ਕਣਕ ਦੀ ਫਸਲ ''ਤੇ ਪੀਲੀ ਕੁੰਗੀ ਤੇ ਤੇਲੇ ਦੇ ਕਹਿਰ ਨੇ ਕਿਸਾਨਾਂ ਦਾ ਤੋੜਿਆ ਲੱਕ

03/18/2018 9:25:37 AM

ਗੁਰਦਾਸਪੁਰ (ਵਿਨੋਦ) - ਇਕ ਪਾਸੇ ਜਿਥੇ ਪਹਿਲਾਂ ਹੀ ਕਿਸਾਨ ਕਰਜ਼ੇ ਦੇ ਬੋਝ  ਹੇਠਾਂ ਦੱਬਿਆ ਪਿਆ ਹੈ ਅਤੇ ਆਪਣਾ ਜੀਵਨ ਬੜੀ ਹੀ ਪ੍ਰੇਸ਼ਾਨੀ ਦੇ ਦੌਰ 'ਚ ਬਤੀਤ ਕਰ ਰਿਹਾ ਹੈ, ਉਥੇ ਹੁਣ ਕਣਕ ਦੀ ਫਸਲ 'ਤੇ ਪੀਲੀ ਕੁੰਗੀ ਤੇ ਤੇਲੇ ਦੇ ਕਹਿਰ ਨੇ ਕਿਸਾਨਾਂ ਨੂੰ ਇਕ ਵਾਰ ਫਿਰ ਪ੍ਰੇਸ਼ਾਨ ਕਰ ਕੇ ਰੱਖ ਦਿੱਤਾ ਹੈ। ਮਹਿੰਗੇ ਭਾਅ ਦੀ ਦਵਾਈ ਖਰੀਦ ਕੇ ਕਿਸਾਨ ਫਸਲ 'ਤੇ ਸਪਰੇਅ ਕਰਨ ਨੂੰ ਮਜਬੂਰ ਹੋਏ ਪਏ ਹਨ। 
ਅੱਜ ਜਦੋਂ ਸਰਹੱਦੀ ਖੇਤਰਾਂ ਦਾ ਦੌਰਾ ਕੀਤਾ ਗਿਆ ਤਾਂ ਪਾਇਆ ਗਿਆ ਕਿ ਬਹਿਰਾਮਪੁਰ ਦੇ ਆਲੇ-ਦੁਆਲੇ ਦੇ ਪਿੰਡਾਂ ਜਿਵੇ ਭਰਥ, ਕਾਜੀਚੱਕ, ਦੋਦਵਾਂ, ਰਾਮਪੁਰ, ਈਸੇਪੁਰ, ਬਾਹਮਣੀ, ਝਬਕਰਾਂ, ਬਾਠਾਂਵਾਲ, ਆਲੋਵਾਲ, ਉਦੀਪੁਰ, ਕੈਰੇ, ਮਕੌੜਾ, ਮਰਾੜਾ, ਫਰੀਦਪੁਰ, ਰੰਗੜਪਿੰਡੀ ਆਦਿ ਪਿੰਡਾਂ ਵਿਚ ਕਣਕ ਦੀ ਫਸਲ 'ਤੇ ਪੀਲੀ ਕੁੰਗੀ ਅਤੇ ਕਾਲੇ ਤੇਲੇ ਨੇ ਪੈਰ ਪਸਾਰੇ ਹੋਏ ਹਨ, ਜਿਸ ਕਾਰਨ ਇਲਾਕੇ ਦੇ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕਿਸਾਨ ਕਮਲ ਕੁਮਾਰ ਨੇ ਦੱਸਿਆ ਕਿ ਅਸੀਂ ਜਦੋਂ ਕਣਕ ਦੀ ਬਿਜਾਈ ਕੀਤੀ ਸੀ। ਉਸ ਸਮੇਂ ਵੀ ਬੀਜ ਨੂੰ ਦਵਾਈ ਲਾਈ ਅਤੇ ਸ਼ਹਿਰ ਤੋਂ ਮਹਿੰਗੇ ਭਾਅ ਦੇ ਬਾਜ਼ਾਰੀ ਬੀਜ ਮਹਿੰਗੇ ਮੁੱਲ ਦਾ ਲਿਆ ਸੀ। ਫਿਰ ਅਸੀਂ ਗੁਲੀਡੰਡੇ ਦੀ ਸਪਰੇਅ ਕੀਤੀ, ਇਸ ਦਵਾਈ ਦੀ ਵੀ ਕਾਫੀ ਕੀਮਤ ਸੀ ਪਰ ਇਸ ਵਾਰ ਪਤਾ ਨਹੀਂ ਕਿ ਗੱਲ ਹੈ ਕਿ ਬਹਿਰਾਮਪੁਰ ਦੇ ਇਲਾਕੇ ਦੇ ਕਿਸਾਨਾਂ ਦੀ ਕਣਕ ਦੀ ਫਸਲ ਵਿਚ ਗੁਲੀਡੰਡਾ ਵੀ ਬਹੁਤ ਹੈ ਕਿਉਂਕਿ ਇਥੇ ਦੇ ਦੁਕਾਨਦਾਰਾਂ ਨੇ ਮਾੜੀ ਕਿਸਮ ਦੀਆਂ ਦਵਾਈਆਂ ਮਹਿੰਗੇ ਰੇਟਾਂ 'ਤੇ ਕਿਸਾਨਾਂ ਨੂੰ ਵੇਚੀਆਂ ਹਨ। ਪੀਲੀ ਕੁੰਗੀ ਅਤੇ ਤੇਲੇ ਦੀ ਮਾਰ ਨੇ ਕਿਸਾਨਾਂ ਦੇ ਲੱਕ ਤੋੜ ਦਿੱਤੇ ਹਨ। 
ਇਥੇ ਜ਼ਿਕਰਯੋਗ ਹੈ ਕਿ ਪੰਜਾਬ ਦੀ ਕਿਸਾਨੀ ਦੀ ਹਾਲਤ ਬਹੁਤ ਹੀ ਮਾੜੀ ਹੈ। ਇਸ ਵਾਰ ਸਰਕਾਰ ਨੇ ਸਬਸਿਡੀ ਵਾਲੀ ਦਵਾਈ ਵੀ ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਨਹੀਂ ਦਿੱਤੀ, ਜਿਸ ਕਾਰਨ ਕਿਸਾਨ ਆਰਥਿਕ ਤੰਗੀ ਝੱਲ ਰਹੇ ਹਨ। ਕਿਸਾਨਾਂ ਨੇ ਮੰਗ ਕੀਤੀ ਕਿ ਸਾਨੂੰ ਵਧੀਆ ਕਿਸਮਾਂ ਦੀਆਂ ਦਵਾਈਆਂ ਮੁਹੱਈਆ ਕਰਵਾਈਆਂ ਜਾਣ ਅਤੇ ਮਾੜੀਆਂ ਦਵਾਈਆਂ ਵੇਚਣ ਵਾਲੀਆਂ ਦੁਕਾਨਾਂ 'ਤੇ ਚੈਕਿੰਗ ਕਰ ਕੇ ਉਨ੍ਹਾਂ ਨੂੰ ਕਬਜ਼ੇ ਵਿਚ ਲਿਆ ਜਾਵੇ ਤਾਂ ਕਿ ਕਿਸਾਨਾਂ ਨੂੰ ਪ੍ਰੇਸ਼ਾਨ ਨਾ ਹੋਣਾ ਪਏ।


Related News