ਬਾਜ਼ਾਰ ਧੜੰਮ : ਸੈਂਸੈਕਸ 410 ਅੰਕ ਡਿੱਗਾ, ਨਿਫਟੀ 10,000 ਤੋਂ ਹੇਠਾਂ ਬੰਦ

03/23/2018 3:53:50 PM

ਮੁੰਬਈ— ਅਮਰੀਕਾ ਅਤੇ ਚੀਨ ਵਿਚਕਾਰ ਵਪਾਰ ਯੁੱਧ ਕਾਰਨ ਗਲੋਬਲ ਬਾਜ਼ਾਰਾਂ 'ਚ ਗਿਰਾਵਟ ਦੇਖਣ ਨੂੰ ਮਿਲੀ, ਜਿਸ ਦਾ ਅਸਰ ਭਾਰਤੀ ਬਾਜ਼ਾਰ 'ਤੇ ਹਾਵੀ ਰਿਹਾ। ਟਰੰਪ ਦੇ ਟੈਰਿਫ ਲਾਉਣ ਨਾਲ ਨਿਵੇਸ਼ਕਾਂ ਨੂੰ ਚਿੰਤਾ ਹੈ ਕਿ ਗਲੋਬਲ ਪੱਧਰ 'ਤੇ ਵਪਾਰ ਯੁੱਧ ਸ਼ੁਰੂ ਹੋ ਸਕਦਾ ਹੈ। ਇਸ ਵਿਚਕਾਰ ਸ਼ੁੱਕਰਵਾਰ ਨੂੰ ਸੈਂਸੈਕਸ ਅਤੇ ਨਿਫਟੀ ਦੀ ਸ਼ੁਰੂਆਤ ਭਾਰੀ ਗਿਰਾਵਟ ਨਾਲ ਹੋਈ ਅਤੇ ਅਖੀਰ ਵੀ ਇਹ ਜ਼ੋਰਦਾਰ ਗਿਰਾਵਟ ਨਾਲ ਬੰਦ ਹੋਏ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 410 ਅੰਕਾਂ ਦਾ ਵੱਡਾ ਗੋਤਾ ਲਾ ਕੇ 32,596.54 'ਤੇ ਬੰਦ ਹੋਇਆ ਹੈ। ਉੱਥੇ ਹੀ, ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ 116.70 ਅੰਕ ਦੀ ਵੱਡੀ ਗਿਰਾਵਟ ਨਾਲ 10,000 ਦੇ ਪੱਧਰ ਤੋਂ ਹੇਠਾਂ 9,998.05 'ਤੇ ਬੰਦ ਹੋਇਆ ਹੈ।

ਇਸ ਦੌਰਾਨ ਏਸ਼ੀਆਈ ਬਾਜ਼ਾਰਾਂ 'ਚ ਜ਼ੋਰਦਾਰ ਗਿਰਾਵਟ ਦੇਖਣ ਨੂੰ ਮਿਲੀ। ਜਾਪਾਨ ਦਾ ਬਾਜ਼ਾਰ ਨਿੱਕੇਈ, ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜਿਟ ਅਤੇ ਸਿੰਗਾਪੁਰ 'ਚ ਐੱਨ. ਐੱਸ. ਈ. ਨਿਫਟੀ-50 ਦਾ ਸ਼ੁਰੂਆਤੀ ਸੂਚਕ ਐੱਸ. ਜੀ. ਐਕਸ. ਨਿਫਟੀ ਤੇਜ਼ ਗਿਰਾਵਟ ਨਾਲ ਕਾਰੋਬਾਰ ਕਰਦੇ ਨਜ਼ਰ ਆਏ। ਨਿੱਕੇਈ 762 ਅੰਕ ਡਿੱਗ ਕੇ 20,617 'ਤੇ ਅਤੇ ਐੱਸ. ਜੀ. ਐਕਸ. ਨਿਫਟੀ 123 ਅੰਕ ਦੀ ਜ਼ੋਰਦਾਰ ਗਿਰਾਵਟ ਨਾਲ 9994.50 ਦੇ ਪੱਧਰ 'ਤੇ ਕਾਰੋਬਾਰ ਕਰਦਾ ਨਜ਼ਰ ਆਇਆ, ਜਦੋਂ ਕਿ ਸ਼ੰਘਾਈ ਕੰਪੋਜਿਟ 110.72 ਅੰਕ ਦੀ ਵੱਡੀ ਗਿਰਾਵਟ ਨਾਲ 3152.76 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ। ਅਮਰੀਕਾ ਅਤੇ ਚੀਨ ਵਿਚਕਾਰ ਵਪਾਰ ਯੁੱਧ ਕਾਰਨ ਵੀਰਵਾਰ ਨੂੰ ਅਮਰੀਕੀ ਬਾਜ਼ਾਰ ਭਾਰੀ ਗਿਰਾਵਟ ਨਾਲ ਬੰਦ ਹੋਏ। ਡਾਓ ਜੋਂਸ 725 ਅੰਕ, ਐੱਸ. ਐਂਡ. ਪੀ.-500 ਇੰਡੈਕਸ 68 ਅੰਕ ਅਤੇ ਨੈਸਡੈਕ ਕੰਪੋਜਿਟ 178 ਦੀ ਗਿਰਾਵਟ ਨਾਲ ਬੰਦ ਹੋਏ ਹਨ। ਅਮਰੀਕਾ ਨੇ 60 ਅਰਬ ਡਾਲਰ ਦੇ ਚੀਨੀ ਸਾਮਾਨ 'ਤੇ ਇੰਪੋਰਟ ਡਿਊਟੀ ਲਾਉਣ ਦਾ ਐਲਾਨ ਕੀਤਾ ਹੈ, ਜਿਸ ਦੇ ਜਵਾਬ 'ਚ ਚੀਨ ਨੇ ਵੀ 128 ਅਮਰੀਕੀ ਸਾਮਾਨਾਂ 'ਤੇ ਜਵਾਬੀ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ। ਨਿਵੇਸ਼ਕਾਂ ਨੂੰ ਡਰ ਹੈ ਕਿ ਟਰੰਪ ਦੇ ਇਸ ਕਦਮ ਨਾਲ ਬਾਕੀ ਦੇਸ਼ ਵੀ ਅਜਿਹਾ ਹੀ ਕਦਮ ਚੁੱਕ ਸਕਦੇ ਜਿਸ ਨਾਲ ਵਪਾਰ ਕਰਨਾ ਮੁਸ਼ਕਿਲ ਹੋ ਜਾਵੇਗਾ ਅਤੇ ਕੰਪਨੀਆਂ ਦੇ ਕਾਰੋਬਾਰ 'ਤੇ ਅਸਰ ਪਵੇਗਾ।

ਮਿਡ ਕੈਪ-ਸਮਾਲ ਕੈਪ 'ਚ ਗਿਰਾਵਟ
ਬੀ. ਐੱਸ. ਈ. ਲਾਰਜ ਕੈਪ, ਮਿਡ ਕੈਪ ਅਤੇ ਸਾਮਾਲ ਕੈਪ 'ਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ। ਸਮਾਲ ਕੈਪ 262.94 ਅੰਕ ਦੀ ਗਿਰਾਵਟ, ਮਿਡ ਕੈਪ 216.57 ਅੰਕ ਦੀ ਕਮਜ਼ੋਰੀ ਅਤੇ ਲਾਰਜ ਕੈਪ 43 ਅੰਕ ਦੀ ਗਿਰਾਵਟ ਨਾਲ ਬੰਦ ਹੋਏ ਹਨ। ਉੱਥੇ ਹੀ ਨਿਫਟੀ ਮਿਡ-100 ਇੰਡੈਕਸ 80 ਅੰਕ ਡਿੱਗ ਕੇ 4,842.80 'ਤੇ ਬੰਦ ਹੋਇਆ ਹੈ।

ਐੱਨ. ਐੱਸ. ਈ. 'ਤੇ ਆਈ. ਟੀ. ਅਤੇ ਮੀਡੀਆ ਸੈਕਟਰ ਨੂੰ ਛੱਡ ਕੇ ਬਾਕੀ ਸਾਰੇ ਸੈਕਟਰ ਇੰਡੈਕਸ ਲਾਲ ਨਿਸ਼ਾਨ 'ਤੇ ਬੰਦ ਹੋਏ ਹਨ। ਬੈਂਕ ਨਿਫਟੀ 471.10 ਅੰਕ ਡਿੱਗ ਕੇ 23,670.40 'ਤੇ ਬੰਦ ਹੋਇਆ ਹੈ। ਨਿਫਟੀ ਪੀ. ਐੱਸ. ਯੂ. ਬੈਂਕ 'ਚ 88 ਅੰਕ ਦੀ ਗਿਰਾਵਟ ਦੇਖਣ ਨੂੰ ਮਿਲੀ, ਜਦੋਂ ਕਿ ਨਿਫਟੀ ਫਾਰਮਾ 'ਚ 146.60 ਅੰਕ ਅਤੇ ਨਿਫਟੀ ਮੈਟਲ 'ਚ 100 ਤੋਂ ਵਧ ਅੰਕ ਦੀ ਗਿਰਾਵਟ ਦੇਖਣ ਨੂੰ ਮਿਲੀ। 

ਸੈਂਸੈਕਸ 'ਚ ਜਿਨ੍ਹਾਂ ਸ਼ੇਅਰਾਂ ਨੇ ਅਖੀਰ ਚੰਗਾ ਪ੍ਰਦਰਸ਼ਨ ਕੀਤਾ ਉਨ੍ਹਾਂ 'ਚ ਅਡਾਣੀ ਪੋਰਟਸ, ਇੰਫੋਸਿਸ, ਏਸ਼ੀਅਨ ਪੇਂਟਸ, ਮਹਿੰਦਰਾ ਐਂਡ ਮਹਿੰਦਰਾ ਅਤੇ ਕੋਲ ਇੰਡੀਆ ਹਲਕੀ ਮਜ਼ਬੂਤੀ ਨਾਲ ਬੰਦ ਹੋਏ ਹਨ। ਉੱਥੇ ਹੀ, ਨਿਫਟੀ 'ਚ ਐੱਚ. ਸੀ. ਐੱਲ. ਟੈੱਕ, ਭਾਰਤੀ ਇੰਫਰਾਟੈੱਲ, ਜੀ ਐਂਟਰਟੇਨਮੈਂਟ, ਅਡਾਣੀ ਪੋਰਟਸ ਅਤੇ ਪਾਵਰ ਗ੍ਰਿਡ ਕਾਰਪ ਮਜ਼ਬੂਤੀ ਨਾਲ ਬੰਦ ਹੋਏ ਹਨ।ਹੈ।


Related News