ਨਸ਼ੀਲੇ ਪਦਾਰਥ ਸਪਲਾਈ ਕਰਨ ਵਾਲੀ ਔਰਤ ਸਮੇਤ 2 ਗ੍ਰਿਫਤਾਰ

09/23/2017 3:16:57 AM

ਸੁਲਤਾਨਪੁਰ ਲੋਧੀ,(ਧੀਰ)- ਹਲਕਾ ਸੁਲਤਾਨਪੁਰ ਲੋਧੀ ਨੂੰ ਪੂਰਨ ਰੂਪ 'ਚ ਨਸ਼ਾ ਮੁਕਤ ਬਣਾਉਣ ਦੇ ਦ੍ਰਿੜ ਇਰਾਦੇ ਨਾਲ ਨਸ਼ਾ ਸਮੱਗਲਰਾਂ ਦੀ ਭਾਲ ਥਾਣਾ ਸੁਲਤਾਨਪੁਰ ਲੋਧੀ ਵਲੋਂ ਲਗਾਤਾਰ ਜਾਰੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸੁਲਤਾਨਪੁਰ ਲੋਧੀ ਦੇ ਐੱਸ. ਐੱਚ. ਓ. ਸਰਬਜੀਤ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ  ਏ. ਐੱਸ. ਆਈ. ਕਿਰਪਾਲ ਸਿੰਘ ਨੇ ਪੁਲਸ ਪਾਰਟੀ ਸਮੇਤ ਡੱਲਾ ਮੋੜ ਰੋਡ 'ਤੇ ਰੇਲਵੇ ਫਾਟਕ ਦੇ ਨਜ਼ਦੀਕ ਨਾਕਾ ਲਾਇਆ ਹੋਇਆ ਸੀ ਤਾਂ ਇਕ ਵਿਅਕਤੀ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ ਜਿਸ ਨੇ ਆਪਣਾ ਨਾਮ ਸੁਖਦੇਵ ਸਿੰਘ ਉਰਫ ਸੁੱਖਾ ਪੁੱਤਰ ਸੁਰਜੀਤ ਸਿੰਘ ਵਾਸੀ ਫੌਜੀ ਕਾਲੋਨੀ ਦੱਸਿਆ, ਜਿਸ ਦੀ ਤਲਾਸ਼ੀ ਲੈਣ ਉਪਰੰਤ ਉਸ ਪਾਸੋਂ 550 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ। ਉਕਤ ਦੋਸ਼ੀ ਤੋਂ ਕੀਤੀ ਪੁੱਛਗਿੱਛ ਤੋਂ ਬਾਅਦ ਉਸਨੇ ਨਸ਼ਿਆਂ ਦੀ ਸਪਲਾਈ ਕਰਨ ਵਾਲੀ ਇਕ ਔਰਤ ਤੇ ਉਸਦੇ ਘਰ ਵਾਲੇ ਦਾ ਨਾਮ ਦੱਸਿਆ ਜਿਸ ਦੇ ਆਧਾਰ 'ਤੇ ਪੁਲਸ ਵਲੋਂ ਸ਼ਹਿਰ 'ਚ ਵੱਖ-ਵੱਖ ਥਾਵਾਂ 'ਤੇ ਏ. ਐੱਸ. ਆਈ. ਦਿਲਬਾਗ ਸਿੰਘ ਸਿਟੀ ਇੰਸਪੈਕਟਰ ਦੀ ਅਗਵਾਈ ਹੇਠ ਨਾਕੇ ਲਗਾਏ ਹੋਏ ਸਨ ਤਾਂ ਗੁਰਦੁਆਰਾ ਸੰਤ ਘਾਟ ਦੇ ਨਜ਼ਦੀਕ ਇਕ ਔਰਤ ਸੋਮਾ ਪਤਨੀ ਸੰਤੋਖ ਸਿੰਘ ਉਫਰ ਮੰਗਾ ਵਾਸੀ ਤੋਤੀ ਪਾਸੋਂ 110 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ। 
ਥਾਣਾ ਮੁਖੀ ਸਰਬਜੀਤ ਸਿੰਘ ਨੇ ਦੱਸਿਆ ਕਿ ਉਕਤ ਔਰਤ ਸੋਮਾ ਆਪਣੇ ਪਤੀ ਮੰਗਾ ਦੇ ਨਾਲ ਨਸ਼ੇ ਸਪਲਾਈ ਕਰਨ ਦਾ ਧੰਦਾ ਕਰਦੀ ਹੈ। ਉਨ੍ਹਾਂ ਦੱਸਿਆ ਕਿ ਸੋਮਾ ਦਾ ਪਤੀ ਹਾਲੇ ਫਰਾਰ ਹੈ ਉਸ ਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ। ਉਕਤ ਦੋਸ਼ੀਆਂ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਇਸ ਮੌਕੇ ਏ. ਐੱਸ. ਆਈ. ਦਿਲਬਾਗ ਸਿੰਘ, ਐੱਚ. ਸੀ. ਬਲਕਾਰ ਸਿੰਘ ਮੁੱਖ ਮੁਨਸ਼ੀ, ਐੱਚ. ਸੀ. ਅਮਰਜੀਤ ਸਿੰਘ ਰੀਡਰ , ਰਜਿੰਦਰ ਸਿੰਘ, ਲੇਡੀ ਕਾਂਸਟੇਬਲ ਰਾਜਬੀਰ ਕੌਰ ਆਦਿ ਹਾਜ਼ਰ ਸਨ। 


Related News