ਨਵੇਂ ਵਿਦਿਅਕ ਵਰ੍ਹੇ ਵਿਚ ਬੱਚਿਆਂ ਦੇ ਸਕੂਲਾਂ ਵਿਚ ਦਾਖਲੇ ਲਈ ਸੁਚੇਤ ਹੋਣ ਮਾਪੇ

03/23/2018 5:30:36 PM

ਹਰ ਸਾਲ ਨਵਾਂ ਵਿਦਿਅਕ ਵਰ੍ਹਾਂ ਆਉਣ ਦੇ ਨਾਲ ਹੀ ਮਾਪਿਆਂ ਨੂੰ ਆਪਣੇ ਪਿਆਰੇ ਲਾਡਲੇ ਨੰਨ੍ਹੇ-ਮੁੰਨ੍ਹੇ ਬੱਚਿਆਂ ਦੇ ਸਕੂਲਾਂਵਿਚ ਦਾਖਲੇ ਲਈ ਚਿੰਤਾ ਘੇਰਣ ਲੱਗਦੀ ਹੈ। ਇਸ ਚਿੰਤਾ ਦਾ ਹੋਣਾ ਸੁਭਾਵਕ ਹੀ ਹੈ ਕਿਉਂਕਿ ਅੱਜ ਕੱਲ ਸੱਭ ਮਾਪੇ ਆਪਣੇ ਬਚਿਆਂ ਨੂੰ ਵਿਦਿਆ  ਨਿਪੁੰਨ ਬਣਾਉਣ ਲਈ ਚੰਗੇ ਤੋਂ ਚੰਗਾ  ਸਕੂਲ ਭਾਲਦੇ ਹਨ। ਹਰ ਮਾਪਾ ਆਪਣੀ ਵਿੱਤ ਤੇ ਵੱਧ ਖਰਚ ਕਰਕੇ ਜਾਂ ਆਪ ਤੰਗੀ-ਤੁਰਸੀ ਕੱਟ ਕੇ ਬੱਚਿਆਂ ਦਾ ਜੀਵਨ ਸੁਧਾਰਣਾ ਚਾਹੁੰਦਾ ਹੈ। ਇਸ ਬਾਰੇ ਹੀ ਸੋਚ-ਸੋਚ ਮਾਪੇ ਦੁਵਿਧਾਵਿਚ ਪਏ ਰਹਿੰਦੇ ਹਨ।
ਭਾਵੇਂ ਹਰ ਕੋਈ ਬੱਚਿਆਂ ਨੂੰ ਚੰਗੀ ਸਿੱਖਿਆ ਲਈ ਚੰਗਾ ਸਕੂਲ ਹੀ ਭਾਲਦਾ ਹੈ ਪਰ ਇਸ ਲਈ ਉਨ੍ਹਾਂ ਨੂੰ ਆਪਣੀ ਜੇਬ ਦਾ ਭਾਰ ਵੀ ਦੇਖਣਾ ਪੈਂਦਾ ਹੈ। ਇੱਕ ਪਾਸੇ ਸਰਕਾਰੀ ਸਕੂਲਾਂਵਿਚ ਸਹੂਲਤਾਂ ਦੀ ਘਾਟ ਅਤੇ ਦੂਜੇ ਪਾਸੇ ਪ੍ਰਾਈਵੇਟ ਸਕੂਲਾਂਵਿਚ ਭਾਰੀ-ਭਾਰੀ ਫੀਸਾਂ ਉਨ੍ਹਾਂ ਦੇ ਦਿਮਾਗ ਦਾ ਸੰਤੁਲਨ ਵਿਗਾੜ ਦੇਂਦੀਆਂ ਹਨ। ਜੇ ਉਹ ਪੈਸੇ ਬਚਾਅ ਕੇ  ਸਰਕਾਰੀ ਸਕੂਲਾਂਵਿਚ ਬੱਚੇ ਨੂ ਭੇਜਦੇ ਹਨ ਤਾਂ ਸੋਚਦੇ ਹਨ ਕਿ ਕੀ ਉਨ੍ਹਾਂ ਦੇ ਬੱਚਿਆਂ ਨੂੰ ਅਧਿਆਪਕ ਵੀ ਮਿਲੇਗਾ? ਜਾਂ ਉਨ੍ਹਾਂ ਨੂੰ ਸਰਕਾਰੀ ਸਕੂਲਾਂ ਵਿਚ ਅਧਿਆਪਕਾਂ ਦੀ ਘਾਟ ਕਾਰਣ ਨੁਕਸਾਨ ਤਾਂ ਨਹੀਂ ਉਠਾਉਣਾ ਪਵੇਗਾ? ਪਰ ਇਹ ਗੱਲ ਵੀ ਮਾਪਿਆਂ ਨੂੰ ਨੋਟ ਕਰ ਲੈਣੀ ਚਾਹੀਦੀ ਹੈ ਕਿ ਸਰਕਾਰੀ ਸਕੂਲਾਂਵਿਚ ਵੀ ਹੁਣ ਚੰਗੀਆਂ ਸਹੂਲਤਾਂ ਹਨ, ਪੈਸੇ ਦੀ ਬੱਚਤ ਹੁੰਦੀ ਹੈ ਅਤੇ ਇਨ੍ਹਾਂ ਸਕੂਲਾਂ ਵਿਚ ਪੜ੍ਹਾਉਣ ਵਾਲੇ ਅਧਿਆਪਕ ਵੱਧ ਕੁਆਲੀਫਾਈਡ ਅਤੇ ਵੱਧ ਤਨਖਾਹਾਂ ਲੈ ਰਹੇ ਹਨ। ਗਰੀਬ ਮਾਪਿਆਂ ਲਈ ਤਾਂ ਇਹ ਸਰਕਾਰੀ ਸਕੂਲ ਵਰਦਾਨ ਹਨ ਅਤੇ ਉਨ੍ਹਾਂ ਨੂੰ ਸੱਭ ਕੁਝ ਮੁਫਤਵਿਚ ਮਿਲ ਜਾਂਦਾ ਹੈ ਅਤੇ ਇੱਥੋਂ ਤੱਕ ਕੇ ਚੰਗਾ ਖਾਣਾ ਵੀ ਸਕੂਲਵਿਚ ਮੁਹੱਈਆ ਹੁੰਦਾ ਹੈ।
ਦੂਜੇ ਪਾਸੇ ਜੇ ਗੱਲ ਪ੍ਰਾਈਵੇਟ ਸਕੂਲਾਂ ਦੀ ਕਰੀਏ, ਇਨ੍ਹਾਂਵਿਚ ਵੀ ਕਈ ਕਿਸਮਾਂ ਦੇ ਸਕੂਲ ਹਨ। ਇੱਕ ਉਹ ਜੋ ਕੇਵਲ ਅਮੀਰਾਂ ਲਈ ਹਨ ਅਤੇ ਵੱਧ ਫੀਸਾਂ ਲੈ ਕੇ ਚਲਾਏ ਜਾਂ ਰਹੇ ਹਨ, ਕਈ ਸਕੂਲ ਮੱਧ ਵਰਗੀ ਲੋਕਾਂ ਲਈ ਹਨ ਜਿਹੜੇ ਕਿ ਦਰਮਿਆਨੀ ਜਿਹੀ ਫੀਸ ਲੈ ਕੇ ਬੱਚਿਆਂ ਨੂੰ ਆਪਣੇ ਵੱਲ ਖਿਚਦੇ ਹਨ ਪਰ ਉਹ ਅਧਿਆਪਕ ਵੀ ਘੱਟ ਤਨਖਾਹ ਪਰ ਹੀ ਰੱਖਦੇ ਹਨ। ਤੀਜੀ ਕਿਸਮ ਦੇ ਅਜਿਹੇ ਸਕੂਲ ਵੀ ਹਨ ਜੋ ਦੁਕਾਨਾਂ ਦੇ ਤੌਰ ਤੇ ਕੰਮ ਕਰਦੇ ਹਨ। ਮਾਪਿਆਂ ਨੂੰ ਅੰਗਰੇਜ਼ੀ ਮਾਧਿਅਮ ਦਾ ਝਾਂਸਾ ਦੇ ਕੇ ਪੈਸੇ ਵਟੋਰਦੇ ਹਨ। ਉਨ੍ਹਾਂ ਦਾ ਮਕਸਦ ਕਿਸੇ ਨਾ ਕਿਸੇ ਤਰ੍ਹਾਂ ਆਪਣੀ ਦੁਕਾਨ ਨੂੰ ਚਲਾਈ ਰੱਖਣਾ ਹੁੰਦਾ ਹੈ।
ਨਵੇਂ ਸਾਲ ਦੇ ਆਉਂਦਿਆਂ ਹੀ ਮਾਪਿਆਂ ਨੂੰ ਸਕੂਲ ਚੁਣਨ ਲਈ ਸੁਚੇਤ ਹੋਣ ਦੀ ਲੋੜ ਹੈ। ਬਹੁਤੇ ਪੈਸਿਆਂ ਨਾਲ ਵਿਦਿਆ ਨਹੀਂ ਖ੍ਰੀਦੀ ਜਾ ਸਕਦੀ। ਵਿਦਿਆ ਦਾ ਦਾਨ ਤਾਂ ਚੰਗੇ ਅਧਿਆਪਕ ਹੀ ਦੇ ਸਕਦੇ ਹਨ। ਬੇ-ਲੋੜੀ ਲੁੱਟ ਤੋਂ ਮਾਪਿਆਂ ਨੂੰ ਗੁਰੇਜ਼ ਕਰਨਾ ਚਾਹੀਦਾ ਹੈ। ਜਿਨ੍ਹਾਂ ਸਕੂਲਾਂਵਿਚ ਭਾਰੀ ਫੀਸਾਂ ਦੇ ਨਾਲ, ਕਿਤਾਬਾਂ, ਵਰਦੀਆਂ ਆਦਿ ਵੀ ਵੇਚੀਆਂ ਜਾਂਦੀਆਂ ਹਨ ਅਜਿਹੇ ਸਕੂਲਾਂ ਦਾ ਬਾਈਕਾਟ ਕਰਨਾ ਚਾਹੀਦਾ ਹੈ ਕਿਉਂਕਿ ਇਹ ਸੱਭ ਸਰਕਾਰੀ ਹਦਾਇਤਾਂ ਦੇ ਵਿਰੁੱਧ ਹੈ। ਚੰਗੇ ਅਧਿਆਪਕਾਂ ਵਾਲੇ ਸਕੂਲਾਂ ਵੱਲ ਰੁਖ ਕਰਕੇ, ਬੱਚਿਆਂ ਨੂੰ ਚੰਗੇ ਗੁਣੀ ਬਣਾਉਣਾ ਜ਼ਰੂਰੀ ਹੈ।
ਪੰਜਾਬ ਦੇ ਪਿੰਡਾਂਵਿਚ, ਅੰਗਰੇਜ਼ੀ ਮਾਧਿਅਮ ਦੀ ਵੀ ਹੌੜ ਲੱਗੀ ਹੁੰਦੀ ਹੈ। ਪਰ ਹੁਣ ਜ਼ਮਾਨਾ ਬਦਲ ਰਿਹਾ ਹੈ। ਅੰਗਰੇਜ਼ੀ ਮਾਧਿਅਮ ਵਾਲੇ ਬੱਚੇ ਪਛੜ ਰਹੇ ਹਨ ਜਦੋਂ ਕਿ ਆਪਣੀ ਮਾਤ ਭਾਸ਼ਾਵਿਚ ਪੜ੍ਹਨ ਵਾਲੇ ਬੱਚੇ ਅੱਗੇ ਨਿਕਲ ਰਹੇ ਹਨ। ਅਨੇਕਾਂ ਸੰਸਾਰ ਪੱਧਰੀ ਸਰਕਾਰੀ ਅਤੇ ਗੈਰ-ਸਰਕਾਰੀ ਸੰਸਥਾਵਾਂ ਦੇ ਵੱਖ-ਵੱਖ ਸਰਵੇਖਣਾਂ ਤੋਂ ਇਹ ਸਿੱਧ ਹੋ ਚੁੱਕਾ ਹੈ ਕਿ ਬੱਚਾ ਜੋ ਆਪਣੀ ਮਾਂ ਬੋਲੀਵਿਚ ਸਿੱਖਦਾ ਹੈ ਉਹ ਦੂਜੀਆਂ ਬੋਲੀਆਂ ਜਾਂ ਭਾਸ਼ਾਵਾਂਵਿਚ ਨਹੀਂ ਸਿੱਖ ਸਕਦਾ। ਹੁਣ ਤਾਂ ਸਾਇੰਸ ਅਤੇ ਹਿਸਾਬ ਨੂੰ ਪੰਜਾਬੀਵਿਚ ਪੜ੍ਹਾਉਣ ਦੇ ਸਫ਼ਲ ਤਜ਼ਰਬੇ ਹੋ ਰਹੇ ਹਨ। ਇਸ ਤਰ੍ਹਾਂ ਮਾਪਿਆਂ ਨੂੰ ਬੇ-ਲੋੜੀ ਹੌੜ ਦੇ ਮਗਰ ਨਹੀਂ ਲੱਗਣਾ ਚਾਹੀਦਾ। ਸਗੋਂ ਪਿੰਡਾਂਵਿਚ ਰਹਿੰਦੇ ਹੋਏ ਸਰਕਾਰੀ ਸਕੂਲਾਂ ਦੇ ਸੁਧਾਰ ਲਈ ਉਪਰਾਲੇ ਕਰਨੇ ਚਾਹੀਦੇ ਹਨ ਅਤੇ ਸਰਕਾਰ ਨੂੰ ਉਨ੍ਹਾਂ ਦੇ ਸੁਧਾਰ ਲਈ ਮਜ਼ਬੂਰ ਕਰਨਾ ਚਾਹੀਦਾ ਹੈ।
ਮਾਪਿਆਂ ਨੂੰ ਆਰ.ਟੀ.ਈ. ਕਾਨੂੰਨ 2009 ਦਾ ਵੀ ਗਿਆਨ ਲੈ ਕੇ ਉਸਦਾ ਲਾਭ ਉਠਾਉਣਾ ਚਾਹੀਦਾ ਹੈ ਤਾਂ ਕਿ ਉਹ ਬੇ-ਲੋੜੀ ਲੁੱਟ ਤੋਂ ਬਚ ਸਕਣ। ਸਰਕਾਰਾਂ ਨੂੰ ਵੀ ਸਰਕਾਰੀ ਸਕੂਲਾਂ ਦੀਆਂ ਸਹੂਲਤਾਂ ਵੱਲ ਵੱਧ ਧਿਆਨ ਦੇ  ਕੇ ਅਤੇ ਅਧਿਆਪਕਾਂ ਦੀ ਸਕੂਲਾਂਵਿਚ ਘਾਟ ਨੂੰ ਤੁਰੰਤ ਪੂਰਾ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਨਵੇਂ ਵਿਦਿਅਕ ਵਰ੍ਹੇਵਿਚ ਮਾਪਿਆਂ ਨੂੰ ਬਹੁਤ ਸੋਚ ਸਮਝ ਕੇ ਆਪਣੇ ਬੱਚਿਆਂ ਨੂੰ ਸਕੂਲਾਂਵਿਚ ਪਾਉਣਾ ਚਾਹੀਦਾ ਹੈ ਤਾਂ ਕਿ ਘਟ ਖਰਚੇ ਨਾਲ ਬੱਚੇ ਚੰਗੀ ਤੋਂ ਚੰਗੀ ਸਿੱਖਿਆ ਪ੍ਰਾਪਤ ਕਰ ਸਕਣ। 
ਬਹਾਦਰ ਸਿੰਘ ਗੋਸਲ 
ਮਕਾਨ ਨੰ: 3098, ਸੈਕਟਰ37 ਡੀ, ਚੰਡੀਗੜ੍ਹ
ਮੋ. ਨੰ: 9876452223

 


Related News