਹੋਏ 13 ਸਾਲ ਕੈਦ, ਡੇਢ ਲੱਖ ਰੁਪਏ ਜੁਰਮਾਨਾ, ਜੁਰਮਾਨਾ ਨਾ ਦੇਣ 'ਤੇ ਇਕ ਸਾਲ ਦੀ ਹੋਰ ਕੈਦ ਦੀ ਸਜ਼ਾ ਦਾ ਹੁਕਮ ਸੁਣਾਇਆ ਗਿਆ। 

ਕੁੱਟਮਾਰ ਦੇ ਮਾਮਲੇ 'ਚ ਬਰੀ
ਇਸੇ ਅਦਾਲਤ ਵਲੋਂ ਇਕ ਹੋਰ ਮਾਮਲੇ ਵਿਚ ਝਗੜਾ ਕਰ ਕੇ ਸੱਟਾਂ ਮਾਰਨ ਦੇ ਮਾਮਲੇ ਵਿਚ ਹੁਸਨ ਲਾਲ ਉਰਫ ਹੁਸਨ ਨਿਵਾਸੀ ਰੂਪਨਗਰ ਕਾਲੋਨੀ ਨੂੰ ਦੋਸ਼ੀ ਕਰਾਰ ਦਿੰਦੇ ਹੋਏ 2 ਸਾਲ ਕੈਦ, 5 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਦਾ ਹੁਕਮ ਸੁਣਾਇਆ ਜਦ ਕਿ ਕਮਲਪ੍ਰੀਤ ਸਿੰਘ ਨਿਵਾਸੀ ਅਜੀਤ ਨਗਰ ਕਪੂਰਥਲਾ ਨੂੰ ਬਰੀ ਕਰ ਦਿੱਤਾ ਗਿਆ। 

60 ਗ੍ਰਾਮ ਨਸ਼ੀਲੇ ਪਾਊਡਰ ਦੇ ਮਾਮਲੇ 'ਚ ਦੋਸ਼ੀ ਨੂੰ ਸਜ਼ਾ ਹੋਈ
ਐਡੀਸ਼ਨਲ ਸੈਸ਼ਨ ਜੱਜ ਜਸਵਿੰਦਰ ਸਿੰਘ ਦੀ ਅਦਾਲਤ ਵਲੋਂ ਸੁਨੀਲ ਕੁਮਾਰ ਉਰਫ ਸੋਨੂੰ ਨਿਵਾਸੀ ਸੁਭਾਸ਼ ਨਗਰ ਜਲੰਧਰ ਨੂੰ ਨਸ਼ੀਲੇ ਪਾਊਡਰ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੰਦੇ ਹੋਏ 19 ਮਹੀਨੇ 16 ਦਿਨ ਦੀ ਕੈਦ ਅਤੇ 5 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਦਾ ਹੁਕਮ ਸੁਣਾਇਆ ਗਿਆ। 


Related News