ਪੁਲਸ ਅਤੇ BSF ਨੇ 12 ਕਿੱਲੋ ਤੋਂ ਵੱਧ ਹੈਰੋਇਨ ਸਮੇਤ 3 ਤਸਕਰ ਕੀਤੇ ਗ੍ਰਿਫ਼ਤਾਰ

Sunday, Sep 27, 2026 - 02:34 PM (IST)

ਪੁਲਸ ਅਤੇ BSF ਨੇ 12 ਕਿੱਲੋ ਤੋਂ ਵੱਧ ਹੈਰੋਇਨ ਸਮੇਤ 3 ਤਸਕਰ ਕੀਤੇ ਗ੍ਰਿਫ਼ਤਾਰ

ਫਿਰੋਜ਼ਪੁਰ (ਪਰਮਜੀਤ ਸੋਢੀ) : ਫਿਰੋਜ਼ਪੁਰ ਜ਼ਿਲ੍ਹਾ ਪੁਲਸ ਅਤੇ ਸਰਹੱਦੀ ਸੁਰੱਖਿਆ ਬਲ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਚਲਾਈ ਜਾ ਰਹੀ ਸਾਂਝੀ ਮੁਹਿੰਮ ਤਹਿਤ ਸਫ਼ਲਤਾ ਹਾਸਲ ਕੀਤੀ ਗਈ ਹੈ। ਬੀ. ਐੱਸ. ਐੱਫ. ਦੀ ਬੀ. ਓ. ਪੀ. ਕੱਸੋਕੇ ਦੇ ਅਸਿਸਟੈਂਟ ਕਮਾਂਡੈਂਟ ਰਾਜੇਸ਼ ਕੁਮਾਰ ਵੱਲੋਂ ਥਾਣਾ ਸਦਰ ਫਿਰੋਜ਼ਪੁਰ ਦੇ ਮੁੱਖ ਅਫ਼ਸਰ ਇੰਸਪੈਕਟਰ ਗੁਰਵਿੰਦਰ ਕੁਮਾਰਨੂੰ ਗੁਪਤ ਸੂਚਨਾ ਦਿੱਤੀ ਗਈ ਸੀ ਕਿ ਸਰਹੱਦੀ ਖੇਤਰ 'ਚ ਨਸ਼ਾ ਤਸਕਰਾਂ ਵੱਲੋਂ ਹੈਰੋਇਨ ਦੀ ਵੱਡੀ ਖ਼ੇਪ ਲਿਆਂਦੀ ਗਈ ਹੈ। ਪੁਲਸ ਅਧਕਾਰੀ ਨੇ ਦੱਸਿਆ ਕਿ ਪੁਲਸ ਅਤੇ ਬੀ. ਐੱਸ. ਐੱਫ. ਵੱਲੋਂ ਸਾਂਝੀ ਕਾਰਵਾਈ ਕਰਦਿਆਂ ਮੌਕੇ ’ਤੇ ਮੌਜੂਦ ਦੋਸ਼ੀਅਨ ਨੂੰ ਘੇਰ ਲਿਆ ਗਿਆ। ਤਲਾਸ਼ੀ ਦੌਰਾਨ ਦੋਸ਼ੀਅਨ ਦੇ ਕਬਜ਼ੇ ਵਿੱਚੋਂ ਹੈਰੋਇਨ ਦੇ 12 ਪੈਕੇਟ ਬਰਾਮਦ ਕੀਤੇ ਗਏ, ਜਿਨ੍ਹਾਂ ਦਾ ਕੁੱਲ ਵਜ਼ਨ 12 ਕਿੱਲੋ 301 ਗ੍ਰਾਮ ਹੈ। ਪੁਲਸ ਨੇ ਮੌਕੇ ’ਤੇ ਹੀ ਕਾਰਵਾਈ ਕਰਦਿਆਂ ਬਰਾਮਦ ਹੋਈ ਕਰੋੜਾਂ ਰੁਪਏ ਦੀ ਹੈਰੋਇਨ ਨੂੰ ਆਪਣੇ ਕਬਜ਼ੇ 'ਚ ਲਿਆ ਅਤੇ ਦੋਸ਼ੀਅਨ ਨੂੰ ਗ੍ਰਿਫ਼ਤਾਰ ਕਰ ਲਿਆ।

ਪੁਲਸ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਅਨ ਦੀ ਪਛਾਣ ਸਾਜਨ ਸਿੰਘ, ਬੋਵੀ ਸਿੰਘ ਪੁੱਤਰਾਨ ਸੁੱਚਾ ਸਿੰਘ ਅਤੇ ਸੁੱਚਾ ਸਿੰਘ ਪੁੱਤਰ ਟੇਕ ਸਿੰਘ ਵਾਸੀਆਨ ਢਾਣੀ ਰਾਜਪੂਤਾਂ, ਪਿੰਡ ਕਿਲਚੇ ਵਜੋਂ ਹੋਈ ਹੈ। ਇਸ ਸਬੰਧੀ ਥਾਣਾ ਸਦਰ ਫਿਰੋਜ਼ਪੁਰ ਵਿਖੇ ਉਕਤ ਤਸਕਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਹ ਕਾਰਵਾਈ ਉਪ ਕਪਤਾਨ ਪੁਲਸ ਡੀ. ਐੱਸ. ਪੀ. ਦਿਹਾਤੀ ਫਿਰੋਜ਼ਪੁਰ ਸੁਖਵਿੰਦਰ ਸਿੰਘ ਦੀ ਨਿਗਰਾਨੀ ਹੇਠ ਅਮਲ ਵਿਚ ਲਿਆਂਦੀ ਗਈ ਹੈ। ਪੁਲਸ ਵੱਲੋਂ ਗ੍ਰਿਫ਼ਤਾਰ ਤਸਕਰਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਸਰਹੱਦ ਪਾਰ ਤੋਂ ਚੱਲ ਰਹੇ ਇਸ ਤਸਕਰੀ ਨੈੱਟਵਰਕ ਦੇ ਹੋਰ ਤਾਰਾਂ ਦਾ ਪਤਾ ਲਗਾਇਆ ਜਾ ਸਕੇ।


author

Babita

Content Editor

Related News