ਲੁਧਿਆਣਾ ਦੇ ਹਸਪਤਾਲ ਨੇ ਰਚਿਆ ਇਤਿਹਾਸ, 118 ਸਾਲਾਂ ਔਰਤ ਨੂੰ ਲਾਇਆ ''ਪੇਸਮੇਕਰ''
Friday, Mar 08, 2019 - 03:16 PM (IST)

ਲੁਧਿਆਣਾ : ਲੁਧਿਆਣਾ ਦੇ ਇਕ ਹਸਪਤਾਲ ਨੇ ਮੈਡੀਕਲ ਖੇਤਰ 'ਚ ਨਵਾਂ ਇਤਿਹਾਸ ਰਚਿਆ ਹੈ। ਹਸਪਤਾਲ ਦੇ ਡਾ. ਰਵਨਿੰਦਰ ਸਿੰਘ ਕੂਕਾ ਨੇ 118 ਸਾਲ ਦੀ ਕਰਤਾਰ ਕੌਰ ਦੇ ਹਾਰਟ 'ਚ ਪੇਸਮੇਕਰ ਫਿੱਟ ਕਰਕੇ ਉਸ ਨੂੰ ਨਵੀਂ ਜ਼ਿੰਦਗੀ ਦੇ ਦਿੱਤੀ ਹੈ। ਡਾ. ਰਵਨਿੰਦਰ ਦਾ ਦਾਅਵਾ ਹੈ ਕਿ ਸਭ ਤੋਂ ਵਧੇਰੇ ਉਮਰ ਦੇ ਮਰੀਜ਼ ਨੂੰ ਪੇਸਮੇਕਰ ਪਾ ਕੇ ਉਨ੍ਹਾਂ ਨੇ ਵਿਸ਼ਵ ਰਿਕਾਰਡ ਬਣਾਇਆ ਹੈ। ਗਿੰਨੀਜ਼ ਬੁੱਕ 'ਚ ਹੁਣ ਤੱਕ 107 ਸਾਲ ਦੇ ਮਰੀਜ਼ ਨੂੰ ਪੇਸਮੇਕਰ ਲਾਉਣ ਦਾ ਰਿਕਾਰਡ ਦਰਜ ਹੈ। ਹਸਪਤਾਲ ਨੇ ਗਿੰਨੀਜ਼ ਬੁੱਕ ਅਤੇ ਲਿਮਕਾ ਬੁੱਕ ਆਫ ਵਰਲਡ ਰਿਕਾਰਡ ਲਈ ਅਪਲਾਈ ਕਰ ਦਿੱਤਾ ਹੈ।
ਡਾ. ਰਵਨਿੰਦਰ ਨੇ ਦੱਸਿਆ ਕਿ 24 ਫਰਵਰੀ ਦੀ ਰਾਤ ਕਰਤਾਰ ਕੌਰ ਨੂੰ ਫਿਰੋਜ਼ਪੁਰ 'ਚ ਉਨ੍ਹਾਂ ਦੇ ਹਸਪਤਾਲ ਲਿਆਂਦਾ ਗਿਆ ਸੀ। ਉਸ ਦਾ ਹਾਰਟ ਪੂਰੀ ਤਰ੍ਹਾਂ ਬਲਾਕ ਸੀ ਤੇ ਉਹ ਲੋਅ ਹਾਰਟ ਬੀਟ ਅਤੇ ਲੋਅ ਬਲੱਡ ਪ੍ਰੈਸ਼ਰ ਨਾਲ ਜੂਝ ਰਹੀ ਸੀ। ਉਸ ਸਮੇਂ ਉਸ ਦੀ ਹਾਰਟ ਬੀਟ 20-22 ਪ੍ਰਤੀ ਮਿੰਟ ਸੀ। ਉਹ ਬੇਹੋਸ਼ ਸੀ। ਹਾਰਟ ਬੀਟ ਵਧਾਉਣ ਅਤੇ ਬਲੱਡ ਪ੍ਰੈਸ਼ਰ ਉੱਪਰ ਲਿਆਉਣ ਲਈ ਪਹਿਲਾਂ ਟੈਂਪਰੇਰੀ ਪੇਸਮੇਕਰ ਪਾਇਆ ਗਿਆ। 28 ਫਰਵਰੀ ਨੂੰ ਹਸਪਤਾਲ ਦੀ ਅਲਟਰਾ ਮਾਡਰਨ ਕੈਥਲੈਬ 'ਚ ਪਰਮਾਨੈਂਟ ਪੇਸਮੇਕਰ ਇੰਪਲਾਂਟ ਕੀਤਾ ਗਆ। ਇਸ ਤੋਂ ਬਾਅਦ ਕਰਤਾਰ ਕੌਰ ਦੀ ਸਿਹਤ 'ਚ ਕਾਫੀ ਸੁਧਾਰ ਆਇਆ ਅਤੇ ਉਹ ਆਪਣੇ ਪਰਿਵਾਰ ਨਾਲ ਗੱਲਬਾਤ ਕਰ ਰਹੀ ਹੈ।