ਸੁਲਝੀ ਛੋਟੇ ਭਰਾ ਦੇ ਕਤਲ ਦੀ ਗੁੱਥੀ, 2 ਦੋਸਤਾਂ ਨਾਲ ਮਿਲ ਵੱਡੇ ਭਰਾ ਨੇ ਇਸ ਵਜ੍ਹਾ ਕਰਕੇ ਕੀਤਾ ਸੀ ਕਤਲ
Sunday, Jul 24, 2022 - 10:29 AM (IST)
 
            
            ਪਟਿਆਲਾ/ਸਮਾਣਾ (ਬਲਜਿੰਦਰ, ਦਰਦ, ਅਸ਼ੋਕ)- 18 ਜੁਲਾਈ ਨੂੰ ਪਿੰਡ ਚੌਂਹਠ ਦੇ ਲਾਪਤਾ ਹੋਏ ਗੁਰਲਾਲ ਸਿੰਘ ਲਾਲਾ ਦਾ ਕਤਲ ਕਿਸੇ ਹੋਰ ਨਹੀਂ ਸਗੋਂ ਉਸ ਦੇ ਹੀ ਭਰਾ ਪਰਮਜੀਤ ਸਿੰਘ ਨੇ ਆਪਣੇ 2 ਹੋਰ ਸਾਥੀਆਂ ਨਾਲ ਮਿਲ ਕੀਤਾ ਸੀ। ਇਸ ਸਬੰਧੀ ਐੱਸ. ਐੱਸ. ਪੀ. ਦੀਪਕ ਪਾਰਿਕ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਪਰਮਜੀਤ ਸਿੰਘ ਉਰਫ ਗੋਪਾ, ਸਾਥੀ ਹਰਵਿੰਦਰ ਸਿੰਘ ਹੈਪੀ ਪੁੱਤਰ ਸੁਖਦੇਵ ਸਿੰਘ ਅਤੇ ਹਰਜੀਤ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਚੁਪਕੀ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ ਹੈ।
ਪੜ੍ਹੋ ਇਹ ਵੀ ਖ਼ਬਰ: 'ਗੋਲਡਨ ਬੁਆਏ' ਨੀਰਜ ਚੋਪੜਾ ਨੇ ਰਚਿਆ ਇਤਿਹਾਸ, ਵਿਸ਼ਵ ਚੈਂਪੀਅਨਸ਼ਿਪ 'ਚ ਜਿੱਤਿਆ ਚਾਂਦੀ ਦਾ ਤਮਗਾ
ਐੱਸ. ਐੱਸ. ਪੀ. ਨੇ ਦੱਸਿਆ ਕਿ ਇਸ ਮਾਮਲੇ ’ਚ ਮ੍ਰਿਤਕ ਗੁਰਲਾਲ ਸਿੰਘ ਉਰਫ ਲਾਲ ਦੀ ਮਾਤਾ ਸੁਰਜੀਤ ਕੌਰ ਪਤਨੀ ਜਸਵੰਤ ਸਿੰਘ ਵਾਸੀ ਪਿੰਡ ਚੌਂਹਠ ਨੇ ਪੁਲਸ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੇ 2 ਮੁੰਡੇ ਅਤੇ 2 ਕੁੜੀਆਂ ਹਨ। ਵੱਡੇ ਮੁੰਡੇ ਦਾ ਨਾਮ ਪਰਮਜੀਤ ਸਿੰਘ ਅਤੇ ਛੋਟੇ ਦਾ ਨਾਮ ਗੁਰਲਾਲ ਸਿੰਘ ਉਰਫ ਲਾਲਾ ਹੈ। ਬੀਤੀ 18 ਜੁਲਾਈ ਨੂੰ ਗੁਰਲਾਲ ਸਿੰਘ ਉਰਫ ਲਾਲਾ ਘਰ ’ਚ ਸੀ ਤਾਂ ਤਕਰੀਬਨ 3 ਵਜੇ ਦੁਪਹਿਰ ਪਰਮਜੀਤ ਸਿੰਘ ਉਰਫ ਗੋਪਾ ਆਪਣੇ ਦੋਸਤਾਂ ਹਰਵਿੰਦਰ ਹੈਪੀ ਅਤੇ ਹਰਜੀਤ ਸਿੰਘ ਵਾਸੀਆਨ ਚੁਪਕੀ ਨਾਲ ਕਾਰ ’ਚ ਆਏ ਅਤੇ ਗੁਰਲਾਲ ਨੂੰ ਆਪਣੇ ਨਾਲ ਲੈ ਗਏ ਕਿ ਨਹਿਰ ਵਿਚ ਨਹਾਵਾਂਗੇ ਅਤੇ ਕੁੱਝ ਖਾਵਾਂ ਪੀਵਾਂਗੇ।
ਪੜ੍ਹੋ ਇਹ ਵੀ ਖ਼ਬਰ: ਸਿੱਧੂ ਮੂਸੇਵਾਲਾ ਨੂੰ ਪਾਕਿਸਤਾਨ ਸਰਕਾਰ ਦੇਵੇਗੀ ‘ਵਾਰਿਸ ਸ਼ਾਹ’ ਐਵਾਰਡ!
ਮੈਂ ਰਾਤ ਤੱਕ ਦੋਵਾਂ ਦੀ ਉਡੀਕ ਕਰਦੀ ਰਹੀ ਸੀ ਅਤੇ ਅਗਲੇ ਦਿਨ 19 ਜੁਲਾਈ ਨੂੰ ਸਵੇਰੇ ਪਰਮਜੀਤ ਸਿੰਘ ਇਕੱਲਾ ਸਵੇਰੇ 3 ਵਜੇ ਵਾਪਸ ਘਰ ਆਇਆ, ਜਿਸ ਨੂੰ ਗੁਰਲਾਲ ਬਾਰੇ ਪੁੱਛਣ ’ਤੇ ਉਸਨੇ ਟਾਲ-ਮਟੋਲ ਕੀਤਾ। ਬਾਅਦ ’ਚ ਮੈਨੂੰ ਪਤਾ ਲੱਗਾ ਕਿ ਇਕ ਲਾਸ਼ ਚੁਪਕੀ ਮੇਨ ਰੋਡ ਪ੍ਰਾਇਮਰੀ ਸਕੂਲ ਦੇ ਕੋਲ ਤੋਂ ਮਿਲੀ ਹੈ, ਜਿਸ ਨੂੰ ਹਸਪਤਾਲ ਜਾ ਕੇ ਚੈੱਕ ਕੀਤਾ ਤਾਂ ਪਤਾ ਲੱਗਾ ਕਿ ਇਹ ਗੁਰਲਾਲ ਦੀ ਹੈ, ਜਿਸ ਦੇ ਸਰੀਰ ’ਤੇ ਕਾਫੀ ਸੱਟਾਂ ਦੇ ਨਿਸ਼ਾਨ ਹਨ। ਉਸ ਨੇ ਕਿਹਾ ਕਿ ਮੈਨੂੰ ਯਕੀਨ ਹੈ ਕਿ ਮੇਰੇ ਮੁੰਡੇ ਪਰਮਜੀਤ ਸਿੰਘ ਨੇ ਆਪਣੇ ਸਾਥੀਆਂ ਨਾਲ ਉਸਨੂੰ ਜਾਨ ਤੋਂ ਮਾਰ ਦਿੱਤਾ ਅਤੇ ਐਕਸੀਡੈਂਟ ਦਿਖਾ ਕੇ ਉਸ ਦੀ ਲਾਸ਼ ਸੜਕ ’ਤੇ ਰੱਖ ਕੇ ਉਪਰ ’ਤੇ ਕੋਈ ਵਾਹਨ ਲੰਘਾ ਦਿੱਤਾ ਹੈ।
ਪੜ੍ਹੋ ਇਹ ਵੀ ਖ਼ਬਰ: ਹੈਰਾਨੀਜਨਕ ਖ਼ੁਲਾਸਾ : ਕੁੜੀਆਂ ਦੇ ਗੈਂਗ ਨੇ ਕਰਨਾ ਸੀ ਸਿੱਧੂ ਮੂਸੇਵਾਲਾ ਦਾ ਕਤਲ, ਬਣਾਈਆਂ ਸਨ ਇਹ ਯੋਜਨਾਵਾਂ
ਉਨ੍ਹਾਂ ਨੇ ਦੱਸਿਆ ਕਿ ਗੁਰਲਾਲ ਸਿੰਘ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ’ਤੇ ਪਰਮਜੀਤ ਸਿੰਘ ਗਲਤ ਨਜ਼ਰ ਰੱਖਦਾ ਹੈ, ਜਿਸ ਕਰ ਕੇ ਉਸਨੇ ਪਰਮਜੀਤ ਸਿੰਘ ਨੂੰ ਪੁੱਛਿਆ ਸੀ, ਜਿਸ ਦੀ ਰੰਜ਼ਿਸ਼ ’ਚ ਪਰਮਜੀਤ ਨੇ ਸਾਥੀਆਂ ਨਾਲ ਮਿਲ ਕੇ ਗੁਰਲਾਲ ਦਾ ਕਤਲ ਕੀਤਾ ਹੈ। ਐੱਸ. ਐੱਸ. ਪੀ. ਨੇ ਦੱਸਿਆ ਕਿ ਸੁਰਜੀਤ ਕੌਰ ਦੇ ਬਿਆਨਾ ਦੇ ਆਧਾਰ ’ਤੇ ਜਦੋਂ ਕੇਸ ਦਰਜ ਕਰ ਕੇ ਡੀ. ਐੱਸ. ਪੀ. ਸਮਾਣਾ ਸੌਰਵ ਜਿੰਦਲ, ਥਾਣਾ ਸਦਰ ਸਮਾਣਾ ਦੇ ਐੱਸ. ਐੱਚ. ਓ. ਮਹਿਮਾ ਸਿੰਘ ਤੇ ਸੀ. ਆਈ. ਏ. ਸਟਾਫ ਸਮਾਣਾ ਦੇ ਇੰਚਾਰਜ ਐੱਸ. ਆਈ. ਸੁਰਿੰਦਰ ਭੱਲਾ ਦੀ ਇਕ ਵਿਸ਼ੇਸ਼ ਟੀਮ ਦਾ ਗਠਨ ਕਰ ਕੇ ਪੁਲਸ ਨੇ ਤਫਤੀਸ਼ ਕਰ ਕੇ ਉਕਤ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਿਨ੍ਹਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕਰ ਕੇ ਹੋਰ ਜਾਂਚ ਕੀਤੀ ਜਾਵੇਗੀ।
ਪੜ੍ਹੋ ਇਹ ਵੀ ਖ਼ਬਰ: ਮਨੂੰ-ਕੁੱਸਾ ਦੇ ਐਨਕਾਊਂਟਰ ਦੌਰਾਨ ਹੋੋਈ ਫਾਇਰਿੰਗ ਦੇ ਦਰੱਖ਼ਤਾਂ 'ਤੇ ਮਿਲੇ ਨਿਸ਼ਾਨ, 'ਹਵੇਲੀ' ਨੇੜੇ ਪੁਲਸ ਦਾ ਪਹਿਰਾ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            