ਸੂਬੇ ''ਚ ਪਰਾਲੀ ਸਾੜਨ ਦੇ 193 ਮਾਮਲੇ ਆਏ ਸਾਹਮਣੇ, ਅੱਗ ਲਾਉਣ ਵਾਲੇ ਕਿਸਾਨਾਂ ''ਤੇ PPCB ਹੋਇਆ ਸਖ਼ਤ

Sunday, Oct 06, 2024 - 03:43 AM (IST)

ਸੂਬੇ ''ਚ ਪਰਾਲੀ ਸਾੜਨ ਦੇ 193 ਮਾਮਲੇ ਆਏ ਸਾਹਮਣੇ, ਅੱਗ ਲਾਉਣ ਵਾਲੇ ਕਿਸਾਨਾਂ ''ਤੇ PPCB ਹੋਇਆ ਸਖ਼ਤ

ਪਟਿਆਲਾ/ਰੱਖੜਾ (ਰਾਣਾ)- ਪੰਜਾਬ ਵਿਚ ਸਾਉਣੀ ਦੇ ਸੀਜ਼ਨ ਦੇ ਸ਼ੁਰੂ ਹੋਣ ਦੇ ਨਾਲ ਹੀ ਪਰਾਲੀ ਸਾੜਨ ਦੇ ਮਾਮਲੇ ਵੀ ਲਗਾਤਾਰ ਸਾਹਮਣੇ ਆ ਰਹੇ ਹਨ। ਇਸ ਦੇ ਚਲਦਿਆਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ.ਪੀ.ਸੀ.ਬੀ.) ਵੱਲੋਂ ਜਿਥੇ 16 ਜ਼ਿਲ੍ਹਿਆਂ ਅੰਦਰ 16 ਫਲਾਇੰਗ ਸਕੁਐਡ ਦੀ ਟੀਮਾਂ ਸਮੇਤ 9 ਸ਼ਹਿਰਾਂ ’ਤੇ ਹੁਣ ਡਰੋਨਾਂ ਨਾਲ ਵੀ ਨਜ਼ਰ ਰੱਖੀ ਜਾ ਰਹੀ ਹੈ, ਕਿਉਂਕਿ ਇਨ੍ਹਾਂ ਸ਼ਹਿਰਾਂ ਨੂੰ ਕੇਂਦਰ ਨੇ ਗੈਰ-ਪ੍ਰਾਪਤੀ ਵਾਲੇ ਸ਼ਹਿਰਾਂ ਦੀ ਸੂਚੀ ’ਚ ਸ਼ਾਮਲ ਕੀਤਾ ਸੀ।

ਇਹੋ ਕਾਰਨ ਹੈ ਕਿ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਵੀ ਸੂਬੇ ਵਿੱਚ ਆਪਣੀ ਨਿਗਰਾਨੀ ਵਧਾ ਦਿੱਤੀ ਹੈ। ਇਹ 9 ਸ਼ਹਿਰ ਡੇਰਾਬੱਸੀ, ਗੋਬਿੰਦਗੜ੍ਹ, ਜਲੰਧਰ, ਖੰਨਾ, ਲੁਧਿਆਣਾ, ਨੰਗਲ, ਪਠਾਨਕੋਟ, ਪਟਿਆਲਾ ਅਤੇ ਅੰਮ੍ਰਿਤਸਰ ਹਨ। ਇਸ ਤੋਂ ਇਲਾਵਾ ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਨੇ ਵੀ 16 ਫਲਾਇੰਗ ਸਕੁਐਡ ਟੀਮਾਂ ਦਾ ਗਠਨ ਕੀਤਾ ਸੀ, ਜੋ ਪਰਾਲੀ ਸਾੜਨ ਦੇ ਮਾਮਲਿਆਂ ’ਤੇ ਨਜ਼ਰ ਰੱਖ ਰਹੀਆਂ ਹਨ। ਚੰਡੀਗੜ੍ਹ ਅਤੇ ਮੋਹਾਲੀ ਵਿੱਚ ਵੀ ਝੋਨੇ ਦੀ ਪਰਾਲੀ ਪ੍ਰਬੰਧਨ ਸੈੱਲ ਸਥਾਪਿਤ ਕੀਤੇ ਜਾ ਰਹੇ ਹਨ। ਇਸ ਰਾਹੀਂ ਕਮਿਸ਼ਨ ਸਾਉਣੀ ਦੇ ਸੀਜ਼ਨ ਦੌਰਾਨ ਹੀ ਖੇਤੀਬਾੜੀ ਅਤੇ ਹੋਰ ਸਬੰਧਤ ਵਿਭਾਗਾਂ ਨਾਲ ਤਾਲਮੇਲ ਕਰਨ ਦਾ ਕੰਮ ਕਰੇਗਾ।

ਫਲਾਇੰਗ ਸਕੁਐਡ ਵੱਲੋਂ ਜ਼ਮੀਨੀ ਪੱਧਰ ’ਤੇ ਰੋਜ਼ਾਨਾ ਸਥਿਤੀ ਦੀ ਜਾਂਚ ਕੀਤੀ ਜਾਵੇਗੀ ਅਤੇ ਪਰਾਲੀ ਸਾੜਨ ਦੀ ਸੂਚਨਾ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਕਮਿਸ਼ਨ ਨੂੰ ਦਿੱਤੀ ਜਾਵੇਗੀ। ਹਰਿਆਣਾ ਦੇ 10 ਜ਼ਿਲਿਆਂ ਲਈ ਵੀ ਟੀਮਾਂ ਬਣਾਈਆਂ ਗਈਆਂ ਹਨ। ਇਸ ’ਚ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਟੀਮਾਂ ਰਾਜ ਦੇ ਨੋਡਲ ਅਫਸਰਾਂ ਨਾਲ ਤਾਲਮੇਲ ਕਰਨਗੀਆਂ ਕਿ ਉਹ ਪਰਾਲੀ ਸਾੜਨ ਦੇ ਮੁੱਦੇ ਨੂੰ ਰੋਕਣ ਲਈ ਕਿਵੇਂ ਕੰਮ ਕਰ ਰਹੇ ਹਨ।

ਇਹ ਵੀ ਪੜ੍ਹੋ- 800 ਪੰਜਾਬੀ ਤੇ 6500 ਪ੍ਰਵਾਸੀ ! ਪੰਜਾਬ ਦੇ ਇਸ ਪਿੰਡ 'ਚ ਸਰਪੰਚ ਤਾਂ ਛੱਡੋ, ਪੰਜਾਬੀ ਪੰਚ ਚੁਣਨਾ ਵੀ ਹੋਇਆ ਔਖਾ

ਕਮਿਸ਼ਨ ਵੱਲੋਂ ਪਰਾਲੀ ਸਾੜਨ ਦੇ ਹੌਟਸਪੌਟ ਜ਼ਿਲ੍ਹਿਆਂ ਦੀ ਪਛਾਣ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ। ਕੇਂਦਰ ਨੇ 9 ਸ਼ਹਿਰਾਂ ਨੂੰ ਗੈਰ ਪ੍ਰਾਪਤੀ ਵਾਲੇ ਸ਼ਹਿਰਾਂ ਦੀ ਸੂਚੀ ਵਿਚ ਸ਼ਾਮਲ ਕੀਤਾ ਸੀ। ਗੈਰ-ਪ੍ਰਾਪਤੀ ਵਾਲੇ ਸ਼ਹਿਰਾਂ ਉਨ੍ਹਾਂ ਸ਼ਹਿਰਾਂ ਨੂੰ ਐਲਾਨਿਆ ਜਾਂਦਾ ਹੈ, ਜੋ 5 ਸਾਲਾਂ ਦੀ ਮਿਆਦ ’ਚ ਲਗਾਤਾਰ 10 ਏਅਰ ਕੁਆਲਿਟੀ ਗੁਣਵੱਤਾ ਪੱਧਰਾਂ ਲਈ ਰਾਸ਼ਟਰੀ ਐਂਬੀਐਂਟ ਏਅਰ ਕੁਆਲਿਟੀ ਸਟੈਂਡਰਡ ਨੂੰ ਪੂਰਾ ਨਹੀਂ ਕਰਦੇ।

10 ਹਵਾ ਪ੍ਰਦੂਸ਼ਣ ਦਾ ਇੱਕ ਪੱਧਰ ਹੈ ਜੋ ਹਰ ਕਿਸੇ ਦੀ ਸਿਹਤ ਨੂੰ ਬਹੁਤ ਨੁਕਸਾਨ ਪਹੁੰਚਾਉਂਦਾ ਹੈ। ਹਵਾ ਵਿਚ ਪ੍ਰਦੂਸ਼ਣ ਦੇ ਕਣਾਂ ਦਾ ਪੱਧਰ ਵਧਣ ਨਾਲ ਸਾਹ ਲੈਣ ਵਿਚ ਤਕਲੀਫ਼, ਅੱਖਾਂ ਵਿਚ ਜਲਨ ਆਦਿ ਹੋ ਜਾਂਦੀ ਹੈ।

ਕੇਂਦਰ ਸਰਕਾਰ ਨੇ 131 ਸ਼ਹਿਰਾਂ ’ਚ ਪ੍ਰਦੂਸ਼ਣ ਪੱਧਰ ਨੂੰ ਸੁਧਾਰਨ ਲਈ ਰਾਸ਼ਟਰੀ ਸਵੱਛ ਹਵਾ ਪ੍ਰੋਗਰਾਮ ਵੀ ਸ਼ੁਰੂ ਕੀਤਾ ਹੈ, ਜਿਸ ਵਿਚ ਰਾਜ ਦੇ ਉਪਰੋਕਤ 9 ਸ਼ਹਿਰ ਸ਼ਾਮਲ ਹਨ। ਇਸ ਦੇ ਨਤੀਜੇ ਵੀ ਆਉਣੇ ਸ਼ੁਰੂ ਹੋ ਗਏ ਹਨ ਪਰ ਹਾਲ ਹੀ ’ਚ ਜਾਰੀ ਕੀਤੀ ਗਈ ਸੂਚੀ ਅਨੁਸਾਰ ਲੁਧਿਆਣਾ ਵਧੇਰੇ ਪ੍ਰਦੂਸ਼ਣ ਵਾਲੇ ਟਾਪ 10 ਸ਼ਹਿਰਾਂ ਵਿਚ ਰਿਹਾ ਹੈ।

ਇਸ ਲਈ ਸੂਬੇ ਵਿਚ ਹੋਰ ਕੰਮ ਕਰਨ ਦੀ ਲੋੜ ਹੈ। ਮਿਊਂਸੀਪਲ ਸੰਸਥਾਵਾਂ ਦੁਆਰਾ ਮਸ਼ੀਨੀ ਸਵੀਪਿੰਗ ਅਤੇ ਹਰਿਆਲੀ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਪੰਜਾਬ ’ਚ ਸ਼ਨੀਵਾਰ ਨੂੰ ਫਿਰ ਤੋਂ ਪਰਾਲੀ ਸਾੜੀ ਗਈ। ਪੰਜ ਨਵੇਂ ਕੇਸਾਂ ਨਾਲ ਕੁੱਲ ਗਿਣਤੀ 193 ਹੋ ਗਈ ਹੈ।

ਸੂਬੇ ਦੇ ਕਿਸਾਨਾਂ ਨੂੰ ਬੋਰਡ ਅਤੇ ਸਰਕਾਰ ਦਾ ਸਾਥ ਦੇਣ ਦੀ ਲੋੜ : ਚੇਅਰਮੈਨ
ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੇਅਰਮੈਨ ਅਦਰਸ਼ ਪਾਲ ਬਿਗ ਨੇ ਕਿਹਾ ਕਿ ਸੂਬੇ ਦੇ ਕਿਸਾਨਾਂ ਨੂੰ ਚਾਹੀਦਾ ਹੈ ਕਿ ਪਰਾਲੀ ਨੂੰ ਅੱਗ ਨਾ ਲਗਾ ਕੇ ਬੋਰਡ ਅਤੇ ਸਰਕਾਰ ਦਾ ਸਾਥ ਦੇਣ ਕਿਉਂਕਿ ਪਰਾਲੀ ਤੋਂ ਫੈਲਣ ਵਾਲੇ ਧੂੰਏਂ ਕਾਰਨ ਪੰਜਾਬ ਦੀ ਆਬੋ ਹਵਾ ਦੂਸ਼ਿਤ ਹੁੰਦੀ ਹੈ, ਉਥੇ ਹੀ ਪੰਜਾਬ ਨੇੜਲੇ ਸੂਬਿਆਂ ਨੂੰ ਵੀ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਹ ਵੀ ਪੜ੍ਹੋ- Exit Poll ; ਹਰਿਆਣਾ 'ਚ ਮੁੜ ਖਿੜੇਗਾ 'ਕਮਲ' ਜਾਂ 10 ਸਾਲ ਬਾਅਦ ਚੱਲੇਗਾ ਕਾਂਗਰਸ ਦਾ 'ਪੰਜਾ'

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News