ਕੈਨੇਡਾ ਭੇਜਣ ਦੇ ਨਾਂ ''ਤੇ 14.5 ਲੱਖ ਰੁਪਏ ਦੀ ਠੱਗੀ

Wednesday, Mar 07, 2018 - 11:17 PM (IST)

ਨਵਾਂਸ਼ਹਿਰ, (ਤ੍ਰਿਪਾਠੀ)- ਵਰਕ ਪਰਮਿਟ 'ਤੇ ਕੈਨੇਡਾ ਭੇਜਣ ਦੇ ਨਾਂ 'ਤੇ 14.5 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਪੁਲਸ ਨੇ ਪਤੀ-ਪਤਨੀ ਸਮੇਤ 4 ਲੋਕਾਂ ਖਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ ।  
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੁਲਦੀਪ ਸਿੰਘ ਪੁੱਤਰ ਨਿਰੰਜਣ ਸਿੰਘ ਨਿਵਾਸੀ ਭਰੋਲੀ ਤਹਿਸੀਲ ਬੰਗਾ ਨੇ ਦੱਸਿਆ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ । ਟਰੈਵਲ ਏਜੰਟੀ ਦਾ ਕੰਮ ਕਰਨ ਵਾਲੇ ਪ੍ਰਦੀਪ ਸਿੰਘ ਪੁੱਤਰ ਦਲਜੀਤ ਸਿੰਘ ਤੇ ਉਸ ਦੀ ਪਤਨੀ ਸੋਨੂੰ ਨਿਵਾਸੀ ਪਿੰਡ ਚੱਕ ਥੋਥੜਾ ਤਹਿਸੀਲ ਫਿਲੌਰ ਜ਼ਿਲਾ ਜਲੰਧਰ, ਉਸ ਦੇ ਰਿਸ਼ਤੇਦਾਰ ਹਨ ।  ਉਸ ਨੇ ਦੱਸਿਆ ਕਿ ਨਵੰਬਰ, 2016 'ਚ ਉਕਤ ਜੋੜਾ ਉਨ੍ਹਾਂ ਦੇ ਘਰ ਆਇਆ ਤੇ ਉਸ ਨੂੰ ਆਪਣੇ ਲੜਕੇ ਨੂੰ ਵਰਕ ਪਰਮਿਟ 'ਤੇ ਕੈਨੇਡਾ ਭੇਜਣ ਦੀ ਗੱਲ ਕੀਤੀ । ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਉਨ੍ਹਾਂ ਦੀਆਂ ਗੱਲਾਂ 'ਚ ਆ ਗਿਆ ਤੇ ਉਨ੍ਹਾਂ ਦਾ ਕੈਨੇਡਾ ਭੇਜਣ ਦਾ ਸੌਦਾ 28 ਲੱਖ ਰੁਪਏ 'ਚ ਤੈਅ ਹੋਇਆ। ਇਸ 'ਚੋਂ ਅੱਧੀ ਰਕਮ ਪਹਿਲਾਂ ਤੇ ਬਾਕੀ ਰਕਮ ਵੀਜ਼ਾ ਲੱਗਣ ਤੇ ਕੈਨੇਡਾ ਪੁੱਜਣ ਤੋਂ ਬਾਅਦ ਦਿੱਤੀ ਜਾਣੀ ਸੀ ।
ਕੁਲਦੀਪ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੇ ਲੜਕੇ ਅਰਵਿੰਦਰ ਦਾ ਪਾਸਪੋਰਟ ਤੇ 14.5 ਲੱਖ ਰੁਪਏ ਦੀ ਰਕਮ ਆਪਣੇ ਜਾਣ-ਪਛਾਣ ਵਾਲੇ ਲੋਕਾਂ ਦੇ ਸਾਹਮਣੇ ਉਕਤ ਏਜੰਟਾਂ ਨੂੰ ਦਿੱਤੇ। ਇਸ ਦੌਰਾਨ ਏਜੰਟਾਂ ਨੇ ਕਿਹਾ ਕਿ ਵੀਜ਼ਾ ਜਲਦ ਹੀ ਉਨ੍ਹਾਂ ਦੇ ਵਟਸਐਪ 'ਤੇ ਪਾ ਦਿੱਤਾ ਜਾਵੇਗਾ। ਉਹ ਅਗਲੀ ਕਿਸ਼ਤ ਦੀ ਰਕਮ ਤਿਆਰ ਰੱਖੇ । 
ਸ਼ਿਕਾਇਤਕਰਤਾ ਨੇ ਦੱਸਿਆ ਕਿ ਕੁਝ ਦਿਨਾਂ ਉਪਰੰਤ ਉਕਤ ਏਜੰਟਾਂ ਨੇ ਵਟਸਅੱਪ 'ਤੇ ਵੀਜ਼ਾ ਭੇਜ ਦਿੱਤਾ । ਸ਼ੱਕ ਹੋਣ 'ਤੇ ਜਦੋਂ ਉਕਤ ਵੀਜ਼ੇ ਨੂੰ ਦਿੱਲੀ ਜਾ ਕੇ ਚੈੱਕ ਕਰਵਾਇਆ ਗਿਆ ਤਾਂ ਉਹ ਜਾਅਲੀ ਨਿਕਲਿਆ । ਕੁਲਦੀਪ ਸਿੰਘ ਨੇ ਦੱਸਿਆ ਕਿ ਕੁਝ ਦਿਨਾਂ ਤੱਕ ਉਕਤ ਏਜੰਟ ਪੈਸੇ ਵਾਪਸ ਕਰਨ ਦਾ ਵਾਅਦਾ ਕਰਦੇ ਰਹੇ ਪਰ ਵਾਪਸ ਨਾ ਕੀਤੇ । ਪੰਚਾਇਤੀ ਸਮਝੌਤੇ 'ਚ ਕੁੱਝ ਸਮਾਂ ਮੰਗ ਕੇ ਉਨ੍ਹਾਂ ਤੈਅ ਸਮੇਂ 'ਤੇ ਡੇਢ ਗੁਣਾ ਪੈਸੇ ਦੇਣ ਦਾ ਵਾਅਦਾ ਕੀਤਾ । ਇਸ ਦੌਰਾਨ ਉਕਤ ਏਜੰਟਾਂ ਦੁਆਰਾ ਦਿੱਤਾ ਗਿਆ ਚੈੱਕ ਵੀ ਬੈਂਕ 'ਚ ਬਾਊਂਸ ਹੋ ਗਿਆ । ਸ਼ਿਕਾਇਤਕਰਤਾ ਨੇ ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ 'ਚ ਪੈਸੇ ਵਾਪਸ ਕਰਵਾਉਣ ਤੇ ਦੋਸ਼ੀਆਂ ਖਿਲਾਫ਼ ਕਾਨੂੰਨ ਤਹਿਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ । ਏ. ਸੀ. ਪੀ. ਸਬ-ਡਵੀਜ਼ਨ ਬੰਗਾ ਨੇ ਸ਼ਿਕਾਇਤ ਦੀ ਜਾਂਚ ਕਰਨ ਉਪਰੰਤ ਪੁਲਸ ਨੇ ਪ੍ਰਦੀਪ ਸਿੰਘ ਤੇ ਉਸ ਦੀ ਪਤਨੀ ਸੋਨੂੰ ਸਮੇਤ ਹਰਸ਼ ਢੱਡਾ ਪੁੱਤਰ ਕੇਵਲ ਕ੍ਰਿਸ਼ਨ ਨਿਵਾਸੀ ਜਲੰਧਰ ਤੇ ਤਲਵਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਨਿਵਾਸੀ ਜਲੰਧਰ ਖਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।


Related News