ਨਸ਼ਾ ਸਮੱਗਲਿੰਗ ਦੇ ਮਾਮਲੇ ''ਚ ਵਿਅਕਤੀ ਨੂੰ 10 ਸਾਲ ਦੀ ਕੈਦ

01/08/2018 7:49:41 AM

ਕਪੂਰਥਲਾ, (ਮਲਹੋਤਰਾ)- ਅਡੀਸ਼ਨਲ ਜ਼ਿਲਾ ਤੇ ਸੈਸ਼ਨ ਜੱਜ ਮਾਣਯੋਗ ਸਚਿਨ ਕੁਮਾਰ ਸ਼ਰਮਾ ਦੀ ਅਦਾਲਤ 'ਚ ਚੱਲ ਰਹੇ ਨਸ਼ਾ ਸਮੱਗਲਿੰਗ ਦੇ ਇਕ ਮਾਮਲੇ 'ਚ ਦੋਵੇਂ ਪੱਖਾਂ ਦੀਆਂ ਦਲੀਲਾਂ ਸੁਣਨ ਉਪਰੰਤ ਮਾਣਯੋਗ ਅਦਾਲਤ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਦੋਸ਼ੀ ਨੂੰ 10 ਸਾਲ ਦੀ ਕੈਦ ਤੇ 1 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜੁਰਮਾਨਾ ਨਾ ਅਦਾ ਕਰਨ ਦੀ ਸੂਰਤ 'ਚ ਉਸ ਨੂੰ ਹੋਰ ਸਜ਼ਾ ਭੁਗਤਣੀ ਹੋਵੇਗੀ। 
ਪ੍ਰਾਪਤ ਜਾਣਕਾਰੀ ਅਨੁਸਾਰ ਕਿਸੇ ਗੁਪਤ ਮੁਖਬਰ ਦੀ ਸੂਚਨਾ ਦੇ ਆਧਾਰ 'ਤੇ ਥਾਣਾ ਫੱਤੂਢੀਂਗਾ ਪੁਲਸ ਨੇ ਸਤੰਬਰ 2014 ਦੌਰਾਨ ਟੀ-ਪੁਆਇੰਟ ਮਹਿਮਦਵਾਲ ਦੇ ਨਜ਼ਦੀਕ ਨਾਕੇਬੰਦੀ ਦੌਰਾਨ ਦੋਸ਼ੀ ਨਰਿੰਦਰ ਸਿੰਘ ਉਰਫ ਨਿੰਦੀ ਪੁੱਤਰ ਜਸਵੰਤ ਸਿੰਘ ਨਿਵਾਸੀ ਮਿਲ ਕਾਲੋਨੀ ਬਹਿਰਾਮ ਰੋਡ ਸਾਹਮਣੇ ਜੈਨ ਸ਼ੈਲਰ, ਮੁਹੱਲਾ ਲਮੋਹ, ਥਾਣਾ ਭੋਗਪੁਰ ਜ਼ਿਲਾ ਜਲੰਧਰ ਨੂੰ ਕਾਬੂ ਕੀਤਾ ਸੀ ਤੇ ਤਲਾਸ਼ੀ ਦੌਰਾਨ 5 ਗ੍ਰਾਮ ਹੈਰੋਇਨ ਤੇ 70 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ ਸੀ। ਜਿਸ ਦੇ ਖਿਲਾਫ ਪੁਲਸ ਨੇ ਐੱਨ. ਡੀ. ਪੀ. ਐੱਸ. ਐਕਟ ਦੀ ਧਾਰਾ 21, 22, 61, 85 ਤਹਿਤ ਮਾਮਲਾ ਦਰਜ ਕਰਕੇ ਨਸ਼ੀਲਾ ਪਾਊਡਰ ਤੇ ਹੈਰੋਇਨ ਦੇ ਨਮੂਨੇ ਲੈਬ 'ਚ ਭੇਜ ਦਿੱਤੇ ਸਨ ਤੇ ਮਾਮਲੇ 'ਚ ਫੜੇ ਦੋਸ਼ੀ ਨੂੰ ਅਦਾਲਤ 'ਚ ਭੇਜਿਆ ਸੀ। ਲਗਾਤਾਰ ਤਿੰਨ ਸਾਲ ਤਕ ਮਾਣਯੋਗ ਆਦਲਤ ਨੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਰੋਪੀ ਨੂੰ ਦੋਸ਼ੀ ਕਰਾਰ ਦਿੱਤਾ। 
ਮਾਣਯੋਗ ਅਦਾਲਤ ਦੇ ਫੈਸਲੇ ਨਾਲ ਨਸ਼ਾ ਸਮੱਗਲਰਾਂ 'ਚ ਮਚਿਆ ਹੜਕੰਪ
ਮਾਨਣਯੋਗ ਸੁਪਰੀਮ ਕੋਰਟ ਦੇ ਆਦੇਸ਼ਾਂ 'ਤੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਨਸ਼ਾ ਸਮੱਗਲਰਾਂ ਦੇ ਮਾਮਲੇ ਨੂੰ ਲੈ ਕੇ ਕਾਫੀ ਗੰਭੀਰ ਨਜ਼ਰ ਆ ਰਹੀ ਹੈ। ਆਦਲਤ 'ਚ ਚੱਲ ਰਹੇ ਨਸ਼ਾ ਸਮੱਗਲਿੰਗ ਦੇ ਮਾਮਲੇ 'ਚ ਕਾਨੂੰਨ ਦੇ ਮੁਤਾਬਿਕ ਅਦਾਲਤਾਂ ਦਸ ਸਾਲ ਤਕ ਦੀ ਸਜ਼ਾ ਤੇ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾ ਰਹੀ ਹੈ। ਇਸ ਤੋਂ ਪਹਿਲਾਂ ਵੀ ਮਾਣਯੋਗ ਅਦਾਲਤ ਵਲੋਂ ਨਸ਼ੀਲੇ ਪਾਊਡਰ ਤੇ ਨਸ਼ੀਲੇ ਕੈਪਸੂਲ ਦੇ ਨਾਲ ਫੜੇ ਗਏ ਸਮੱਗਲਰਾਂ ਨੂੰ 10-10 ਸਾਲ ਦੀ ਸਜ਼ਾ ਸੁਣਾ ਕੇ ਮਾਣਯੋਗ ਅਦਾਲਤ ਵਲੋਂ ਅਮਨ ਪਸੰਦ ਲੋਕਾਂ ਦੇ ਲਈ ਇਕ ਵਧੀਆ ਸੰਦੇਸ਼ ਦਿੱਤਾ।


Related News