ਮ੍ਰਿਤਕਾ ਦੇ ਪਤੀ ਤੇ ਸਹੁਰੇ ਵਿਰੁੱਧ ਕੇਸ ਦਰਜ

03/22/2018 1:54:19 AM

ਗੁਰਦਾਸਪੁਰ,   (ਵਿਨੋਦ)-  ਗੁਰਦਾਸਪੁਰ ਸ਼ਹਿਰ ਵਿਚ ਪ੍ਰੇਮ-ਵਿਆਹ ਕਰਨ ਵਾਲੀ ਲੜਕੀ ਵੱਲੋਂ ਜ਼ਹਿਰੀਲੀ ਦਵਾਈ ਖਾ ਕੇ ਆਤਮ-ਹੱਤਿਆ ਕਰਨ ਸਬੰਧੀ ਪੁਲਸ ਨੇ ਮ੍ਰਿਤਕਾ ਦੇ ਚਾਚੇ ਦੇ ਬਿਆਨਾਂ 'ਤੇ ਉਸ ਦੇ ਪਿਤਾ ਤੇ ਸਹੁਰੇ ਵਿਰੁੱਧ ਧਾਰਾ 304-ਬੀ ਅਧੀਨ ਕੇਸ ਦਰਜ ਕੀਤਾ ਹੈ ਪਰ ਦੋਵੇਂ ਦੋਸ਼ੀ ਫਰਾਰ ਦੱਸੇ ਜਾਂਦੇ ਹਨ।
ਸਿਟੀ ਪੁਲਸ ਸਟੇਸ਼ਨ ਗੁਰਦਾਸਪੁਰ ਦੇ ਇੰਚਾਰਜ ਸ਼ਾਮ ਲਾਲ ਨੇ ਦੱਸਿਆ ਕਿ ਬੀਤੇ ਦਿਨ ਗੁਰਦਾਸਪੁਰ ਦੇ ਮੁਹੱਲਾ ਬਾਬਾ ਸਿਲੰਡਰ ਵਿਚ ਕਿਰਾਏ ਦੇ ਮਕਾਨ 'ਚ ਰਹਿਣ ਵਾਲੀ ਕਮਲਜੀਤ ਕੌਰ ਨੇ ਜ਼ਹਿਰੀਲੀ ਦਵਾਈ ਖਾ ਕੇ ਆਤਮ- ਹੱਤਿਆ ਕਰ ਲਈ ਸੀ। ਇਸ ਸਬੰਧੀ ਮ੍ਰਿਤਕਾ ਦੇ ਚਾਚਾ ਸੁਖਬੀਰ ਸਿੰਘ ਵਾਸੀ ਭੁੱਲੇਚੱਕ ਨੇ ਪੁਲਸ ਨੂੰ ਬਿਆਨ ਦਿੱਤਾ ਕਿ ਮ੍ਰਿਤਕਾ ਦਾ ਪਿਤਾ ਸੁਖਦੇਵ ਸਿੰਘ ਦੁਬਈ ਵਿਚ ਰਹਿੰਦਾ ਹੈ ਅਤੇ ਕਮਲਜੀਤ ਕੌਰ ਨੇ ਲਗਭਗ ਦੋ ਸਾਲ ਪਹਿਲਾਂ ਆਪਣੇ ਹੀ ਪਿੰਡ ਦੇ ਨੌਜਵਾਨ ਗੁਰਪ੍ਰੀਤ ਸਿੰਘ ਪੁੱਤਰ ਸੁਰਿੰਦਰ ਪਾਲ ਸਿੰਘ ਨਾਲ ਪ੍ਰੇਮ ਸਬੰਧ ਕਾਰਨ ਅਦਾਲਤ ਵਿਚ ਵਿਆਹ ਕਰਵਾ ਲਿਆ ਸੀ। ਉਦੋਂ ਤੋਂ ਹੀ ਉਹ ਗੁਰਦਾਸਪੁਰ ਦੇ ਮੁਹੱਲਾ ਬਾਬਾ ਸਿਲੰਡਰ ਵਿਚ ਕਿਰਾਏ ਦੇ ਮਕਾਨ ਵਿਚ ਰਹਿੰਦੇ ਹਨ ਪਰ ਕਮਲਜੀਤ ਕੌਰ ਸਮੇਂ-ਸਮੇਂ 'ਤੇ ਮੈਨੂੰ ਇਹ ਦੱਸਦੀ ਰਹਿੰਦੀ ਸੀ ਕਿ ਉਸ ਦਾ ਪਤੀ ਤੇ ਸਹੁਰਾ ਸੁਰਿੰਦਰ ਪਾਲ ਸਿੰਘ ਉਸ ਨੂੰ ਦਾਜ ਲਈ ਪ੍ਰੇਸ਼ਾਨ ਕਰਦੇ ਹਨ। ਇਸੇ ਪ੍ਰੇਸ਼ਾਨੀ ਕਾਰਨ 19 ਮਾਰਚ ਨੂੰ ਕਮਲਜੀਤ ਕੌਰ ਦੀ ਜ਼ਹਿਰੀਲੀ ਦਵਾਈ ਖਾਣ ਨਾਲ ਮੌਤ ਹੋ ਗਈ। 
ਸੁਖਬੀਰ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨ ਵਿਚ ਸ਼ੱਕ ਪ੍ਰਗਟ ਕੀਤਾ ਸੀ ਕਿ ਉਸ ਦੀ ਭਤੀਜੀ ਨੂੰ ਪਤੀ ਤੇ ਸਹੁਰੇ ਨੇ ਜ਼ਹਿਰੀਲੀ ਦਵਾਈ ਦੇ ਕੇ ਮਾਰਿਆ ਹੈ। 
ਪੁਲਸ ਅਧਿਕਾਰੀ ਨੇ ਦੱਸਿਆ ਕਿ ਸਿਟੀ ਪੁਲਸ ਸਟੇਸ਼ਨ ਵਿਚ ਮ੍ਰਿਤਕਾ ਦੇ ਚਾਚਾ ਸੁਖਬੀਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਮ੍ਰਿਤਕਾ ਦੇ ਪਤੀ ਗੁਰਪ੍ਰੀਤ ਸਿੰਘ ਅਤੇ ਸਹੁਰੇ ਸੁਰਿੰਦਰ ਪਾਲ ਸਿੰਘ ਵਿਰੁੱਧ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


Related News