ਭਾਰਤੀ ਕਿਸਾਨ ਯੂਨੀਅਨ ਨੇ ਕੈਪਟਨ ਸਰਕਾਰ ਤੇ ਲਾਇਆ ਵਾਅਦਾ ਖਿਲਾਫੀ ਦਾ ਦੋਸ਼

03/22/2018 3:55:27 PM

ਭਵਾਨੀਗੜ੍ਹ (ਵਿਕਾਸ) — ਕਰਜ਼ਾ ਮੁਆਫੀ ਅਤੇ ਹੋਰ ਕਿਸਾਨੀ ਮੰਗਾਂ ਨੂੰ ਲੈ ਕੇ 22 ਮਾਰਚ ਤੋਂ ਪੰਜਾਬ ਵਿਧਾਨ ਸਭਾ ਦਾ ਅਣਮਿੱਥੇ ਸਮੇਂ ਲਈ ਘਿਰਾਓ ਕਰਨ ਦੇ ਕੀਤੇ ਐਲਾਨ ਦੇ ਤਹਿਤ ਅੱਜ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਜ਼ਿਲਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ ਦੀ ਅਗਵਾਈ ਹੇਠ ਬਲਾਕ 'ਚੋਂ ਵੱਡੀ ਗਿਣਤੀ 'ਚ ਕਿਸਾਨ ਚੰਡੀਗੜ੍ਹ ਲਈ ਰਵਾਨਾ ਹੋਏ । ਇਸ ਮੌਕੇ ਕਿਸਾਨ ਆਗੂ ਕਪਿਆਲ ਨੇ ਦੱਸਿਆ ਕਿ ਸੂਬੇ ਭਰ 'ਚੋਂ ਵੱਡੀ ਗਿਣਤੀ 'ਚ ਕਿਸਾਨ ਸੰਘਰਸ਼ ਲਈ ਚੰਡੀਗੜ੍ਹ ਪਹੁੰਚ ਰਹੇ ਹਨ, ਜਿਥੇ ਯੂਨੀਅਨ ਦੇ ਸੂਬਾ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਦੀ ਅਗਵਾਈ 'ਚ ਵਿਧਾਨ ਸਭਾ ਦਾ ਘਿਰਾਓ ਕਰ ਕੇ ਅਣਮਿੱਥੇ ਸਮੇਂ ਲਈ ਧਰਨਾ ਦਿੱਤਾ ਜਾਵੇਗਾ । ਚੰਡੀਗੜ੍ਹ ਰਵਾਨਾ ਹੋਣ ਤੋਂ ਪਹਿਲਾਂ ਭਵਾਨੀਗੜ੍ਹ ਇਕੱਤਰ ਹੋਏ ਕਿਸਾਨਾਂ ਨੇ ਸੂਬਾ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਖਿਲਾਫ ਨਾਅਰੇਬਾਜੀ ਕਰਦਿਆਂ ਕੈਪਟਨ ਸਰਕਾਰ ਤੇ ਪੂਰਨ ਕਰਜ਼ਾ ਮੁਆਫੀ ਜਿਹੇ ਵਾਅਦਿਆਂ ਤੋਂ ਨੱਠ ਜਾਣ ਦਾ ਦੋਸ਼ ਲਾਇਆ । ਇਸ ਮੌਕੇ ਵਿਧਾਨ ਸਭਾ ਦੇ ਘਿਰਾਓ ਲਈ ਕਿਸਾਨ ਚੰਡੀਗੜ੍ਹ ਭੀਮ ਸੰਘਰੇੜੀ, ਜਸਵੰਤ ਕਪਿਆਲ, ਅਜੈਬ ਸੰਘਰੇੜੀ, ਸੁਖਦੇਵ ਸਿੰਘ, ਚੰਦ ਸਿੰਘ ਚੰਨੋ, ਸੋਹਣ ਸਿੰਘ ਘਰਾਚੋ, ਨਾਜਰ ਸਿੰਘ ਬਿਜਲਪੁਰ ਤੋਂ ਇਲਾਵਾ ਹੋਰ ਕਿਸਾਨ ਆਗੂ ਹਾਜ਼ਰ ਸਨ ।


Related News