16 ਸਾਲਾ ਨਾਬਾਲਗ ਦੇ ਲਿਫਟ ''ਚ 20 ਮਿੰਟ ਅਟਕੇ ਰਹੇ ਸਾਹ, ਬਾਹਰ ਕੱਢਣ ''ਤੇ ਹੋਈ ਮੌਤ

11/30/2019 7:49:39 PM

ਲੁਧਿਆਣਾ, (ਰਿਸ਼ੀ)— ਇਸਲਾਮਾਗੰਜ 'ਚ ਪ੍ਰਿੰਸ ਲਿਫਾਫਾ ਸਟੋਰ 'ਚ ਸ਼ਨੀਵਾਰ ਸਵੇਰੇ 11.15 ਵਜੇ ਸਾਫ ਸਫਾਈ ਕਰਦੇ ਸਮੇਂ 16 ਸਾਲਾ ਨੌਕਰ ਅਚਾਨਕ ਲਿਫਟ ਦੀ ਲਪੇਟ 'ਚ ਆ ਗਿਆ, ਲਗਭਗ 20 ਮਿੰਟ ਤੱਕ ਨਾਬਾਲਗ ਲਿਫਟ ਤੇ ਦੀਵਾਰ ਦੇ ਵਿਚਕਾਰ ਫਸਿਆ ਰਿਹਾ। ਲੋਕਾਂ ਨੇ ਹੱਥ ਨਾਲ ਲਿਫਟ ਉਪਰ ਖਿੱਚ ਕੇ ਜ਼ਖਮੀ ਹਾਲਤ 'ਚ ਨੌਜਵਾਨ ਨੂੰ ਬਾਹਰ ਕੱਢਿਆ ਤੇ ਇਲਾਜ ਲਈ ਸੀ. ਐੱਮ. ਸੀ. ਹਸਪਤਾਲ ਪਹੁੰਚਾਇਆ, ਇਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ। ਡਵੀਜ਼ਨ ਨੰ. 2 ਦੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾਘਰ 'ਚ ਰਖਵਾ ਦਿੱਤੀ ਹੈ। ਖਬਰ ਲਿਖੇ ਜਾਣ ਤੱਕ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਸੀ।
ਐੱਚ. ਐੱਚ. ਓ. ਇੰਸਪੈਕਟਰ ਸੁਰਿੰਦਰ ਚੋਪੜਾ ਮੁਤਾਬਕ ਮ੍ਰਿਤਕ ਦੀ ਪਛਾਣ ਅਰਵਿੰਦਰ ਕੁਮਾਰ ਵਜੋਂ ਹੋਈ ਹੈ। ਪੁਲਸ ਨੂੰ ਦਿੱਤੇ ਬਿਆਨ 'ਚ ਜੀਜਾ ਰਾਜੇਸ਼ ਕੁਮਾਰ ਨੇ ਦੱਸਿਆ ਕਿ 6 ਮਹੀਨੇ ਪਹਿਲਾਂ ਸਾਲਾ ਅਰਵਿੰਦਰ ਬਲਰਾਮਪੁਰ (ਯੂ. ਪੀ.) ਤੋਂ ਉਸ ਕੋਲ ਰਹਿਣ ਲਈ ਆਇਆ ਸੀ ਤੇ ਉਹ ਉਕਤ ਲਿਫਾਫੇ ਦੀ ਦੁਕਾਨ 'ਤੇ 8 ਸਾਲਾਂ ਤੋਂ ਰੇਹੜਾ ਚਲਾ ਰਿਹਾ ਹੈ ਤੇ ਆਪਣੇ ਸਾਲੇ ਨੂੰ ਵੀ ਉਥੇ ਨੌਕਰੀ 'ਤੇ ਰਖਵਾ ਦਿੱਤਾ। ਰੋਜ਼ਾਨਾ ਦੀ ਤਰ੍ਹਾਂ ਸਵੇਰੇ ਘਰੋਂ ਉਹ ਕੰਮ 'ਤੇ ਆਇਆ ਸੀ, ਜਿਸ ਤੋਂ ਬਾਅਦ ਹਾਦਸਾ ਹੋ ਗਿਆ।
ਦੁਕਾਨ 'ਤੇ ਕੰਮ ਕਰਨ ਵਾਲੇ ਸੋਨੂੰ ਨੇ ਦੱਸਿਆ ਕਿ ਉਹ 3 ਮੰਜ਼ਿਲੀ ਦੁਕਾਨ 'ਤੇ ਹੀ ਪਰਿਵਾਰ ਸਮੇਤ ਰਹਿੰਦਾ ਹੈ। ਸਵੇਰੇ ਅਰਵਿੰਦਰ ਪਹਿਲੀ ਮੰਜ਼ਿਲ 'ਤੇ ਝਾੜੂ ਲਾ ਰਿਹਾ ਸੀ, ਉੱਪਰੋਂ ਹੇਠਾਂ ਆ ਰਹੀ ਲਿਫਟ 'ਚ ਅਚਾਨਕ ਝਾੜੂ ਫਸ ਗਿਆ ਅਤੇ ਲਿਫਟ ਅਤੇ ਦੀਵਾਰ 'ਚ ਉਹ ਫਸ ਗਿਆ। ਰੌਲੇ ਦੀ ਆਵਾਜ਼ ਸੁਣ ਕੇ ਦੁਕਾਨ ਮਾਲਕ ਗੁਰਦੀਪ ਸਿੰਘ ਨੇ ਆਪਣੇ ਲੜਕੇ ਮਨਿੰਦਰ ਸਿੰਘ ਨੂੰ ਫੋਨ ਕਰ ਕੇ ਬੁਲਾਇਆ। ਆਸ-ਪਾਸ ਦੇ ਇਕੱਠੇ ਹੋਏ ਲੋਕਾਂ ਦੀ ਮਦਦ ਨਾਲ ਹੱਥ ਨਾਲ ਰੱਸੀ ਖਿੱਚ ਕੇ ਲਗਭਗ 20 ਮਿੰਟ ਬਾਅਦ ਲਿਫਟ ਉੱਪਰ ਲਿਆਂਦੀ ਗਈ ਅਤੇ ਜ਼ਖਮੀ ਹੋਏ ਨੂੰ ਬਾਹਰ ਕੱਢ ਕੇ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਪੁਲਸ ਮੁਤਾਬਕ ਬਿਲਡਿੰਗ ਦੇ ਗਰਾਊਡ ਫਲੋਰ 'ਤੇ ਲਿਫਾਫੇ ਦੀ ਦੁਕਾਨ ਹੈ, ਜਦੋਂਕਿ ਉਪਰਲੀਆਂ ਮੰਜ਼ਿਲਾਂ 'ਤੇ ਗੋਦਾਮ ਬਣਵਾਏ ਗਏ ਹਨ। ਨਿਯਮਾਂ ਮੁਤਾਬਕ ਓਪਨ ਲਿਫਟ ਲਵਾਈ ਜਾਣ ਅਤੇ ਨਾਬਾਲਗ ਨੂੰ ਕੰਮ 'ਤੇ ਰੱਖਣ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਪੁਲਸ ਨੇ ਧਾਰਾ 174 ਦੀ ਕਾਰਵਾਈ ਸ਼ੁਰੂ ਕੀਤੀ ਹੈ।

ਮਾਲਕਾਂ ਵੱਲੋਂ ਦੁਰਘਟਨਾ ਹੋਣ ਤੋਂ ਬਾਅਦ ਇਕ ਵਾਰ ਮਾਮਲਾ ਦੱਬਣ ਦਾ ਯਤਨ ਕੀਤਾ ਗਿਆ ਪਰ ਪਤਾ ਲੱਗਦੇ ਹੀ ਪੁਲਸ ਸੀ. ਐੱਮ. ਸੀ. ਹਸਪਤਾਲ ਪੁੱਜ ਗਈ। ਮ੍ਰਿਤਕ ਦੇ ਜੀਜਾ ਤੇ ਭੈਣ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਸੀ। ਮੌਕੇ 'ਤੇ ਪੁੱਜੇ ਕੁਝ ਆਪ-ਮੁਹਾਰੇ ਬਣੇ ਨੇਤਾਵਾਂ ਵੱਲੋਂ ਜੀਜੇ ਅਤੇ ਭੈਣ ਨੂੰ ਲਾਸ਼ ਦੇ ਨਾਲ ਯੂ. ਪੀ. ਭੇਜਣ ਦਾ ਪ੍ਰਬੰਧ ਸ਼ੁਰੂ ਕਰ ਦਿੱਤਾ ਗਿਆ ਪਰ ਪੁਲਸ ਦੇ ਪੁੱਜਦੇ ਹੀ ਸਾਰੇ ਰਫੂ-ਚੱਕਰ ਹੋ ਗਏ।


KamalJeet Singh

Content Editor

Related News