22100 ਨਸ਼ੇ ਵਾਲੀਆਂ ਗੋਲੀਆਂ ਤੇ ਕੈਪਸੂਲਾਂ ਸਮੇਤ 2 ਗ੍ਰਿਫ਼ਤਾਰ
Monday, Aug 19, 2024 - 10:40 AM (IST)
ਅਬੋਹਰ (ਸੁਨੀਲ ਭਾਰਦਵਾਜ) : ਵਰਿੰਦਰ ਸਿੰਘ ਬਰਾੜ ਸੀਨੀਅਰ ਕਪਤਾਨ ਪੁਲਸ ਜਿਲਕਾ ਦੀ ਅਗਵਾਈ ਹੇਠ ਫਾਜ਼ਿਲਕਾ ਪੁਲਸ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਤਹਿਤ ਨਸ਼ਾ ਤਸਕਰਾਂ ਅਤੇ ਗੈਰ-ਕਾਨੂੰਨੀ ਗੋਲੀਆਂ/ਕੈਪਸੂਲ ਵੇਚਣ ਵਾਲਿਆਂ ਨੂੰ ਕਾਬੂ ਕਰਕੇ ਸਖ਼ਤ ਐਕਸ਼ਨ ਲਿਆ ਜਾ ਰਿਹਾ ਹੈ। ਇਸੇ ਮੁਹਿੰਮ ਤਹਿਤ ਵੱਖ-ਵੱਖ ਪੁਲਸ ਪਾਰਟੀਆਂ ਵੱਲੋਂ ਪਿਛਲੇ 24 ਘੰਟਿਆਂ ਦੌਰਾਨ 22100 ਗੋਲੀਆਂ ਬਰਾਮਦ ਕੀਤੀਆ ਗਈਆਂ ਹਨ।
ਸਹਾਇਕ ਥਾਣੇਦਾਰ ਮਨਜੀਤ ਸਿੰਘ ਇੰਚਾਰਜ ਐਂਟੀ ਨਾਰਕੋਟਿਕ ਸੈਲ ਅਬੋਹਰ ਨੇ ਦੱਸਿਆ ਕਿ ਜਦੋਂ ਉਹ ਸਮੇਤ ਪੁਲਸ ਪਾਰਟੀ ਗਸ਼ਤ ਅਤੇ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਕੰਧ ਵਾਲਾ ਰੋਡ ਨੇੜੇ ਡੀ.ਆਰ ਰਿਜ਼ੋਰਟ ਅਬੋਹਰ ਮੌਜੂਦ ਸੀ ਤਾਂ ਪਾਸ ਮੁਖ਼ਬਰ ਨੇ ਇਤਲਾਹ ਕੀਤੀ ਕਿ ਗੁਰਦੀਪ ਸਿੰਘ ਉਰਫ਼ ਦੀਪੂ ਪੁੱਤਰ ਭਜਨ ਸਿੰਘ ਵਾਸੀ ਢਾਣੀ ਬਿਸ਼ੇਸ਼ਰਨਾਨ ਅਬੋਹਰ, ਜੋ ਕਿ ਆਪਣੇ ਆਪ ਨੂੰ ਡਾਕਟਰ ਦੱਸ ਕੇ ਕੈਪਸੂਲ ਅਤੇ ਗੋਲੀਆਂ ਨੂੰ ਦਰਦ ਅਤੇ ਤਾਕਤ ਦੇ ਕੈਪਸੂਲ ਦੱਸ ਕੇ ਵੇਚਦਾ ਹੈ, ਕੈਪਸੂਲ ਵੇਚਣ ਸਬੰਧੀ ਕੋਈ ਲਾਇਸੈਂਸ ਵਗੈਰਾ ਨਹੀਂ ਹੈ।
ਪੁਲਸ ਪਾਰਟੀ ਵੱਲੋਂ ਰੇਡ ਕਰ ਕੇ ਉਸ ਨੂੰ ਕਾਰ ਸਮੇਤ ਕਾਬੂ ਕਰ ਕੇ ਉਸ ਕੋਲੋਂ 15000 ਕੈਪਸੂਲ ਬਰਾਮਦ ਕੀਤੇ, ਜਿਸ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਇਸੇ ਤਰ੍ਹਾਂ ਇੰਸਪੈਕਟਰ ਮਨਿੰਦਰ ਸਿੰਘ ਮੁੱਖ ਅਫਸਰ ਥਾਣਾ ਸਿਟੀ-1 ਅਬੋਹਰ ਦੀ ਨਿਗਰਾਨੀ ਹੇਠ ਸਹਾਇਕ ਥਾਣੇਦਾਰ ਅਮਰੀਕ ਸਿੰਘ ਵੱਲੋਂ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਲਈ ਗਸ਼ਤ ਕੀਤੀ ਜਾ ਰਹੀ ਸੀ ਤਾਂ ਮੁਖ਼ਬਰ ਖ਼ਾਸ ਨੇ ਇਤਲਾਹ ਕੀਤੀ ਕਿ ਜੈਦੇਵ ਪੁੱਤਰ ਮੋਹਨ ਲਾਲ ਵਾਸੀ ਨਿਹਾਲ ਖੇੜਾ, ਜੋ ਕਿ ਆਪਣੀ ਦੁਕਾਨ ਤੇ ਬਿਨੌਲਾ ਖਲ ਅਤੇ ਫੀਡ ਵੇਚਣ ਦੀ ਆੜ ਵਿਚ ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ ਵੇਚਦਾ ਹੈ। ਪੁਲਸ ਪਾਰਟੀ ਵੱਲੋ ਜੈਦੇਵ ਉਕਤ ’ਤੇ ਰੇਡ ਕਰ ਕੇ ਉਸ ਨੂੰ ਕਾਰ ਸਮੇਤ ਕਾਬੂ ਕਰ ਕੇ ਉਸ ਕੋਲੋਂ ਕੈਪਸੂਲ ਤੇ ਗੋਲੀਆਂ ਬਰਾਮਦ ਕੀਤੀਆਂ ਤੇ ਮੁਕੱਦਮਾ ਦਰਜ ਕਰ ਕੇ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।