ਡੈਬਿਟ ਕਾਰਡ ਨਾਲ ਆਨਲਾਈਨ 14 ਹਜ਼ਾਰ ਦੀ ਠੱਗੀ

Sunday, Oct 08, 2017 - 06:46 AM (IST)

ਡੈਬਿਟ ਕਾਰਡ ਨਾਲ ਆਨਲਾਈਨ 14 ਹਜ਼ਾਰ ਦੀ ਠੱਗੀ

ਅੰਮ੍ਰਿਤਸਰ, (ਸੰਜੀਵ)- ਡੈਬਿਟ ਕਾਰਡ ਤੋਂ ਆਨਲਾਈਨ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਠੱਗਾਂ ਨੇ ਸਥਾਨਕ ਰਾਣੀ ਕਾ ਬਾਗ ਦੀ ਰਹਿਣ ਵਾਲੀ ਨੇਹਾ ਸ਼ਰਮਾ ਨੂੰ ਆਪਣਾ ਨਿਸ਼ਾਨਾ ਬਣਾ ਕੇ ਉਸ ਦੇ ਅਕਾਊਂਟ 'ਚੋਂ 14 ਹਜ਼ਾਰ ਰੁਪਏ ਟਰਾਂਸਫਰ ਕਰਵਾ ਲਏ। ਕੁਝ ਦਿਨ ਪਹਿਲਾਂ ਨੇਹਾ ਨੇ ਸਟਰੀਟ ਸਟਾਈਲ ਸ਼ਾਪਿੰਗ ਨਾਂ ਦੀ ਕੰਪਨੀ ਤੋਂ ਆਨਲਾਈਨ ਕੱਪੜੇ ਮੰਗਵਾਏ ਸਨ, ਜੇ ਕੱਪੜਿਆਂ ਦੀ ਡਲਿਵਰੀ ਨਾ ਹੋਈ ਤਾਂ ਕੰਪਨੀ ਨੇ ਪੈਸਾ ਰਿਫੰਡ ਕਰਨ ਨੂੰ ਕਿਹਾ ਸੀ। ਲੁਟੇਰਿਆਂ ਨੇ ਨੇਹਾ ਨੂੰ ਫੋਨ ਕੀਤਾ ਅਤੇ ਆਪਣੇ ਆਪ ਨੂੰ ਸਟਰੀਟ ਸਟਾਈਲ ਸ਼ਾਪਿੰਗ ਕੰਪਨੀ ਦੇ ਨੁਮਾਇੰਦੇ ਦੱਸ ਕੇ ਉਸ ਤੋਂ ਆਨਲਾਈਨ ਪੈਸਾ ਟਰਾਂਸਫਰ ਕਰਨ ਲਈ ਉਸਦੇ ਡੈਬਿਟ ਕਾਰਡ ਦੀ ਪੂਰੀ ਡਿਟੇਲ ਮੰਗ ਲਈ, ਜਿਸ ਤੋਂ ਬਾਅਦ ਲੁਟੇਰੇ ਉਸ ਦੇ ਖਾਤੇ 'ਚੋਂ ਪੈਸਾ ਟਰਾਂਸਫਰ ਕਰਨ ਲੱਗੇ। ਜਦੋਂ ਤੱਕ ਨੇਹਾ ਬੈਂਕ ਨਾਲ ਸੰਪਰਕ ਕਰ ਕੇ ਆਪਣੇ ਕਾਰਡ ਨੂੰ ਬਲਾਕ ਕਰਦੀ, ਲੁਟੇਰੇ 14 ਹਜ਼ਾਰ ਰੁਪਏ ਦੀ ਰਾਸ਼ੀ ਕਢਵਾ ਚੁੱਕੇ ਸਨ। ਨੇਹਾ ਦੀ ਸ਼ਿਕਾਇਤ 'ਤੇ ਪੁਲਸ ਨੇ ਕਾਨੂੰਨੀ ਕਾਰਵਾਈ ਕਰ ਦਿੱਤੀ ਹੈ। ਨੇਹਾ ਨੇ ਦੱਸਿਆ ਕਿ ਉਸਨੇ ਆਪਣੇ ਮੋਬਾਇਲ ਵਿਚ ਇਕ ਐਪ ਡਾਊਨਲੋਡ ਕੀਤਾ ਸੀ, ਜਿਸ ਜ਼ਰੀਏ ਉਸ ਨੇ ਕੁਝ ਖਰੀਦੋ-ਫਰੋਖਤ ਕਰ ਕੇ ਪੇਮੈਂਟ ਕਰ ਦਿੱਤੀ। ਜਦੋਂ ਉਸ ਦੇ ਸਾਮਾਨ ਦੀ ਡਲਿਵਰੀ ਨਾ ਹੋਈ ਤਾਂ ਉਸਨੇ ਸਟਰੀਟ ਸਟਾਈਲ ਸ਼ਾਪਿੰਗ ਵਿਚ ਫੋਨ ਮਿਲਾਇਆ ਅਤੇ ਉਨ੍ਹਾਂ ਤੋਂ ਪੈਸਾ ਰਿਫੰਡ ਮੰਗਿਆ। ਜਦੋਂ ਰਿਫੰਡ ਨਹੀਂ ਮਿਲਿਆ ਤਾਂ ਉਸਨੇ ਨੈੱਟ 'ਤੇ ਕੰਪਨੀ ਬਾਰੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਪਤਾ ਲੱਗਾ ਕਿ ਕੰਪਨੀ ਵਿਰੁੱਧ ਸੈਂਕੜੇ ਸ਼ਿਕਾਇਤਾਂ ਦਰਜ ਹਨ। ਉਸ ਨੇ ਕੰਜ਼ਿਊਮਰ ਫ਼ੋਰਮ ਵਿਚ ਅਰਜ਼ੀ ਦਿੱਤੀ ਸੀ, ਜਿਸ ਤੋਂ ਬਾਅਦ ਅੱਜ ਉਸ ਨੂੰ ਫੋਨ ਆਇਆ ਅਤੇ ਜੋ ਵਿਅਕਤੀ ਬੋਲ ਰਿਹਾ ਸੀ, ਉਹ ਕੰਪਨੀ ਦੇ ਰਿਫੰਡ ਦੀ ਗੱਲ ਕਰਨ ਲੱਗਾ। ਆਪਣੀਆਂ ਗੱਲਾਂ ਵਿਚ ਉਲਝਾ ਕੇ ਜਵਾਨ ਨੇ ਉਸ ਤੋਂ ਉਸ ਦੇ ਡੈਬਿਟ ਕਾਰਡ ਦੀ ਡਿਟੇਲ ਮੰਗ ਲਈ।   
ਫੋਨ 'ਤੇ ਨਾ ਦੱਸੋ ਆਪਣੇ ਕਾਰਡ ਦੀ ਡਿਟੇਲ 
ਆਏ ਦਿਨ ਆਨਲਾਈਨ ਹੋ ਰਹੀ ਠੱਗੀ ਦੇ ਬਾਵਜੂਦ ਲੋਕ ਇਨ੍ਹਾਂ ਠੱਗਾਂ ਦੀਆਂ ਗੱਲਾਂ ਵਿਚ ਆ ਕੇ ਹਜ਼ਾਰਾਂ ਦਾ ਨੁਕਸਾਨ ਕਰ ਰਹੇ ਹਨ। ਭਾਰਤ ਵਿਚ ਵੱਡੇ ਪੱਧਰ 'ਤੇ ਅਜਿਹੇ ਗਿਰੋਹ ਸਰਗਰਮੀ ਨਾਲ ਕੰਮ ਕਰ ਰਹੇ ਹਨ, ਜੋ ਲੋਕਾਂ ਦੀ ਕਮਾਈ ਨੂੰ ਆਸਾਨੀ ਨਾਲ ਆਪਣੇ ਖਾਤੇ ਵਿਚ ਟਰਾਂਸਫਰ ਕਰ ਲੈਂਦੇ ਹਨ। ਇਨ੍ਹਾਂ ਲੁਟੇਰਿਆਂ ਤੋਂ ਬਚਣ ਲਈ ਲੋਕਾਂ ਨੂੰ ਸਿੱਧਾ ਫਾਰਮੂਲਾ ਅਪਣਾਉਣਾ ਹੋਵੇਗਾ। ਫੋਨ ਕਿਸੇ ਦਾ ਵੀ ਆਏ, ਉਸ ਨੂੰ ਆਪਣੇ ਕਾਰਡ ਦੀ ਡਿਟੇਲ ਮੋਬਾਇਲ 'ਤੇ ਨਾ ਦਿੱਤੀ ਜਾਵੇ ਕਿਉਂਕਿ ਇਸ ਨਾਲ ਤੁਸੀਂ ਕਿਸੇ ਵੀ ਸਮੇਂ ਆਪਣੇ ਪੈਸੇ ਦਾ ਨੁਕਸਾਨ ਕਰ ਸਕਦੇ ਹੋ। 


Related News