ਸੁਤੰਤਰ ਭਾਰਤ ਦੀ ਪਹਿਲੀ ਮਹਿਲਾ ਆਈ.ਏ.ਐਸ. ਅਧਿਕਾਰੀ ਅੰਨਾ ਮਲਹੋਤਰਾ ਦਾ ਦਿਹਾਂਤ

09/18/2018 5:38:06 PM

ਮੁੰਬਈ (ਭਾਸ਼ਾ)- ਸੁਤੰਤਰਤਾ ਤੋਂ ਬਾਅਦ ਭਾਰਤ ਦੀ ਪਹਿਲੀ ਮਹਿਲਾ ਆਈ.ਏ.ਐਸ. ਅਧਿਕਾਰੀ ਰਹੀ, ਅੰਨਾ ਰਜਮ ਮਲਹੋਤਰਾ ਦਾ ਦੇਹਾਂਤ ਹੋ ਗਿਆ। ਉਨ੍ਹਾਂ ਨੇ ਅੰਧੇਰੀ ਸਥਿਤ ਆਪਣੀ ਰਿਹਾਇਸ਼ ਵਿਚ ਅੰਤਿਮ ਸਾਹ ਲਏ। ਉਹ 91 ਸਾਲ ਦੇ ਸਨ। ਪਰਿਵਾਰਕ ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਜਨਮ ਜੁਲਾਈ 1927 ਵਿਚ ਕੇਰਲ ਦੇ ਏਰਨਾਕੁਲਮ ਜ਼ਿਲੇ ਵਿਚ ਹੋਇਆ ਸੀ ਅਤੇ ਉਦੋਂ ਉਨ੍ਹਾਂ ਦਾ ਨਾਂ ਅੰਨਾ ਰਜਮ ਜਾਰਜ ਸੀ।

ਉਨ੍ਹਾਂ ਦੇ ਪਰਿਵਾਰ ਦੇ ਸੂਤਰਾਂ ਨੇ ਦੱਸਿਆ ਕਿ ਮਲਹੋਤਰਾ ਨੇ ਤਾਮਿਲਨਾਡੂ ਦੇ 7 ਮੁੱਖ ਮੰਤਰੀਆਂ ਅਧੀਨ ਕੰਮ ਕੀਤਾ ਸੀ। ਦਿੱਲੀ ਵਿਚ 1982 ਵਿਚ ਏਸ਼ੀਆਈ ਖੇਡਾਂ ਦੇ ਇੰਚਾਰਜ ਹੋਣ ਦੇ ਨਾਅਤੇ ਉਹ ਰਾਜੀਵ ਗਾਂਧੀ ਨਾਲ ਕੰਮ ਕਰ ਚੁੱਕੇ ਸਨ। ਪਰਿਵਾਰਕ ਸੂਤਰਾਂ ਨੇ ਕਿਹਾ ਕਿ ਰਿਟਾਇਰ ਹੋਣ ਤੋਂ ਬਾਅਦ ਉਹ ਹੋਟਲ ਲੀਲਾ ਵੈਂਚਰ ਲਿਮਟਿਡ ਦੇ ਡਾਇਰੈਕਟਰ ਵਜੋਂ ਸੇਵਾਵਾਂ ਨਿਭਾਅ ਰਹੇ ਸਨ।
ਪਦਮ ਭੂਸ਼ਣ ਨਾਲ ਸਨਮਾਨਤ ਕੀਤਾ ਜਾ ਚੁਕੈ ਮਲਹੋਤਰਾ ਨੂੰ
ਮਲਹੋਤਰਾ ਨੇ ਕੋਝੀਕੋਡ ਵਿਚ ਸਕੂਲੀ ਸਿੱਖਿਆ ਪ੍ਰਾਪਤ ਕੀਤੀ ਅਤੇ ਬਾਅਦ ਵਿਚ ਉਹ ਚੇਨਈ ਚਲੀ ਗਈ ਤਾਂ ਜੋ ਮਦਰਾਸ ਯੂਨੀਵਰਸਿਟੀ ਤੋਂ ਉਚੇਰੀ ਸਿੱਖਿਆ ਹਾਸਲ ਕਰ ਸਕਣ। ਮਲਹੋਤਰਾ 1951 ਵਿਚ ਭਾਰਤੀ ਸਿਵਲ ਸੇਵਾ ਵਿਚ ਸ਼ਾਮਲ ਹੋਈ ਅਤੇ ਮਦਰਾਸ ਕੈਡਰ ਚੁਣਿਆ। ਉਨ੍ਹਾਂ ਨੇ ਉਸ ਵੇਲੇ ਦੇ ਮੁੱਖ ਮੰਤਰੀ ਸੀ.ਰਾਜਗੋਪਾਲਾਚਾਰੀ ਦੀ ਅਗਵਾਈ ਵਿਚ ਮਦਰਾਸ ਸੂਬੇ ਵਿਚ ਸੇਵਾਵਾਂ ਨਿਭਾਈਆਂ। ਸਾਲ 1989 ਵਿਚ ਉਨ੍ਹਾਂ ਨੂੰ ਪਦਮ ਭੂਸ਼ਣ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ।

ਉਨ੍ਹਾਂ ਦਾ ਵਿਆਹ ਆਰ.ਐਨ. ਮਲਹੋਤਰਾ ਨਾਲ ਹੋਇਆ ਸੀ, ਜੋ 1985 ਤੋਂ 1990 ਤੱਕ ਰਿਜ਼ਰਵ ਬੈਂਕ ਆਫ ਇੰਡੀਆ ਦੇ ਗਵਰਨਰ ਰਹੇ ਸਨ। ਮਲਹੋਤਰਾ ਨੂੰ ਮੁੰਬਈ ਦੇ ਨੇੜਲੇ ਦੇਸ਼ ਦੇ ਆਧੁਨਿਕ ਬੰਦਰਗਾਹ ਜਵਾਹਰਲਾਲ ਨਹਿਰੂ ਪੋਰਟ ਟਰੱਸਟ (ਜੇ.ਐਨ.ਪੀ.ਟੀ.) ਦੀ ਸਥਾਪਨਾ ਵਿਚ ਯੋਗਦਾਨ ਲਈ ਜਾਣਿਆ ਜਾਂਦਾ ਹੈ। ਉਹ ਜੇ.ਐਨ.ਪੀ.ਟੀ. ਦੀ ਪ੍ਰਧਾਨ ਰਹੀ। ਕੇਂਦਰ ਸਰਕਾਰ ਵਿਚ ਪ੍ਰਤੀਨਿਧੀ ਦੌਰਾਨ ਉਨ੍ਹਾਂ ਨੇ ਜੇ.ਐਨ.ਪੀ.ਟੀ. ਦਾ ਚਾਰਜ ਸੰਭਾਲਿਆ। 


Related News