ਵੱਖਵਾਦੀ ਬਿਆਨ ਦੇਣ ਨੂੰ ਲੈ ਕੇ ਖਹਿਰਾ ਵਿਰੁੱਧ ਹੋਵੇ ਕਾਰਵਾਈ : ਜਾਖੜ

06/18/2018 1:36:48 PM

ਜਲੰਧਰ/ਬਟਾਲਾ (ਧਵਨ, ਬੇਰੀ, ਸੈਂਡੀ) :  ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਨੇਤਾ ਸੁਖਪਾਲ ਖਹਿਰਾ ਵਲੋਂ ਦਿੱਤੇ ਗਏ ਵੱਖਵਾਦੀ ਬਿਆਨ ਨੂੰ ਦੇਖਦਿਆਂ ਉਨ੍ਹਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਅਜਿਹੇ ਬਿਆਨ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਖਤਰਾ ਹਨ। ਉਨ੍ਹਾਂ ਕਿਹਾ ਕਿ ਪੰਜਾਬ 'ਚ ਰਾਏਸ਼ੁਮਾਰੀ ਕਰਵਾਉਣ ਸਬੰਧੀ ਬਿਆਨ ਦੇਣਾ ਸੂਬੇ ਦੀ ਸੁਰੱਖਿਆ ਨੂੰ ਖਤਰੇ 'ਚ ਪਾਉਣਾ ਹੈ। ਇਸ ਲਈ ਪੰਜਾਬ ਦੇ ਰਾਜਪਾਲ ਤੇ ਵਿਧਾਨ ਸਭਾ ਦੇ ਸਪੀਕਰ ਨੂੰ ਸਖਤ ਨੋਟਿਸ ਲੈਣ ਦੀ ਲੋੜ ਹੈ। 
ਜਾਖੜ ਨੇ ਕਿਹਾ ਕਿ ਖਹਿਰਾ ਦੇਸ਼ 'ਚ ਸਰਗਰਮ ਭੰਨਤੋੜ ਤਾਕਤਾਂ ਦੇ ਹੱਥਾਂ 'ਚ ਖੇਡ ਰਹੇ ਹਨ। ਕੁਲ ਲੋਕਾਂ ਨੂੰ ਪੰਜਾਬ 'ਚ ਸ਼ਾਂਤੀ ਪਸੰਦ ਨਹੀਂ ਆ ਰਹੀ। ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਖਹਿਰਾ ਨੇ ਇਹ ਬਿਆਨ ਕਿਸ ਮਕਸਦ ਨਾਲ ਦਿੱਤਾ। ਉਨ੍ਹਾਂ ਅਰਵਿੰਦ ਕੇਜਰੀਵਾਲ ਨੂੰ ਵੀ ਕਿਹਾ ਕਿ ਉਹ ਇਸ ਮੁੱਦੇ 'ਤੇ ਆਪਣਾ ਸਟੈਂਡ ਸਪੱਸ਼ਟ ਕਰਨ। 
ਜਾਖੜ ਨੇ ਐਤਵਾਰ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨਾਲ ਕਾਦੀਆਂ ਖੇਤਰ 'ਚ ਜਾ ਕੇ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ। ਜਾਖੜ ਨੇ ਇਸ ਮੌਕੇ ਕਿਹਾ ਕਿ ਕੈਪਟਨ ਦੀ ਅਗਵਾਈ ਵਾਲੀ ਸਰਕਾਰ ਕਿਸਾਨਾਂ ਦੇ ਹਿੱਤਾਂ ਲਈ ਕਦਮ ਚੁੱਕ ਰਹੀ ਹੈ। ਕਿਸਾਨਾਂ ਦੀ ਹਰ ਫਸਲ ਨੂੰ ਸਹੀਂ ਸਮੇਂ 'ਤੇ ਚੁੱਕਿਆ ਗਿਆ ਤੇ 24 ਘੰਟਿਆਂ 'ਚ ਉਸ ਦਾ ਭੁਗਤਾਨ ਵੀ ਕਰ ਦਿੱਤਾ ਗਿਆ। ਜਲਦੀ ਹੀ ਗੁਰਦਾਸਪੁਰ ਤੇ ਬਟਾਲਾ ਦੀਆਂ ਖੰਡ ਮਿੱਲਾਂ ਦਾ ਪਸਾਰ ਕੀਤਾ ਜਾਵੇਗਾ। ਇਸ ਮੰਤਵ ਲਈ ਸਭ ਕਾਰਵਾਈਆਂ ਆਖਰੀ ਪੜਾਅ 'ਤੇ ਪਹੁੰਚ ਚੁੱਕੀਆਂ ਹਨ।


Related News