ਤਿੰਨ ਸਪਾ ਸੈਂਟਰਾਂ ’ਤੇ ਛਾਪਾ, ਪੰਜ ਕੁੜੀਆਂ ਰੈਸਕਿਊ, 2 ਨੌਜਵਾਨ ਗ੍ਰਿਫ਼ਤਾਰ

Sunday, Oct 26, 2025 - 02:56 PM (IST)

ਤਿੰਨ ਸਪਾ ਸੈਂਟਰਾਂ ’ਤੇ ਛਾਪਾ, ਪੰਜ ਕੁੜੀਆਂ ਰੈਸਕਿਊ, 2 ਨੌਜਵਾਨ ਗ੍ਰਿਫ਼ਤਾਰ

ਜ਼ੀਰਕਪੁਰ (ਧੀਮਾਨ) : ਜ਼ੀਰਕਪੁਰ ਪੁਲਸ ਵੱਲੋਂ ਵੀ. ਆਈ. ਪੀ. ਰੋਡ ਸਥਿਤ ਤਿੰਨ ਸਪਾ ਸੈਂਟਰਾਂ ’ਤੇ ਦੇਰ ਰਾਤ ਛਾਪੇਮਾਰੀ ਕਰਕੇ ਮਨੁੱਖੀ ਤਸਕਰੀ ਤੇ ਨਾਜਾਇਜ਼ ਗਤੀਵਿਧੀਆਂ ਦਾ ਪਰਦਾਫਾਸ਼ ਕੀਤਾ ਗਿਆ ਹੈ। ਕਾਰਵਾਈ ਦੌਰਾਨ ਸਪਾ ਸੈਂਟਰ ਤੋਂ ਪੰਜ ਕੁੜੀਆਂ ਨੂੰ ਰੈਸਕਿਊ ਕੀਤਾ ਗਿਆ, ਜਦਕਿ ਮੌਕੇ ਤੋਂ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਸ ਨੇ ਰਾਕੇਸ਼ ਕੁਮਾਰ ਅਤੇ ਕੈਲਾਸ਼ (ਦੋਵੇਂ ਵਾਸੀ ਹਿਸਾਰ) ਖ਼ਿਲਾਫ਼ ਮਾਮਲਾ ਦਰਜ ਕਰ ਲਿਆ। ਪੁਲਸ ਨੇ ਤਿੰਨ ਸਪਾ ਸੈਂਟਰ ਮਾਲਕਾਂ ਨੂੰ ਵੀ ਨਾਮਜ਼ਦ ਕਰ ਲਿਆ।

ਐੱਸ. ਐੱਚ. ਓ. ਸਤਿੰਦਰ ਸਿੰਘ ਮੁਤਾਬਕ ਸਪਾ ਮਾਲਕਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਜਾਣਕਾਰੀ ਮੁਤਾਬਕ ਏ. ਐੱਸ. ਆਈ. ਲਾਭ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਵੀ. ਆਈ. ਪੀ. ਰੋਡ ਦੇ ਕੁੱਝ ਸਪਾ ਸੈਂਟਰਾਂ ’ਚ ਕੁੜੀਆਂ ਤੋਂ ਨਾਜਾਇਜ਼ ਕੰਮ ਕਰਵਾਏ ਜਾ ਰਹੇ ਹਨ। ਸੂਚਨਾ ਦੀ ਪੁਸ਼ਟੀ ਹੋਣ ’ਤੇ ਪੁਲਸ ਨੇ ਦੇਰ ਰਾਤ ਇੱਕੋ ਸਮੇਂ ਤਿੰਨ ਸਪਾ ਸੈਂਟਰਾਂ ’ਤੇ ਛਾਪੇਮਾਰੀ ਕੀਤੀ। ਇਸ ਦੌਰਾਨ ਇਕ ਸਪਾ ਸੈਂਟਰ ਤੋਂ ਪੰਜ ਕੁੜੀਆਂ ਨੂੰ ਬਚਾਇਆ ਗਿਆ ਤੇ ਮੌਕੇ ਤੋਂ ਰਾਕੇਸ਼ ਤੇ ਕੈਲਾਸ਼ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਸ ਮੁਤਾਬਕ ਸਪਾ ਸੈਂਟਰ ਦਾ ਸੰਚਾਲਕ ਛਾਪੇ ਦੌਰਾਨ ਮੌਕੇ ਤੋਂ ਫ਼ਰਾਰ ਹੋ ਗਿਆ ਸੀ, ਜਿਸ ਦੀ ਤਲਾਸ਼ ਜਾਰੀ ਹੈ। ਹੋਰ ਦੋ ਸਪਾ ਸੈਂਟਰਾਂ ’ਤੇ ਵੀ ਛਾਪੇ ਮਾਰੇ ਗਏ ਪਰ ਉੱਥੋਂ ਕੋਈ ਸ਼ੱਕੀ ਗਤੀਵਿਧੀ ਸਾਹਮਣੇ ਨਹੀਂ ਆਈ। ਜ਼ੀਰਕਪੁਰ ਪੁਲਸ ਨੇ ਕਿਹਾ ਕਿ ਸਪਾ ਸੈਂਟਰਾਂ ਦੀ ਸਖ਼ਤ ਨਿਗਰਾਨੀ ਕੀਤੀ ਜਾ ਰਹੀ ਹੈ ਤੇ ਨਾਜਾਇਜ਼ ਧੰਦਿਆਂ ’ਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
 


author

Babita

Content Editor

Related News