ਸਰੋਵਰ ''ਚ ਇਸ਼ਨਾਨ ਕਰਨ ਗਏ 2 ਨੌਜਵਾਨ ਡੁੱਬੇ ; ਮੌਤ

07/24/2017 5:58:14 AM

ਪਾਤੜਾਂ  (ਸੁਖਦੀਪ ਮਾਨ) - ਇਤਿਹਾਸਕ ਨਗਰ ਬਹਿਰ ਸਾਹਿਬ ਸ਼ਿਵਮਤੀ ਮਾਤਾ ਮੰਦਰ ਦੇ ਸਰੋਵਰ ਵਿਚ ਇਸ਼ਨਾਨ ਕਰਨ ਗਏ 2 ਨੌਜਵਾਨਾਂ ਦੀ ਡੁੱਬਣ ਕਰ ਕੇ ਮੌਤ ਹੋਣ ਦੀ ਖਬਰ ਹੈ। ਉਕਤ ਦੋਵੇਂ ਨੌਜਵਾਨ ਆਪਸ ਵਿਚ ਰਿਸ਼ਤੇਦਾਰ ਦੱਸੇ ਗਏ ਹਨ। ਦੱਸਣਯੋਗ ਹੈ ਕਿ ਪਿੰਡ ਬਹਿਰ ਸਾਹਿਬ ਦੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਮੱਸਿਆ ਭਰਦੀ ਹੈ। ਨੇੜਲੇ ਪਿੰਡਾਂ ਵਿੱਚੋਂ ਵੱਡੀ ਗਿਣਤੀ ਵਿਚ ਲੋਕ ਦਰਸ਼ਨਾਂ ਲਈ ਪਹੁੰਚਦੇ ਸਨ। ਇਸ ਦੌਰਾਨ ਪਿੰਡ ਚਿੱਚੜਵਾਲਾ ਉਰਫ਼ ਕਰੀਮ ਨਗਰ ਅਤੇ ਪਿੰਡ ਅਰਨੋਂ ਬਾਜ਼ੀਗਰ ਥੇਹ ਬਸਤੀ ਦੇ ਨੌਜਵਾਨ ਗੁਰਦੁਆਰਾ ਸਾਹਿਬ ਨਾਲ ਬਣੇ ਸ਼ਿਵਮਤੀ ਮਾਤਾ ਦੇ ਇਤਿਹਾਸਕ ਮੰਦਰ ਦੇ ਸਰੋਵਰ ਵਿਚ ਇਸ਼ਨਾਨ ਕਰਨ ਲੱਗੇ ਤਾਂ ਦੋਵੇਂ ਡੁੱਬ ਗਏ।
ਘਟਨਾ ਦਾ ਪਤਾ ਲਗਦਿਆਂ ਹੀ ਚਾਰੇ ਪਾਸੇ ਹਾਹਾਕਾਰ ਮੱਚ ਗਈ। ਲੋਕ ਡੁੱਬੇ ਨੌਜਵਾਨਾਂ ਦੀ ਭਾਲ ਵਿਚ ਲੱਗੇ ਰਹੇ। ਕਾਫ਼ੀ ਮੁਸ਼ੱਕਤ ਉਪਰੰਤ ਦੋਵੇਂ ਨੌਜਵਾਨਾਂ ਦੀਆਂ ਲਾਸ਼ਾਂ ਪਾਣੀ ਵਿੱਚੋਂ ਮਿਲੀਆਂ। ਮ੍ਰਿਤਕਾਂ ਦੀ ਪਛਾਣ ਪਿੰਡ ਕਰੀਮ ਨਗਰ (ਚਿੱਚੜਵਾਲ) ਦਾ ਐੱਮ. ਪੀ. ਰਾਮ (16) ਪੁੱਤਰ ਅਮਰੀਕ ਰਾਮ ਅਤੇ ਪਿੰਡ ਅਰਨੋਂ ਥੇਹ ਦੇ ਬਾਜ਼ੀਗਰ ਬਸਤੀ ਤੋਂ ਕਰਨ ਰਾਮ (14) ਪੁੱਤਰ ਬਲਕਾਰਾ ਰਾਮ ਵਜੋਂ ਹੋਈ ਹੈ। ਥਾਣਾ ਮੁਖੀ ਸ਼ੁਤਰਾਣਾ ਬਲਵੀਰ ਸਿੰਘ ਨੇ ਦੱਸਿਆ ਕਿ ਉਕਤ ਘਟਨਾ ਵਾਲੀ ਜਗ੍ਹਾ ਹਰਿਆਣਾ ਰਾਜ ਵਿਚ ਆਉਂਦੀ ਹੋਣ ਕਰ ਕੇ ਉਥੋਂ ਦੀ ਪੁਲਸ ਵੱਲੋਂ ਕਾਰਵਾਈ ਕੀਤੀ ਜਾਣੀ ਸੀ। ਮ੍ਰਿਤਕਾਂ ਦੇ ਵਾਰਿਸਾਂ ਨੇ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਤੋਂ ਇਨਕਾਰ ਕਰ ਦਿੱਤਾ ਹੈ।


Related News