ਥਾਣੇ ਨੇੜੇ ਦੁਕਾਨ ''ਚੋਂ 1.50 ਲੱਖ ਦੀਆਂ ਬੈਟਰੀਆਂ ਚੋਰੀ
Wednesday, Jul 19, 2017 - 07:18 AM (IST)
ਨਕੋਦਰ, (ਰਜਨੀਸ਼)- ਨਕੋਦਰ-ਜਲੰਧਰ ਰੋਡ 'ਤੇ ਪੁਲਸ ਦੀ ਸੁਰੱਖਿਆ ਵਿਵਸਥਾ ਨੂੰ ਟਿੱਚ ਜਾਣਦਿਆਂ ਚੋਰ ਥਾਣੇ ਨੇੜੇ ਸਥਿਤ ਇਕ ਬੈਟਰੀਆਂ ਦੀ ਦੁਕਾਨ 'ਚੋਂ ਕਰੀਬ 1.50 ਲੱਖ ਰੁਪਏ ਦੀਆਂ ਬੈਟਰੀਆਂ ਚੋਰੀਆਂ ਕਰ ਕੇ ਫਰਾਰ ਹੋ ਗਏ। ਮੁਹੱਲਾ ਪਾਲਮ ਵਿਹਾਰ ਕਾਲੋਨੀ ਵਾਸੀ ਗਿਆਨ ਸਿੰਘ ਪੁੱਤਰ ਭਜਨ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਹ 16 ਜੁਲਾਈ ਨੂੰ ਰੋਜ਼ਾਨਾ ਦੀ ਤਰ੍ਹਾਂ ਆਪਣੀ ਦੁਕਾਨ ਬੰਦ ਕਰ ਕੇ ਘਰ ਚਲਾ ਗਿਆ। 17 ਜੁਲਾਈ ਨੂੰ ਸਵੇਰੇ ਜਦੋਂ ਉਹ ਦੁਕਾਨ 'ਤੇ ਆਇਆ ਤਾਂ ਦੇਖਿਆ ਕਿ ਸ਼ਟਰ ਦੇ ਜਿੰਦਰੇ ਟੁੱਟੇ ਹੋਏ ਸਨ ਤੇ ਸਾਮਾਨ ਦੀ ਜਾਂਚ ਕਰਨ 'ਤੇ ਪਤਾ ਲੱਗਾ ਕਿ ਕਰੀਬ 1.50 ਲੱਖ ਰੁਪਏ ਦੀਆਂ ਬੈਟਰੀਆਂ ਚੋਰੀ ਸਨ। ਪੀੜਤ ਦੁਕਾਨ ਮਾਲਕ ਗਿਆਨ ਸਿੰਘ ਨੇ ਦੱਸਿਆ ਕਿ ਉਸ ਦੀ ਦੁਕਾਨ 'ਚ ਪਹਿਲਾਂ ਵੀ ਚੋਰੀ ਹੋ ਚੁੱਕੀ ਹੈ, ਜਿਸ ਦਾ ਪੁਲਸ ਕੋਈ ਸੁਰਾਗ ਨਹੀਂ ਲੱਭ ਸਕੀ। ਲੋਕਾਂ ਨੇ ਪੁਲਸ ਦੀ ਕਾਰਗੁਜ਼ਾਰੀ 'ਤੇ ਸਵਾਲੀਆ ਨਿਸ਼ਾਨ ਲਾਉਂਦਿਆਂ ਕਿਹਾ ਕਿ ਜੇਕਰ ਪੁਲਸ ਥਾਣੇ ਨੇੜੇ ਦੁਕਾਨਾਂ ਦੀ ਸੁਰੱਖਿਆ ਨੂੰ ਯਕੀਨੀ ਨਹੀਂ ਬਣਾ ਸਕਦੀ ਤਾਂ ਸ਼ਹਿਰ ਦੀ ਸੁਰੱਖਿਆ ਕਿੰਝ ਕਰੇਗੀ।
