PUB G ਖੇਡਣ ਤੋਂ ਰੋਕਣ 'ਤੇ 12 ਸਾਲਾਂ ਲੜਕੇ ਨੇ ਭਾਖੜਾ ਨਹਿਰ 'ਚ ਮਾਰੀ ਛਾਲ, ਮੌਤ

Sunday, Apr 26, 2020 - 07:43 PM (IST)

PUB G ਖੇਡਣ ਤੋਂ ਰੋਕਣ 'ਤੇ 12 ਸਾਲਾਂ ਲੜਕੇ ਨੇ ਭਾਖੜਾ ਨਹਿਰ 'ਚ ਮਾਰੀ ਛਾਲ, ਮੌਤ

ਪਟਿਆਲਾ, (ਬਲਜਿੰਦਰ)— ਲਾਕਡਾਊਨ ਦੌਰਾਨ ਘਰ 'ਚ ਬੈਠੇ 12 ਸਾਲ ਦੇ ਬੱਚੇ ਨੂੰ ਜਦੋਂ ਉਸ ਦੇ ਪਿਤਾ ਨੇ ਪਬਜੀ ਗੇਮ ਖੇਡਣ ਤੋਂ ਰੋਕਿਆ ਤਾਂ ਨਾਰਾਜ਼ ਹੋ ਕੇ ਉਸ ਨੇ ਭਾਖੜਾ ਨਹਿਰ 'ਚ ਛਾਲ ਮਾਰ ਦਿੱਤੀ। ਐਤਵਾਰ 7 ਦਿਨਾਂ ਬਾਅਦ ਉਸ ਦੀ ਲਾਸ਼ ਸ਼ੁਤਰਾਣਾ ਤੋਂ ਬਰਾਮਦ ਹੋ ਗਈ ਹੈ। ਜਾਣਕਾਰੀ ਮੁਤਾਬਕ ਲੜਕੇ ਦਾ ਨਾਮ ਆਰਿਅਨ ਵਾਸੀ ਭਾਰਤ ਨਗਰ ਦੱਸਿਆ ਜਾ ਰਿਹਾ ਹੈ ਤੇ ਮਾਡਲ ਟਾਊਨ ਚੌਂਕੀ ਵਲੋਂ ਲਾਸ਼ ਨੂੰ ਬਰਾਮਦ ਕਰਕੇ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਹੈ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਮਾਡਲ ਟਾਊਨ ਚੌਂਕੀ ਦੇ ਇੰਚਾਰਜ ਰੌਣੀ ਸਿੰਘ ਨੇ ਦੱਸਿਆ ਕਿ ਲੜਕੇ ਦੇ ਪਿਤਾ ਲਾਲ ਚੰਦ ਅਨੁਸਾਰ ਉਸ ਦਾ ਬੇਟਾ ਇਕ ਪ੍ਰਾਈਵੇਟ ਸਕੂਲ 'ਚ 7ਵੀਂ ਜਮਾਤ 'ਚ ਪੜ੍ਹਦਾ ਸੀ। ਲਾਕਡਾਊਨ ਦੌਰਾਨ ਉਹ ਲਗਾਤਾਰ ਆਨਲਾਈਨ ਪਬਜੀ ਗੇਮ ਖੇਡ ਰਿਹਾ ਸੀ ਤੇ ਕਈ ਘੰਟੇ ਉਹ ਪਬਜੀ ਗੇਮ ਜਦੋਂ ਖੇਡੀ ਗਿਆ ਤਾਂ ਲੰਘੀ 20 ਅਪ੍ਰੈਲ ਨੂੰ ਉਸ ਨੇ ਆਰਿਅਨ ਨੂੰ ਗੇਮ ਖੇਡਣ ਤੋਂ ਰੋਕਿਆ ਤਾਂ ਨਾਰਾਜ਼ ਹੋ ਕੇ ਉਹ ਘਰ ਤੋਂ ਚਲਾ ਗਿਆ। ਇਸ ਤੋਂ ਬਾਅਦ ਡੇਢ ਘੰਟੇ ਬਾਅਦ ਉਸ ਨੂੰ ਮੁੜ ਤੋਂ ਲੱਭ ਲਿਆ ਗਿਆ ਪਰ ਸ਼ਾਮ 4 ਵਜੇ ਉਹ ਫਿਰ ਘਰ ਤੋਂ ਚਲਾ ਗਿਆ ਤੇ ਘਰ ਤੋਂ ਲਗਭਗ 500 ਮੀਟਰ ਦੂਰ ਭਾਖੜਾ ਨਹਿਰ 'ਚ ਜਾ ਕੇ ਛਾਲ ਮਾਰ ਦਿੱਤੀ। ਮੁੱਢਲੀ ਜਾਂਚ 'ਚ ਸੀ. ਸੀ. ਟੀ. ਵੀ. ਕੈਮਰੇ 'ਚੋਂ ਕੁੱਝ ਥਾਵਾਂ 'ਤੇ ਸਾਹਮਣੇ ਆ ਰਿਹਾ ਸੀ ਕਿ ਉਹ ਭਾਖੜਾ ਨਹਿਰ ਵੱਲ ਗਿਆ ਹੈ ਪਰ ਕੁੱਝ ਪਤਾ ਨਹੀਂ ਸੀ ਲੱਗ ਰਿਹਾ ਤੇ ਪੁਲਸ ਵਲੋਂ ਵੀ ਲਗਾਤਾਰ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਇਸ ਤੋਂ ਬਾਅਦ ਗੋਤਾਖੋਰਾਂ ਵਲੋਂ ਵੀ ਉਸ ਨੂੰ ਲੱਭਣ ਦਾ ਯਤਨ ਕੀਤਾ ਗਿਆ ਪਰ ਆਰਿਅਨ ਬਾਰੇ ਕਿਤੇ ਕੁੱਝ ਪਤਾ ਨਹੀਂ ਲੱਗ ਸਕਿਆ। ਐਤਵਾਰ 7 ਦਿਨਾਂ ਬਾਅਦ ਉਸ ਦੀ ਸ਼ੁਤਰਾਣਾ ਤੋਂ ਲਾਸ਼ ਬਰਾਮਦ ਹੋ ਗਈ ਹੈ।


author

KamalJeet Singh

Content Editor

Related News