ਦੁਕਾਨਦਾਰ ਨਾਲ ਮਿਲ ਕੇ ਨਾਜਾਇਜ਼ ਟਿਕਟ ਬੁਕਿੰਗ ਦਾ ਕੰਮ ਕਰਨ ਦੇ ਦੋਸ਼ ’ਚ 2 ਰੇਲਵੇ ਮੁਲਾਜ਼ਮ ਗ੍ਰਿਫ਼ਤਾਰ

Sunday, Feb 26, 2023 - 03:58 AM (IST)

ਦੁਕਾਨਦਾਰ ਨਾਲ ਮਿਲ ਕੇ ਨਾਜਾਇਜ਼ ਟਿਕਟ ਬੁਕਿੰਗ ਦਾ ਕੰਮ ਕਰਨ ਦੇ ਦੋਸ਼ ’ਚ 2 ਰੇਲਵੇ ਮੁਲਾਜ਼ਮ ਗ੍ਰਿਫ਼ਤਾਰ

ਲੁਧਿਆਣਾ (ਗੌਤਮ)-ਰੇਲਵੇ ਸਟੇਸ਼ਨ ਕੋਲ ਸਥਿਤ ਇਕ ਦੁਕਾਨਦਾਰ ਨਾਲ ਮਿਲ ਕੇ ਨਾਜਾਇਜ਼ ਟਿਕਟ ਬੁਕਿੰਗ ਦਾ ਕੰਮ ਕਰਨ ਵਾਲੇ 2 ਰੇਲਵੇ ਮੁਲਾਜ਼ਮਾਂ ਨੂੰ ਕ੍ਰਾਈਮ ਇਨਵੈਸਟੀਗੇਸ਼ਨ ਬ੍ਰਾਂਚ ਨੇ ਗ੍ਰਿਫ਼ਤਾਰ ਕਰ ਲਿਆ। ਤਿੰਨਾਂ ਖ਼ਿਲਾਫ਼ ਕੇਸ ਦਰਜ ਕਰਕੇ ਅਦਾਲਤ ਵਿਚ ਪੇਸ਼ ਕਰਕੇ ਮੁਲਜ਼ਮਾਂ ਨੂੰ ਜੁਡੀਸ਼ੀਅਲ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਪੁਲਸ ਨੇ ਮੁਲਜ਼ਮਾਂ ਦੀ ਪਛਾਣ ਰੇਲਵੇ ਮੁਲਾਜ਼ਮ ਪ੍ਰਕਾਸ਼ ਕੁਮਾਰ, ਮੁਕੇਸ਼ ਕੁਮਾਰ ਅਤੇ ਦੁਕਾਨਦਾਰ ਜਸਪਾਲ ਸਿੰਘ ਵਜੋਂ ਕੀਤੀ ਹੈ। ਮੁਲਜ਼ਮਾਂ ਖਿਲਾਫ਼ ਰੇਲਵੇ ਐਕਟ ਤਹਿਤ ਕਾਰਵਾਈ ਕੀਤੀ ਗਈ ਹੈ। ਪੁਲਸ ਨੇ ਮੁਲਜ਼ਮਾਂ ਕੋਲੋਂ ਰੇਲਵੇ ਕਾਊਂਟਰ ਤੋਂ ਦੂਜੇ ਯਾਤਰੀਆਂ ਦੇ ਨਾਂ ’ਤੇ ਬੁੱਕ ਕਰਵਾਈਆਂ ਤਿੰਨ ਤੱਤਕਾਲ ਕੋਟੇ ਅਤੇ ਦੋ ਜਨਰਲ ਬੁੱਕ ਕਰਵਾਈਆਂ ਟਿਕਟਾਂ ਬਰਾਮਦ ਕੀਤੀਆਂ ਹਨ।

ਇਹ ਖ਼ਬਰ ਵੀ ਪੜ੍ਹੋ : ਪੰਜਾਬ ’ਚ 2 ਦਿਨ ਬਾਅਦ ਮੁੜ ਬਦਲੇਗਾ ਮੌਸਮ, ਵਰ੍ਹਨਗੇ ਬੱਦਲ, ਜਾਣੋ ਮੌਸਮ ਦੀ ਤਾਜ਼ਾ ਅਪਡੇਟ

ਦੋਵੇਂ ਰੇਲਵੇ ਮੁਲਾਜ਼ਮ ਰੇਲਵੇ ਸਟੇਸ਼ਨ ’ਤੇ ਚੌਥਾ ਦਰਜਾ ਮੁਲਜ਼ਮ ਹਨ। ਸੂਤਰਾਂ ਦਾ ਕਹਿਣਾ ਹੈ ਕਿ ਸੀ. ਆਈ. ਬੀ. ਨੂੰ ਭਿਣਕ ਪਈ ਸੀ ਕਿ ਦੋਵੇਂ ਰੇਲਵੇ ਮੁਲਾਜ਼ਮ ਕਾਫੀ ਸਮੇਂ ਤੋਂ ਇਸ ਧੰਦੇ ਵਿਚ ਲੱਗੇ ਹੋਏ ਹਨ, ਜਿਸ ’ਤੇ ਟੀਮ ਉਨ੍ਹਾਂ ਦੀ ਰੇਕੀ ਕਰ ਰਹੀ ਸੀ। ਸ਼ਨੀਵਾਰ ਨੂੰ ਜਿਵੇਂ ਹੀ ਦੋਵੇਂ ਮੁਲਾਜ਼ਮ ਡਿਊਟੀ ਖਤਮ ਕਰਕੇ ਟਿਕਟ ਬੁੱਕ ਕਰਵਾ ਕੇ ਜਾ ਰਹੇ ਸਨ ਤਾਂ ਸੀ. ਆਈ. ਬੀ. ਅਤੇ ਆਰ. ਪੀ. ਐੱਫ. ਦੀ ਟੀਮ ਨੇ ਦੋਵਾਂ ਨੂੰ ਫੜ ਲਿਆ ਅਤੇ ਬਾਅਦ ਵਿਚ ਦੁਕਾਨਦਾਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਮੁੱਢਲੀ ਜਾਂਚ ’ਚ ਪਤਾ ਲੱਗਾ ਹੈ ਕਿ ਮੁਲਜ਼ਮ ਡਿਊਟੀ ’ਤੇ ਤਾਇਨਾਤ ਰਿਜ਼ਰਵੇਸ਼ਨ ਮੁਲਾਜ਼ਮਾਂ ਨੂੰ ਅਧਿਕਾਰੀਆਂ ਦਾ ਨਾਂ ਲੈ ਕੇ ਤੱਤਕਾਲ ਟਿਕਟ ਬੁੱਕ ਕਰਵਾ ਲੈਂਦੇ ਸਨ। ਤਤਕਾਲ ਟਿਕਟ ਦੀ ਇਕ ਸੀਟ ਲਈ 300 ਤੋਂ 500 ਰੁਪਏ ਅਤੇ ਸਾਧਾਰਨ ਸੀਟ ਦਿਵਾਉਣ ਲਈ 300 ਪ੍ਰਤੀ ਸੀਟ ਵਸੂਲਦੇ ਸਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਫੋਰੈਂਸਿਕ ਜਾਂਚ ਤੋਂ ਬਾਅਦ ਮੁਲਜ਼ਮਾਂ ਦੇ ਮੋਬਾਇਲ ਦੀ ਡਿਟੇਲ ਮੰਗਵਾਈ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : 12ਵੀਂ ਜਮਾਤ ਦੇ ਇੰਗਲਿਸ਼ ਦੇ ਪੇਪਰ ਲੀਕ ਮਾਮਲੇ ’ਚ FIR ਦਰਜ


author

Manoj

Content Editor

Related News