12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਮਿਲਣਗੇ 'ਡਿਜੀਟਲ ਸਰਟੀਫਿਕੇਟ', PSEB ਨੇ ਕੀਤੇ ਅਪਲੋਡ
Tuesday, Aug 18, 2020 - 01:04 PM (IST)
ਮੋਹਾਲੀ (ਨਿਆਮੀਆਂ) : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀ ਜਮਾਤ ਦੇ ਮਾਰਚ-2020 ਦੀਆਂ ਪ੍ਰੀਖਿਆਵਾਂ ਦੇ ਐਲਾਨੇ ਗਏ ਨਤੀਜਿਆਂ ਦੇ ਪਾਸ, ਕੰਪਾਰਟਮੈਂਟ, ਰੀ-ਅਪੀਅਰ ਅਤੇ ਫ਼ੇਲ ਪ੍ਰੀਖਿਆਰਥੀਆਂ ਦੇ ਡਿਜੀਟਲ ਨਤੀਜਾ ਸਰਟੀਫਿਕੇਟ 29 ਜੁਲਾਈ ਨੂੰ ਨੈਸ਼ਨਲ ਡਿਜੀ-ਲਾਕਰ ’ਤੇ ਅਪਲੋਡ ਕੀਤੇ ਜਾ ਚੁੱਕੇ ਹਨ। ਇਸ ਸਬੰਧੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕੰਟਰੋਲਰ (ਪ੍ਰੀਖਿਆਵਾਂ) ਜੇ. ਆਰ. ਮਹਿਰੋਕ ਵਲੋਂ ਪ੍ਰੈੱਸ ਨੂੰ ਦਿੱਤੀ ਜਾਣਕਾਰੀ ਅਨੁਸਾਰ 29 ਜੁਲਾਈ ਨੂੰ ਨੈਸ਼ਨਲ ਡਿਜੀ-ਲਾਕਰ ’ਤੇ ਅਪਲੋਡ ਕੀਤੇ ਸਰਟੀਫ਼ਿਕੇਟਾਂ ਤੋਂ ਇਲਾਵਾ ਹੋਰ ਕੋਈ ਵੀ ਸਰਟੀਫ਼ਿਕੇਟ ਬੋਰਡ ਵੱਲੋਂ ਜਾਰੀ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਇਹ ਵੀ ਦੱਸਿਆ ਕਿ ਜੇਕਰ 12ਵੀਂ ਪ੍ਰੀਖਿਆ ਮਾਰਚ-2020 ਦੇ ਸਰਟੀਫ਼ਿਕੇਟਾਂ 'ਚ ਦਰਜ ਵੇਰਵਿਆਂ ਜਾਂ ਨਤੀਜਿਆਂ ਸਬੰਧੀ ਕੋਈ ਤਰੁੱਟੀ ਪਾਈ ਜਾਂਦੀ ਹੈ ਤਾਂ ਪ੍ਰੀਖਿਆਰਥੀ ਸਬੰਧਤ ਸੁਪਰਡੈਂਟ ਨਾਲ ਨਿੱਜੀ ਤੌਰ ’ਤੇ ਜਾਂ ਬੋਰਡ ਦੀ ਵੈੱਬਸਾਈਟ ’ਤੇ ਉਪਲੱਬਧ ਪ੍ਰੀਖਿਆ ਸ਼ਾਖਾ 12ਵੀਂ ਦੇ ਫ਼ੋਨ ਨੰਬਰਾਂ ’ਤੇ ਸੰਪਰਕ ਕਰ ਸਕਦੇ ਹਨ। ਪ੍ਰੀਖਿਆਰਥੀਆਂ ਦੀ ਸਹੂਲਤ ਲਈ ਸਰਟੀਫ਼ਿਕੇਟ ਡਾਊਨਲੋਡ ਕਰਨ ਵਾਸਤੇ ਇਕ ਵੀਡੀਓ ਕਲਿੱਪ ਅਤੇ ਤਰਤੀਬੇਵਾਰ ਸਟੈੱਪ ਵੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ ’ਤੇ ਉਪਲੱਬਧ ਹਨ।