ਸਰਕਾਰੀ ਹਸਪਤਾਲਾਂ ''ਚ ਓ. ਪੀ. ਡੀ. ਜਲਦ 2 ਸ਼ਿਫਟਾਂ ''ਚ ਹੋਵੇਗੀ

Monday, Jan 15, 2018 - 07:15 AM (IST)

ਨਾਭਾ  (ਸੁਸ਼ੀਲ ਜੈਨ) - ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਬ੍ਰਹਮ ਮਹਿੰਦਰਾ ਨੇ ਇੱਥੇ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਸੂਬੇ ਦੇ ਸਰਕਾਰੀ ਹਸਪਤਾਲਾਂ ਵਿਚ ਓ. ਪੀ. ਡੀ. ਤੇ ਕੰਮਕਾਜੀ ਸਮਾਂ ਵਧਾਇਆ ਜਾ ਰਿਹਾ ਹੈ। ਜਲਦੀ ਹੀ ਮਾਹਿਰ ਡਾਕਟਰਾਂ ਦੀ ਭਰਤੀ ਦਾ ਕੰਮ ਮੁਕੰਮਲ ਹੋ ਜਾਵੇਗਾ ਅਤੇ ਫਿਰ ਸਾਰੇ ਸਰਕਾਰੀ ਹਸਪਤਾਲਾਂ ਵਿਚ ਸਵੇਰ ਤੋਂ ਦੁਪਹਿਰ ਤੱਕ ਅਤੇ ਸ਼ਾਮ 2 ਸ਼ਿਫਟਾਂ ਵਿਚ ਓ. ਪੀ. ਡੀ. ਹੋਵੇਗੀ ਤਾਂ ਜੋ ਮਰੀਜ਼ਾਂ ਨੂੰ ਰਾਹਤ ਮਿਲ ਸਕੇ। ਉਨ੍ਹਾਂ ਕਿਹਾ ਕਿ ਅਜੇ ਸਾਡੀ ਸਰਕਾਰ ਦਾ ਗਠਨ ਹੋਏ 9-10 ਮਹੀਨੇ ਹੀ ਹੋਏ ਹਨ। ਜਲਦੀ ਹੀ ਸਾਰੇ ਹਸਪਤਾਲਾਂ ਵਿਚ ਡਿਜੀਟਲ ਮਸ਼ੀਨਾਂ ਪਹੁੰਚ ਜਾਣਗੀਆਂ ਤਾਂ ਜੋ ਐਕਸਰੇ ਤੇ ਹੋਰ ਟੈਸਟ ਜਲਦੀ ਹੋ ਸਕਣ। ਹੁਣ ਮਹਿੰਗੇ ਟੈਸਟ ਬਾਹਰੀ ਲੈਬਾਂ ਤੋਂ ਕਰਵਾਏ ਜਾਂਦੇ ਹਨ ਪਰ ਆਉਂਦੇ ਸਮੇਂ 'ਚ ਇਹ ਹਸਪਤਾਲਾਂ ਵਿਚ ਹੀ ਹੋਣਗੇ। ਡਾਕਟਰਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਮਰੀਜ਼ਾਂ ਨੂੰ ਓਹੀ ਦਵਾਈਆਂ ਲਿਖਣ ਜੋ ਹਸਪਤਾਲਾਂ ਵਿਚ ਮੌਜੂਦ ਹਨ। ਘਰਾਂ ਵਿਚ ਪ੍ਰਾਈਵੇਟ ਪ੍ਰੈਕਟਿਸ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਕ ਸਵਾਲ ਦੇ ਜਵਾਬ ਵਿਚ ਸਿਹਤ ਮੰਤਰੀ ਨੇ ਦੱਸਿਆ ਕਿ ਸਿਵਲ ਹਸਪਤਾਲਾਂ ਵਿਚ ਸਕੂਟਰ ਸਟੈਂਡ ਪ੍ਰਾਈਵੇਟ ਠੇਕਾ ਪ੍ਰਣਾਲੀ ਸਬੰਧੀ ਸ਼ਿਕਾਇਤਾਂ ਮਿਲ ਰਹੀਆਂ ਹਨ। ਜਿਨ੍ਹਾਂ ਹਸਪਤਾਲਾਂ ਵਿਚ ਠੇਕੇ ਦੀ ਮਿਆਦ ਖਤਮ ਹੋ ਗਈ ਹੈ, ਉਥੇ ਨਵੇਂ ਸਿਰਿਓਂ ਠੇਕੇ ਦੀ ਅਲਾਟਮੈਂਟ ਨਹੀਂ ਕੀਤੀ ਜਾਵੇਗੀ। ਇਸ ਸਬੰਧੀ ਜਲਦੀ ਹੀ ਪਾਲਿਸੀ ਬਣਾਈ ਜਾ ਰਹੀ ਹੈ ਤਾਂ ਜੋ ਲੋਕਾਂ ਤੇ ਮਰੀਜ਼ਾਂ ਦੀ ਕÎਥਿਤ ਲੁੱਟ-ਖਸੁੱਟ ਨਾ ਹੋ ਸਕੇ। ਸ਼੍ਰੀ ਬ੍ਰਹਮ ਮਹਿੰਦਰਾ ਦਾ ਰੋਹਟੀ ਬਸਤਾ ਸਿੰਘ ਵਿਖੇ ਹਰਮੀਤ ਸਿੰਘ ਮਾਨ ਦੀ ਅਗਵਾਈ ਹੇਠ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਹਰਬੰਸ ਸਿੰਘ ਤੇ ਹੋਰਨਾਂ ਨੇ ਸਨਮਾਨ ਵੀ ਕੀਤਾ।


Related News