ਚੰਡੀਗੜ੍ਹ ''ਚ 2 ਕਾਲਜ ਵਿਦਿਆਰਥੀਆਂ ਦਾ ਗੋਲੀਆਂ ਮਾਰ ਕੇ ਕਤਲ
Thursday, Dec 19, 2019 - 11:35 AM (IST)

ਚੰਡੀਗੜ੍ਹ : ਚੰਡੀਗੜ੍ਹ 'ਚ ਹਰਿਆਣਾ ਦੇ 2 ਕਾਲਜ ਵਿਦਿਆਰਥੀਆਂ ਦਾ ਸੈਕਟਰ-15 ਸਥਿਤ ਉਨ੍ਹਾਂ ਦੇ ਕਿਰਾਏ ਦੇ ਮਕਾਨ 'ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਮ੍ਰਿਤਕਾਂ ਦੀ ਪਛਾਣ ਅਜੇ ਤੇ ਵਿਨੀਤ ਦੇ ਤੌਰ 'ਤੇ ਕੀਤੀ ਗਈ ਹੈ। ਦੋਹਾਂ ਦੀ ਉਮਰ ਕਰੀਬ 20 ਸਾਲਾਂ ਦੀ ਸੀ। ਅਜੇ ਇਕ ਨਿਜੀ ਯੂਨੀਵਰਸਿਟੀ ਦਾ ਵਿਦਿਆਰਥੀ ਸੀ, ਜਦੋਂ ਕਿ ਵਿਨੀਤ ਇਕ ਸਰਕਾਰੀ ਕਾਲਜ 'ਚ ਪੜ੍ਹਦਾ ਸੀ। ਪੁਲਸ ਮੁਤਾਬਕ ਇਹ ਘਟਨਾ ਬੁੱਧਵਾਰ ਦੇਰ ਰਾਤ ਨੂੰ ਵਾਪਰੀ।
ਉਸ ਸਮੇਂ ਬਿਲਡਿੰਗ 'ਚ ਅਜੇ ਤੇ ਵਿਨੀਤ ਆਪਣੇ ਦੋਸਤ ਮੋਹਿਤ ਨਾਲ ਮੌਜੂਦ ਸਨ। ਮੋਹਿਤ ਇਸ ਘਟਨਾ 'ਚ ਸੁਰੱਖਿਅਤ ਬਚ ਨਿਕਲਿਆ। ਪੁਲਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ। ਪੁਲਸ ਨੂੰ ਇਹ ਮਾਮਲਾ ਪੁਰਾਣੀ ਰੰਜਿਸ਼ ਦਾ ਲੱਗ ਰਿਹਾ ਹੈ ਪਰ ਹਰ ਪੱਖੋਂ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਘਟਨਾ ਵਾਲੀ ਥਾਂ ਪੰਜਾਬ ਯੂਨੀਵਰਸਿਟੀ ਦੇ ਨੇੜੇ ਹੈ ਅਤੇ ਇੱਥੇ ਵੱਡੀ ਗਿਣਤੀ 'ਚ ਵਿਦਿਆਰਥੀ ਕਿਰਾਏ 'ਤੇ ਮਕਾਨ ਜਾਂ ਕਮਰਾ ਲੈ ਕੇ ਰਹਿੰਦੇ ਹਨ।