ਭਾਜਪਾ ਮਹਿਲਾ ਐੱਮ. ਸੀ. ਦੇ ਪਤੀ ਖੁਰਾਣਾ ਨੇ ਪਾਰਟੀ ਵਿਰੁੱਧ ਚੁੱਕਿਆ ਝੰਡਾ

06/19/2018 12:36:57 AM

ਫਿਰੋਜ਼ਪੁਰ(ਮਲਹੋਤਰਾ)–ਵਾਰਡ ਨੰ. 22 ਤੋਂ ਭਾਜਪਾ ਦੀ ਮਹਿਲਾ ਐੱਮ. ਸੀ. ਸਾਕਸ਼ੀ ਖੁਰਾਣਾ ਦੇ ਪਤੀ ਰਾਜੇਸ਼ ਖੁਰਾਣਾ ਨੇ ਪਾਰਟੀ ਦੇ ਵਿਰੁੱਧ ਝੰਡਾ ਚੁੱਕਦੇ ਹੋਏ ਅਕਾਲੀ-ਭਾਜਪਾ ਸ਼ਾਸਨਕਾਲ ਦੌਰਾਨ 10 ਸਾਲ ਵਿਚ ਹੋਏ ਵਿਕਾਸ ਕੰਮਾਂ ਦੀ ਵਿਜੀਲੈਂਸ ਜਾਂਚ ਦੀ ਮੰਗ ਕਰਦੇ ਹੋਏ ਅੱਜ ਸੂਬੇ ਦੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ। ਖੁਰਾਣਾ, ਜੋ ਕਿ ਪਿਛਲੇ 10 ਸਾਲਾਂ ਤੋਂ ਵਿਕਾਸ ਕੰਮਾਂ ’ਚ ਅਨੇਕਾਂ ਕਮੀਆਂ ਨੂੰ ਲੈ ਕੇ ਸ਼ਿਕਾਇਤਾਂ ਕਰਦੇ ਆ ਰਹੇ ਹਨ, ਨੇ ਸ਼ਿਕਾਇਤਾਂ ਦੀਆਂ 2 ਫਾਈਲਾਂ ਸਿੱਧੂ ਦੇ ਹਵਾਲੇ ਕੀਤੀਆਂ, ਜਿਸ ’ਤੇ ਸਿੱਧੂ ਨੇ ਉਨ੍ਹਾਂ ਨੂੰ ਚੰਡੀਗਡ਼੍ਹ ਆਉਣ ਦਾ ਸੱਦਾ ਦਿੱਤਾ। ਸਿੱਧੂ ਨੇ ਕਿਹਾ ਕਿ ਸ਼ਹੀਦਾਂ ਦੇ ਸ਼ਹਿਰ ’ਚ ਅਕਾਲੀ-ਭਾਜਪਾ ਸ਼ਾਸਨਕਾਲ ਦੌਰਾਨ ਹੋਏ ਵਿਕਾਸ ਕੰਮਾਂ ਦੀ ਵਿਜੀਲੈਂਸ ਜਾਂਚ ਕਰਵਾਉਣਗੇ। ਖੁਰਾਣਾ ਨੇ ਸਥਾਨਕ ਸਰਕਾਰਾਂ ਮੰਤਰੀ ਦੇ ਧਿਆਨ ਵਿਚ ਕੀਤਾ ਕਿ ਗਠਬੰਧਨ ਸ਼ਾਸਨਕਾਲ ਦੌਰਾਨ ਵਿਕਾਸ ਕੰਮਾਂ ’ਚ ਰੱਜ ਕੇ ਕੁਤਾਹੀ ਵਰਤੀ ਗਈ ਹੈ ਤੇ ਸਰਕਾਰੀ ਪੈਸੇ ਨੂੰ ਪਾਣੀ ਵਾਂਗ ਵਹਾਇਆ ਗਿਆ ਹੈ। ਪਿਛਲੇ  10 ਸਾਲ ਦੌਰਾਨ ਸ਼ਹਿਰ ਵਿਚ ਹੋਏ ਵਿਕਾਸ ਕੰਮਾਂ ਦੀ ਜਾਂਚ ਕਰਵਾਈ ਜਾਵੇ ਤਾਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ। ਖੁਰਾਣਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਉਹ ਲਿਖਤ ਸ਼ਿਕਾਇਤਾਂ ਲੋਕਲ ਬਾਡੀਜ਼ ਵਿਭਾਗ ਦੇ ਡਾਇਰੈਕਟਰ ਤੇ ਮੰਤਰੀ ਸਿੱਧੂ ਨੂੰ ਭੇਜ ਚੁੱਕੇ ਹਨ ਪਰ ਸ਼ਿਕਾਇਤਾਂ ਦਾ ਕੋਈ ਜਵਾਬ ਨਹੀਂ ਆਇਆ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਸੱਚ ਵਿਚ ਅਕਾਲੀ-ਭਾਜਪਾ ਸ਼ਾਸਨਕਾਲ ਦੌਰਾਨ ਸ਼ਹਿਰ ਦੇ ਵਿਕਾਸ ਲਈ ਕਰੋਡ਼ਾਂ ਰੁਪਏ ਖਰਚ ਹੋਏ ਸਨ ਤਾਂ ਅੱਜ ਵੀ ਮਾਮੂਲੀ ਬਾਰਿਸ਼ ਨਾਲ ਸ਼ਹਿਰ ਜਲ-ਥਲ ਕਿਉਂ ਹੋ ਜਾਂਦਾ ਹੈ? ਸ਼ਹਿਰ ਦੇ ਜ਼ਿਆਦਾਤਰ ਭਾਗਾਂ ’ਚ ਸੀਵਰੇਜ ਬਲਾਕੇਜ ਕਾਰਨ ਲੋਕ ਦੂਸ਼ਿਤ ਪਾਣੀ ਪੀਣ ਲਈ ਕਿਉਂ ਮਜਬੂਰ ਹਨ। ਉਨ੍ਹਾਂ ਮੰਗ ਰੱਖੀ ਕਿ ਅਕਾਲੀ-ਭਾਜਪਾ ਸ਼ਾਸਨ ਦੌਰਾਨ ਫੰਡ ਦੁਆ ਕੇ ਨੀਂਹ ਪੱਥਰਾਂ ’ਤੇ ਨਾਂ ਲਿਖਾ ਕੇ ਵਾਹ-ਵਾਹ ਖੱਟਣ ਵਾਲੇ ਆਗੂਆਂ ਤੇ ਕਮੇਟੀ ਦੇ ਨੁਮਾਇੰਦਿਆਂ ਨੂੰ ਵੀ ਵਿਜੀਲੈਂਸ ਜਾਂਚ ’ਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਪੂਰਾ ਸੱਚ ਜਨਤਾ ਦੇ ਸਾਹਮਣੇ ਆ ਸਕੇ। ਖੁਰਾਣਾ ਦੀ ਗੱਲ ਸੁਣਨ ਤੋਂ ਬਾਅਦ ਸਿੱਧੂ ਨੇ ਉਨ੍ਹਾਂ ਨੂੰ ਚੰਡੀਗਡ਼੍ਹ ਆ ਕੇ ਮਿਲਣ ਦਾ ਸੱਦਾ ਦਿੱਤਾ ਤੇ ਭਰੋਸਾ ਦਿੱਤਾ ਕਿ ਵਿਭਾਗ ਪੱਧਰ ’ਤੇ ਪੂਰੇ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ। ਇਸ ਮੌਕੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਸਰਕਾਰਾਂ ਜਨਤਾ ਦੇ ਟੈਕਸ ਦੇ ਰੂਪ ’ਚ ਇਕੱਠੀ ਆਮਦਨ ਨਾਲ ਵਿਕਾਸ ਦੇ ਕੰਮ ਕਰਵਾਉਂਦੀਆਂ ਹਨ। ਸ਼ਹਿਰ ਵਿਚ ਹੋਏ ਵਿਕਾਸ ਕੰਮਾਂ ’ਚ ਭ੍ਰਿਸ਼ਟਾਚਾਰ ਕਰਨ ਵਾਲਿਆਂ ਨੂੰ ਕਿਸੇ ਕੀਮਤ ’ਤੇ ਨਹੀਂ ਬਖਸ਼ਿਆ ਜਾਵੇਗਾ।
 ਕੀ ਹਨ ਸ਼ਿਕਾਇਤਾਂ
 ਖੁਰਾਣਾ ਨੇ ਦੋਸ਼ ਲਾਉਂਦਿਆਂ ਕਿਹਾ ਕਿ ਵਿਕਾਸ ਕੰਮਾਂ ’ਚ ਸਭ ਤੋਂ ਵੱਡਾ ਘਪਲਾ ਨਗਰ ਕੌਂਸਲ ਵੱਲੋਂ  10 ਸਾਲ  ਦੌਰਾਨ ਸਿਰਫ  2 ਠੇਕੇਦਾਰਾਂ ਨੂੰ ਪੂਰੇ ਸ਼ਹਿਰ ’ਚ ਇੰਟਰਲਾਕਿੰਗ ਟਾਈਲਾਂ ਲਾਉਣ ਦਾ ਠੇਕਾ ਦੇ ਦਿੱਤਾ ਗਿਆ ਤੇ ਸਰਕਾਰੀ ਨਿਯਮਾਂ ਦੀ ਕੋਈ ਪ੍ਰਵਾਹ ਨਹੀਂ ਕੀਤੀ ਗਈ, ਨਗਰ ਦਾ ਸੀਵਰੇਜ ਸਿਸਟਮ ਸਾਫ ਕਰਨ ਲਈ ਡੀ-ਸਿਲਟਿੰਗ ਮਸ਼ੀਨ ਮੰਗਵਾ ਕੇ ਲੱਖਾਂ ਰੁਪਏ ਖਰਚ ਕੀਤੇ ਗਏ ਸਨ ਪਰ ਕੋਈ ਸੁਧਾਰ ਨਹੀਂ ਹੋ ਸਕਿਆ, ਸ਼ਹਿਰ ਨੂੰ ਸੁੰਦਰ ਬਣਾਉਣ ਦੇ ਪ੍ਰਾਜੈਕਟ  ਤਹਿਤ ਆਕਰਸ਼ਨ ਲਾਈਟਾਂ ਲਵਾਈਆਂ ਗਈਆਂ ਸਨ, ਅੱਜ ਸ਼ਹਿਰ ’ਚ ਇਕ ਵੀ ਲਾਈਟ ਨਹੀਂ ਬਚੀ। ਸ਼ਹੀਦ ਊਧਮ ਸਿੰਘ ਚੌਕ ਨੂੰ ਸੁੰਦਰ ਬਣਾਉਣ ਲਈ 19 ਲੱਖ ਰੁਪਏ ਖਰਚ ਕੀਤੇ ਗਏ, ਫੁਹਾਰੇ ਤੇ ਲਾਈਟਾਂ ਲਾਈਆਂ ਗਈਆਂ ਸਨ, ਅੱਜ ਫੁਹਾਰਾ ਵੀ ਬੰਦ ਹੈ ਤੇ ਚੌਕ ’ਚ ਹਰ ਪਾਸੇ ਗੰਦਗੀ ਹੀ ਗੰਦਗੀ ਹੈ, ਰੋਡ ਕਟਿੰਗ ਦੇ ਰੂਪ ’ਚ ਪ੍ਰਾਪਤ ਆਮਦਨ ਦੀ ਰੱਜ ਕੇ ਦੁਰਵਰਤੋਂ ਕੀਤੀ ਗਈ ਹੈ, ਰਿਹਾਇਸ਼ੀ ਇਲਾਕਿਆਂ ਅਾਜ਼ਾਦ ਨਗਰ, ਮਾਡਲ ਟਾਊਨ, ਮੱਲਵਾਲ ਰੋਡ ਵਿਚ ਕਮੇਟੀ ਨੇ ਸੀ. ਐੱਲ. ਯੂ. ਨਿਯਮਾਂ ਨੂੰ ਛਿੱਕੇ ’ਤੇ ਟੰਗ ਕੇ ਖਜ਼ਾਨੇ ਨੂੰ ਮੋਟਾ ਚੂਨਾ ਲਾਇਆ ਹੈ, ਰਿਹਾਇਸ਼ੀ ਇਲਾਕਿਆਂ ’ਚ ਕਮਰਸ਼ੀਅਲ ਬਿਲਡਿੰਗਾਂ ਖਡ਼੍ਹੀਆਂ ਹੋ ਗਈਆਂ ਤੇ ਇਨ੍ਹਾਂ ਦੇ ਨਕਸ਼ੇ ਪਾਸ ਕਰਨ ਦੀ ਫੀਸ ਤੱਕ ਜਮ੍ਹਾ ਨਹੀਂ ਕੀਤੀ ਗਈ। ਇਕ ਹੋਰ ਵੱਡਾ ਘੋਟਾਲਾ ਐਡਵਰਟਾਈਜ਼ਮੈਂਟ ਪਾਲਸੀ ਦਾ ਹੈ, ਡੇਢ ਲੱਖ ਰੁਪਏ ਪ੍ਰਤੀ ਸਾਲ ਆਮਦਨ ਦੇਣ ਵਾਲੇ ਹੋਰਡਿੰਗ ਬੋਰਡਾਂ ਨੂੰ ਅਕਾਲੀ-ਭਾਜਪਾ ਸ਼ਾਸਨ ਦੌਰਾਨ ਕਮੇਟੀ ਅਹੁਦੇਦਾਰਾਂ ਨੇ ਸਿਰਫ 13500 ਪ੍ਰਤੀ ਸਾਲ ’ਤੇ ਲਿਆ ਕੇ ਖਡ਼੍ਹਾ ਕਰ ਦਿੱਤਾ, ਜਦਕਿ ਇਨ੍ਹਾਂ 10 ਸਾਲ  ਦੌਰਾਨ ਸ਼ਹਿਰ ਵਿਚ ਭਰਪੂਰ ਐਡਵਰਟਾਈਜ਼ਮੈਂਟ ਹੁੰਦੀ ਰਹੀ।


Related News