ਬੈਂਕ ਖਾਤੇ ਰਾਹੀਂ 19 ਲੱਖ ਰੁਪਏ ਦੀ ਠੱਗੀ
Thursday, Aug 03, 2017 - 06:25 AM (IST)

ਗੋਨਿਆਣਾ, (ਗੋਰਾ ਲਾਲ)- ਸ਼ਹਿਰ ਦੀ ਇਕ ਪੁਰਾਣੀ ਅਤੇ ਮਸ਼ਹੂਰ ਮਸ਼ੀਨਰੀ ਸਟੋਰ ਦੇ ਮਾਲਕ ਨਾਲ 2 ਨੌਜਵਾਨਾਂ ਵੱਲੋਂ ਬੜੇ ਹੀ ਅਜੀਬ ਢੰਗ ਨਾਲ ਬੈਂਕ ਰਾਹੀਂ 19 ਲੱਖ ਰੁਪਏ ਦੀ ਠੱਗੀ ਮਾਰੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਦੁਕਾਨਦਾਰ ਨੇ ਇਸ ਦੀ ਸੂਚਨਾ ਜ਼ਿਲਾ ਪੁਲਸ ਮੁਖੀ ਨੂੰ ਦਿੱਤੀ ਤੇ ਪੂਰੀ ਤਰ੍ਹਾਂ ਨਾਲ ਛਾਣਬੀਣ ਕਰਵਾਉਣ ਲਈ ਕਿਹਾ ਹੈ। ਬੱਸ ਸਟੈਂਡ ਦੇ ਬਾਹਰ ਗੋਇਲ ਮਸ਼ੀਨਰੀ ਦੇ ਮਾਲਕ ਪਵਨ ਕੁਮਾਰ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਦੀ ਦੁਕਾਨ 'ਤੇ 2 ਨੌਜਵਾਨ ਆਏ ਤੇ ਕਹਿਣ ਲੱਗੇ ਕਿ ਕੰਪਨੀ ਦਾ ਅਖਬਾਰ ਲਗਵਾਉਣ ਅਤੇ ਅਖਬਾਰ 'ਚ ਦੁਕਾਨ ਦੀ ਮੁਨਿਆਦੀ ਮੁਫਤ ਪ੍ਰਿੰਟ ਕਰਵਾਉਣ, ਜਿਸ ਦੇ ਬਦਲੇ 450 ਰੁਪਏ ਦਾ ਚੈੱਕ ਲੈ ਗਏ। ਉਸੇ ਹੀ ਚੈੱਕ ਨਾਲ ਛੇੜਛਾੜ ਕਰ ਕੇ ਉਨ੍ਹਾਂ ਨੇ ਬੈਂਕ ਖਾਤੇ ਰਾਹੀਂ 19 ਲੱਖ 4 ਹਜ਼ਾਰ 559 ਰੁਪਏ ਦੀ ਠੱਗੀ ਮਾਰ ਲਈ ਹੈ। ਉਕਤ ਮਾਲਕ ਨੇ ਕਿਹਾ ਕਿ ਉਨ੍ਹਾਂ ਨੇ ਚੈੱਕ 'ਤੇ 450 ਰੁਪਏ ਦੀ ਰਕਮ ਭਰ ਕੇ ਅਤੇ ਦਸਤਖਤ ਕਰ ਕੇ ਦੇ ਦਿੱਤਾ। ਪੀੜਤ ਦੁਕਾਨਦਾਰ ਨੇ ਅੱਗੇ ਕਿਹਾ ਕਿ ਉਨ੍ਹਾਂ ਦਾ ਲੜਕਾ 1 ਅਗਸਤ ਨੂੰ ਉਕਤ ਖਾਤੇ ਦੀ ਸਟੈਟਮੈਂਟ ਲੈਣ ਲਈ ਸਟੇਟ ਬੈਂਕ ਆਫ਼ ਪਟਿਆਲਾ 'ਚ ਗਿਆ ਤਾਂ ਉਥੇ ਉਸ ਦੇ ਉਸ ਸਮੇਂ ਹੋਸ਼ ਉਡ ਗਏ ਜਦੋਂ ਉਸ ਨੇ ਦੇਖਿਆ ਕਿ ਉਨ੍ਹਾਂ ਦੇ ਖਾਤੇ ਦੇ ਉਕਤ ਚੈੱਕ ਰਾਹੀਂ 19 ਲੱਖ 4 ਹਜ਼ਾਰ 559 ਰੁਪਏ ਆਰ. ਟੀ. ਜੀ. ਸੀ. ਰਾਹੀਂ ਸਾਵਨ ਜਿਊਲਰਜ਼ ਦੇ ਖਾਤੇ 'ਚ ਓਰੀÂੈਂਟਲ ਬੈਂਕ ਆਫ ਕਾਮਰਸ ਚੰਡੀਗੜ੍ਹ 'ਚ ਟਰਾਂਸਫਰ ਹੋ ਗਏ।
ਉਕਤ ਨੇ ਕਿਹਾ ਕਿ ਜਦੋਂ ਕਿ ਉਨ੍ਹਾਂ ਦੇ ਖਾਤੇ 'ਚ ਸਿਰਫ 6, 54, 092 ਰੁਪਏ ਸਨ ਪਰ 19,04,559 ਰੁਪਏ ਕਿਵੇਂ ਟਰਾਂਸਫਰ ਹੋਏ। ਜਦੋਂ ਇਸ ਸਬੰਧੀ ਉਕਤ ਮਾਲਕ ਅਨੁਸਾਰ ਬੈਂਕ 'ਚੋਂ ਚੈੱਕਬੁਕ ਨਾਲ ਮਿਲਾਣ ਕੀਤਾ ਤਾਂ ਪਤਾ ਲੱਗਾ ਕਿ ਉਹ ਚੈੱਕ ਤਾਂ ਅਖਬਾਰ ਦੇ ਮੁਲਾਜ਼ਮ ਨੂੰ 450 ਰੁਪਏ ਦਾ ਅਦਲਾ ਬਦਲੀ /ਕਟਿੰਗ ਕਰ ਕੇ 19 ਲੱਖ 4 ਹਜ਼ਾਰ 559 ਰੁਪਏ ਦੀ ਰਕਮ ਬਣਾਈ ਗਈ ਹੈ। ਜਦੋਂ ਕਿ ਉਕਤ ਦੁਕਾਨ ਦੀ ਲਿਮਟ 30 ਲੱਖ ਰੁਪਏ ਦੀ ਬਣੀ ਹੋਈ ਹੈ ਅਤੇ ਉਸ ਲਿਮਟ 'ਚੋਂ 23 ਲੱਖ 45 ਹਜ਼ਾਰ 907 ਰੁਪਏ ਵਰਤੇ ਹੋਏ ਹਨ ਅਤੇ 19 ਲੱਖ 4 ਹਜ਼ਾਰ 559 ਰੁਪਏ ਸਾਵਨ ਜਿਊਲਰਜ਼ ਚੰਡੀਗੜ੍ਹ ਦੇ ਖਾਤੇ 'ਚ ਕਿਵੇਂ ਪਾ ਦਿੱਤੀ। ਇਸ ਸਬੰਧੀ ਸਥਾਨਕ ਪਟਿਆਲਾ ਬੈਂਕ ਦੇ ਬ੍ਰਾਂਚ ਮੈਨੇਜਰ ਨਰੇਸ਼ ਕੁਮਾਰ ਗੋਇਲ ਨੇ ਕਿਹਾ ਕਿ ਗਲਤੀ ਨਾਲ ਉਕਤ ਮਸ਼ੀਨਰੀ ਸਟੋਰ ਦੇ ਮਾਲਕ ਦਾ ਚੈੱਕ ਪਾਸ ਹੋ ਗਿਆ ਸੀ, ਬੈਂਕ ਨੇ ਆਪਣੀ ਅਗਲੀ ਕਾਰਵਾਈ ਪੁਲਸ ਨੂੰ ਸੌਂਪ ਦਿੱਤੀ ਹੈ ਅਤੇ ਠੱਗੀ ਮਾਰਨ ਵਾਲੇ ਖਪਤਕਾਰ ਦਾ ਖਾਤਾ ਬਲਾਕ ਕਰ ਦਿੱਤਾ ਗਿਆ ਹੈ। ਪੀੜਤ ਮਸ਼ੀਨਰੀ ਸਟੋਰ ਦੇ ਮਾਲਕ ਨੇ ਉਕਤ ਸਾਰੇ ਮਾਮਲੇ ਬਾਰੇ ਜ਼ਿਲਾ ਪੁਲਸ ਮੁਖੀ ਬਠਿੰਡਾ ਨੂੰ ਜਾਣੂ ਕਰਵਾ ਦਿੱਤਾ ਹੈ, ਉਨ੍ਹਾਂ ਨੇ ਇਸ ਦੀ ਅਗਲੀ ਕਾਰਵਾਈ ਲਈ ਸਬੰਧਿਤ ਅਫ਼ਸਰਾਂ ਦੀ ਡਿਊਟੀ ਲਗਾ ਦਿੱਤੀ ਹੈ ।