ਨਗਰ ਕੀਰਤਨ ’ਚ ਸੰਗਤ ਨੂੰ ਲੁੱਟਣ ਆਈਆਂ ਸ਼ੱਕੀ ਔਰਤਾਂ ਕਾਬੂ

Saturday, Nov 22, 2025 - 06:25 PM (IST)

ਨਗਰ ਕੀਰਤਨ ’ਚ ਸੰਗਤ ਨੂੰ ਲੁੱਟਣ ਆਈਆਂ ਸ਼ੱਕੀ ਔਰਤਾਂ ਕਾਬੂ

ਮਾਛੀਵਾੜਾ ਸਾਹਿਬ (ਟੱਕਰ) - ਇਕ ਪਾਸੇ ਤਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮਾਂ ਸਬੰਧੀ ਸਜਾਏ ਨਗਰ ਕੀਰਤਨਾਂ ’ਤੇ ਸੰਗਤ ਵੱਧ ਚੜ੍ਹ ਕੇ ਸ਼ਮੂਲੀਅਤ ਕਰ ਸ਼ਰਧਾ ਦੇ ਫੁੱਲ ਭੇਟ ਕਰਨ ਆ ਰਹੀ ਹੈ ਉੱਥੇ ਦੂਜੇ ਪਾਸੇ ਕੁਝ ਇਨਸਾਨੀਅਤ ਨੂੰ ਸ਼ਰਮਸਾਰ ਕਰ ਧਾਰਮਿਕ ਸਮਾਗਮਾਂ ’ਚ ਸ਼ਾਮਲ ਸ਼ਰਧਾਲੂਆਂ ਦੇ ਰੂਪ ਵਿਚ ਸੰਗਤ ਨੂੰ ਲੁੱਟਣ ਲਈ ਵੀ ਚੋਰ ਗਿਰੋਹ ਪੂਰਾ ਸਰਗਰਮ ਰਿਹਾ। ਅੱਜ ਆਸਾਮ ਦੇ ਗੁਰਦੁਆਰਾ ਧੋਬੜੀ ਸਾਹਿਬ ਤੋਂ ਮਾਛੀਵਾੜਾ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਪੁੱਜਾ ਨਗਰ ਕੀਰਤਨ ਅਗਲੇ ਪੜਾਅ ਲਈ ਰਵਾਨਾ ਹੋਇਆ ਤਾਂ ਇਹ ਠਾਠਾਂ ਮਾਰਦੇ ਸੰਗਤ ਦੇ ਇਕੱਠ ਵਿਚ ਇਹ ਸ਼ਾਤਿਰ ਗਿਰੋਹ ਵੀ ਪੂਰੀ ਤਰ੍ਹਾਂ ਸਰਗਰਮ ਰਿਹਾ। ਹੱਦ ਤਾਂ ਉਸ ਸਮੇਂ ਹੋ ਗਈ ਜਦੋਂ ਔਰਤਾਂ ਦਾ ਇੱਕ ਵੱਡਾ ਗਿਰੋਹ ਮਾਛੀਵਾੜਾ ਪੁਲਸ ਥਾਣਾ ਅੱਗੇ ਬੇਖੌਫ਼  ਹੋ ਕੇ ਨਗਰ ਕੀਰਤਨ ਦਾ ਇੰਤਜ਼ਾਰ ਕਰ ਰਿਹਾ ਸੀ ਕਿ ਕਦੋਂ ਪਾਲਕੀ ਸਾਹਿਬ ਅੱਗੇ ਸੰਗਤ ਦਾ ਇਕੱਠ ਹੋਵੇ ਜਿਸ ਵਿਚ ਵੜ੍ਹ ਕੇ ਉਹ ਵਾਰਦਾਤ ਨੂੰ ਅੰਜ਼ਾਮ ਦੇ ਸਕਣ। ਪੁਲਸ ਵਲੋਂ ਥਾਣੇ ਅੱਗੇ ਸਲਾਮੀ ਦੇਣੀ ਸੀ ਅਤੇ ਲੋਕਾਂ ਦੀ ਸੁਰੱਖਿਆ ਲਈ ਡੀ.ਐੱਸ.ਪੀ. ਸਮਰਾਲਾ ਤਰਲੋਚਨ ਸਿੰਘ ਅਤੇ ਥਾਣਾ ਮੁਖੀ ਹਰਵਿੰਦਰ ਸਿੰਘ ਵਲੋਂ ਸਿਵਲ ਵਰਦੀ ਵਿਚ ਕਰਮਚਾਰੀ ਤਾਇਨਾਤ ਕੀਤੇ ਸਨ। ਪੁਲਸ ਦੇ ਇੱਕ ਕਰਮਚਾਰੀ ਦੀ ਨਜ਼ਰ ਥਾਣਾ ਨੇੜ੍ਹੇ ਖੜ੍ਹੇ ਇਨ੍ਹਾਂ ਔਰਤਾਂ ਦੇ ਗਿਰੋਹ ’ਤੇ ਪੈ ਗਈ ਜਿਸ ਨੂੰ ਸ਼ੱਕ ਹੋਇਆ ਕਿ ਇਹ ਕਿਸੇ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਫ਼ਿਰਾਕ ਵਿਚ ਹਨ। ਇਸ ਪੁਲਸ ਕਰਮਚਾਰੀ ਨੇ ਤੁਰੰਤ ਡੀ.ਐੱਸ.ਪੀ. ਨੂੰ ਸੂਚਨਾ ਦਿੱਤੀ ਜਿਨ੍ਹਾਂ ਮਹਿਲਾ ਪੁਲਸ ਕਰਮਚਾਰੀਆਂ ਦੀ ਡਿਊਟੀ ਲਗਾਈ ਕਿ ਇਸ ਔਰਤਾਂ ਦੇ ਗਿਰੋਹ ਦੀ ਜਾਂਚ ਕੀਤੀ ਜਾਵੇ।

ਪੁਲਸ ਵਲੋਂ ਇਹ ਸ਼ੱਕੀ ਔਰਤਾਂ ਹਿਰਾਸਤ ’ਚ ਲੈ ਲਈਆਂ ਗਈਆਂ ਅਤੇ ਕੁਝ ਹੀ ਸਮੇਂ ਬਾਅਦ ਮਾਛੀਵਾੜਾ ਪੁਲਸ ਕੋਲ ਤਿੰਨ ਸ਼ਿਕਾਇਤਾਂ ਪੁੱਜੀਆਂ ਜਿਸ ਵਿਚੋਂ ਇੱਕ ਔਰਤ ਨੇ ਕਿਹਾ ਕਿ ਉਸਦੇ ਹੱਥ ’ਚੋਂ ਸੋਨੇ ਦੀ ਚੂੜੀ ਗਾਇਬ ਹੈ ਜਦਕਿ 2 ਆੜ੍ਹਤੀਆਂ ਨੇ ਇਹ ਸ਼ਿਕਾਇਤ ਦਰਜ ਕਰਵਾਈ ਕਿ ਉਨ੍ਹਾਂ ਦੀ ਜੇਬ ’ਚੋਂ ਪਰਸ ਗਾਇਬ ਹਨ ਜਿਸ ’ਚ ਹਜ਼ਾਰਾਂ ਰੁਪਏ ਨਕਦੀ ਤੇ ਹੋਰ ਜ਼ਰੂਰੀ ਦਸਤਾਵੇਜ ਸ਼ਾਮਲ ਹਨ। ਇਹ ਵੀ ਜਾਣਕਾਰੀ ਮਿਲੀ ਕਿ ਚਰਨ ਕੰਵਲ ਚੌਂਕ ਨੇੜ੍ਹੇ ਨਗਰ ਕੀਰਤਨ ’ਚ ਸ਼ਾਮਲ ਇੱਕ ਸ਼ੱਕੀ ਔਰਤ ਨੂੰ ਕਾਬੂ ਕਰ ਲਿਆ ਗਿਆ ਜੋ ਸ਼ਰਧਾਲੂ ਵਜੋਂ ਆਈ ਔਰਤ ਦੀ ਚੇਨੀ ਉਤਾਰਨ ਦੀ ਕੋਸ਼ਿਸ਼ ਕਰ ਰਹੀ ਸੀ। ਲੋਕਾਂ ਵਲੋਂ ਉਸਦੀ ਧੱਕਾਮੁੱਕੀ ਕਰ ਛੱਡ ਦਿੱਤਾ ਗਿਆ। ਪੁਲਸ ਵਲੋਂ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਇਹ ਔਰਤਾਂ ਸੰਗਰੂਰ ਜ਼ਿਲੇ ਨਾਲ ਸਬੰਧ ਰੱਖਦੀਆਂ ਹਨ ਅਤੇ ਇਨ੍ਹਾਂ ’ਚੋਂ ਕਈਆਂ ਉੱਪਰ ਅਪਰਾਧਿਕ ਮਾਮਲੇ ਵੀ ਦਰਜ ਹਨ। ਥਾਣਾ ਮੁਖੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਔਰਤਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਜੋ ਸ਼ਿਕਾਇਤਾਂ ਆਈਆਂ ਹਨ ਉਸ ਅਧਾਰ ’ਤੇ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਪੁਲਸ ਦੀ ਜਾਂਚ ਮੁਕੰਮਲ ਹੋਣ ਤੋਂ ਬਾਅਦ ਉਹ ਦੱਸ ਸਕਣਗੇ ਕਿ ਅੱਜ ਨਗਰ ਕੀਰਤਨ ’ਚ ਸ਼ਾਮਲ ਇਹ ਚੋਰ ਗਿਰੋਹ ਦੇ ਕਿੰਨੇ ਮੈਂਬਰ ਸਨ। ਦੂਸਰੇ ਪਾਸੇ ਨਗਰ ਕੀਰਤਨ ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇੱਕ ਵਾਹਨ ’ਤੇ ਸਪੀਕਰ ਲਗਾ ਕੇ ਲੋਕਾਂ ਨੂੰ ਸੁਚੇਤ ਕੀਤਾ ਜਾ ਰਿਹਾ ਸੀ ਕਿ ਉਹ ਆਪਣੇ ਮੋਬਾਇਲ, ਪਰਸ ਅਤੇ ਗਹਿਣਿਆਂ ਦਾ ਖਿਆਲ ਰੱਖਣ ਪਰ ਇਸ ਦੇ ਬਾਵਜ਼ੂਦ ਵੀ ਸ਼ਰਧਾ ਭਾਵਨਾ ਨਾਲ ਨਗਰ ਕੀਰਤਨ ’ਚ ਸ਼ਾਮਲ ਸੰਗਤਾਂ ਨੂੰ ਲੁੱਟ ਦਾ ਸ਼ਿਕਾਰ ਹੋਣਾ ਪੈ ਗਿਆ। ਦੂਸਰੇ ਪਾਸੇ ਜੇਕਰ ਅੱਜ ਪੁਲਸ ਅਧਿਕਾਰੀ ਮੁਸ਼ਤੈਦੀ ਨਾ ਵਰਤਦੇ ਤਾਂ ਇਨ੍ਹਾਂ ਔਰਤਾਂ ਨੇ ਅਜੇ ਹੋਰ ਕਈ ਹੋਰ ਸ਼ਰਧਾਲੂਆਂ ਨੂੰ ਆਪਣਾ ਨਿਸ਼ਾਨਾ ਬਣਾ ਕੇ ਗਹਿਣੇ, ਪਰਸ ਤੇ ਹੋਰ ਕੀਮਤੀ ਸਮਾਨ ਚੋਰੀ ਕਰ ਲੈਣਾ ਸੀ।
 


author

Anmol Tagra

Content Editor

Related News