ਟਰੱਕ ਦੀ ਲਪੇਟ ’ਚ ਆਏ ਤਿੰਨ ਨੌਜਵਾਨ, 2 ਦੀ ਮੌਤ
Tuesday, Oct 22, 2024 - 03:55 PM (IST)

ਫਿਰੋਜ਼ਪੁਰ (ਖੁੱਲਰ) : ਤਲਵੰਡੀ ਭਾਈ ਦੇ ਨੇੜੇ ਟਰੀਟਮੈਂਟ ਪਲਾਂਟ ਹਰਾਜ ਰੋਡ ਵਿਖੇ ਮੋਟਰਸਾਈਕਲ ਸਵਾਰ 3 ਨੌਜਵਾਨ ਟਰੱਕ ਦੀ ਲਪੇਟ ’ਚ ਆ ਗਏ। ਇਨ੍ਹਾਂ 'ਚੋਂ 2 ਨੌਜਵਾਨਾਂ ਦੀ ਦੀ ਮੌਕੇ ’ਤੇ ਮੌਤ ਹੋ ਗਈ, ਜਦੋਂ ਕਿ ਇਕ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਇਸ ਸਬੰਧ ਵਿਚ ਥਾਣਾ ਤਲਵੰਡੀ ਭਾਈ ਪੁਲਸ ਨੇ ਅਣਪਛਾਤੇ ਟਰੱਕ ਚਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਅਮਨਦੀਪ ਕੌਰ ਪਤਨੀ ਕੇਵਲ ਸਿੰਘ ਵਾਸੀ ਮਾਛੀ ਬੁਗਰਾ ਨੇ ਦੱਸਿਆ ਕਿ ਉਸ ਦਾ ਪਤੀ ਕੇਵਲ ਸਿੰਘ ਪੁੱਤਰ ਫਕੀਰ ਸਿੰਘ, ਗੁਰਭਿੰਦਰ ਸਿੰਘ ਪੁੱਤਰ ਗੁਰਸੇਵਕ ਸਿੰਘ ਅਤੇ ਮਨਪ੍ਰੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀਅਨ ਮਾਛੀਬੁਗਰਾ ਮੋਟਰਸਾਈਕਲ ’ਤੇ ਸਵਾਰ ਹੋ ਕੇ ਮਿਹਨਤ-ਮਜ਼ਦੂਰੀ ਲਈ ਜਾ ਰਹੇ ਸੀ।
ਇਸ ਦੌਰਾਨ ਅਣਪਛਾਤੇ ਡਰਾਈਵਰ ਨੇ ਟਰੱਕ ਤੇਜ਼ ਰਫ਼ਤਾਰ ਤੇ ਲਾਪਰਵਾਹੀ ਨਾਲ ਕੇਵਲ ਸਿੰਘ ਹੋਰਾਂ ਦੇ ਮੋਟਰਸਾਈਕਲ ਵਿਚ ਮਾਰਿਆ। ਇਸ ਹਾਦਸੇ ਵਿਚ ਉਸ ਦੇ ਪਤੀ ਕੇਵਲ ਸਿੰਘ ਅਤੇ ਗੁਰਭਿੰਦਰ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ ਅਤੇ ਮਨਪ੍ਰੀਤ ਸਿੰਘ ਜੇਰੇ ਇਲਾਜ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸੁਦੇਸ਼ ਕੁਮਾਰ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਅਣਪਛਾਤੇ ਟਰੱਕ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।