ਚਿੱਟੀ ਮੱਖੀ ਨੂੰ ਕਾਬੂ ਕਰਨ ਲਈ ਨਦੀਨ ਨਸ਼ਟ ਕਰਨਾ ਅਤਿ ਜ਼ਰੂਰੀ : ਜ਼ਿਲਾ ਖੇਤੀਬਾੜੀ ਅਫ਼ਸਰ

03/15/2018 5:14:54 PM

ਸ੍ਰੀ ਮੁਕਤਸਰ ਸਾਹਿਬ/ ਮੰਡੀ ਲੱਖੇਵਾਲੀ (ਪਵਨ ਤਨੇਜਾ, ਸੁਖਪਾਲ ਢਿੱਲੋਂ) : ਨਰਮੇ ਦੀ ਫ਼ਸਲ ਨੂੰ ਉਤਸ਼ਾਹਿਤ ਕਰਨ ਅਤੇ ਵਧੀਆ ਪੈਦਾਵਾਰ ਲਈ ਖੇਤੀਬਾੜੀ ਵਿਭਾਗ ਨੇ ਹੁਣ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲਾ ਖੇਤੀਬਾੜੀ ਅਫ਼ਸਰ ਡਾ: ਬਲਜਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਨਰਮੇ ਦੀ ਫ਼ਸਲ 'ਤੇ ਹਮਲਾ ਕਰਨ ਵਾਲੀ ਚਿੱਟੀ ਮੱਖੀ ਕਪਾਹ ਦੀ ਫ਼ਸਲ ਤੋਂ ਪਹਿਲਾਂ ਨਦੀਨਾਂ (ਪੀਲੀ ਬੂਟੀ, ਕੰਘੀ ਬੂਟੀ, ਕਾਂਗਰਸੀ ਘਾਹ ਅਤੇ ਭੰਗ) ਤੇ ਪਨਾਹ ਲੈਦੀਂ ਹੈ ਅਤੇ ਇਹ ਨਦੀਨ ਸੜਕਾਂ, ਨਹਿਰਾਂ, ਕੱਸੀਆਂ, ਡਰੇਨਾਂ ਅਤੇ ਨਿੱਜੀ ਖੇਤਾਂ ਦੇ ਕੰਢਿਆਂ 'ਤੇ ਹੁੰਦੇ ਹਨ। ਜਦੋਂ ਨਰਮੇ ਦੀ ਫ਼ਸਲ ਬਿਜਾਈ ਹੋ ਜਾਂਦੀ ਹੈ ਤਾਂ ਇਨ੍ਹਾਂ 'ਤੇ ਪਨਾਹ ਲੈਣ ਵਾਲੀ ਚਿੱਟੀ ਮੱਖੀ ਨਰਮੇ ਦੀ ਫ਼ਸਲ ਦਾ ਨੁਕਸਾਨ ਕਰ ਦਿੰਦੀ ਹੈ। ਕਪਾਹ ਦੀ ਭਰਪੂਰ ਪੈਦਾਵਾਰ ਲੈਣ ਲਈ ਇਨ੍ਹਾਂ ਨਦੀਨਾਂ ਨੂੰ ਨਸ਼ਟ ਕਰਕੇ ਚਿੱਟੀ ਮੱਖੀ ਦਾ ਸਰਕਲ (ਜੀਵਨ ਚੱਕਰ) ਤੋੜਨਾ ਬਹੁਤ ਜ਼ਰੂਰੀ ਹੈ। ਇਸ ਲਈ ਨਿੱਜੀ ਖੇਤਾਂ ਦੇ ਕੰਢਿਆਂ 'ਤੇ ਨਦੀਨਾਂ ਨੂੰ ਖ਼ਤਮ ਕਰਨ ਲਈ ਪਿੰਡਾਂ 'ਚ ਕਿਸਾਨ ਸਿਖ਼ਲਾਈ ਕੈਂਪ ਲਗਾ ਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਮਾਹਿਰਾਂ ਅਨੁਸਾਰ ਸਰਕਾਰ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ  ਦੁਆਰਾ ਪ੍ਰਮਾਣਿਤ ਬੀ.ਟੀ. ਬੀਜ਼ ਜਿਨਾਂ 'ਤੇ ਚਿੱਟੀ ਮੱਖੀ ਦਾ ਹਮਲਾ ਘੱਟ ਹੁੰਦਾ ਹੈ ਦਾ ਢੁਕਵਾਂ ਪ੍ਰਬੰਧ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਦੁਆਰਾ ਬੀ.ਟੀ. ਬੀਜ਼ ਬੀਜ਼ੀ-1 ਦਾ 635/- ਰੁਪਏ ਅਤੇ ਬੀਜ਼ੀ-2 ਦਾ ਰੇਟ 740/-ਰੁਪਏ ਪ੍ਰਤੀ ਪੈਕੇਟ ਨਿਰਧਾਰਿਤ ਕੀਤਾ ਗਿਆ ਹੈ। ਇਸ ਮੌਕੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸਾਨ ਕਿਸੇ ਵੀ ਕਿਸਮ ਦੇ ਝੂਠੇ ਪ੍ਰਚਾਰ ਵਿਚ ਆ ਕੇ ਕਿਤੋਂ ਵੀ ਬਿਨ੍ਹਾਂ ਬਿੱਲ ਵਾਲਾ ਅਣ ਅਧਿਕਾਰਿਤ ਗੁਜਰਾਤੀ ਬੀਜ਼ ਨਾ ਖਰੀਦਣ ਤਾਂ ਜੋ ਬਾਅਦ ਵਿਚ ਕਿਸੇ ਕਿਸਮ ਦੀ ਮੁਸ਼ਕਿਲ ਪੇਸ਼ ਆਵੇ। ਕਿਸਾਨ ਭਰੋਸੇਯੋਗ ਖੇਤੀ ਬੀਜ਼ ਡੀਲਰਾਂ ਤੋਂ ਪੱਕੇ ਬਿੱਲ ਉਪਰ ਨਰਮੇ ਦਾ ਬੀਜ਼ ਖਰੀਦਣ ਤਾਂ ਜੋ ਨਰਮੇ ਦੀ ਵਧੀਆ ਪੈਦਾਵਾਰ ਲਈ ਜਾ ਸਕੇ। ਇਸ ਮੌਕੇ ਗੁਰਪ੍ਰੀਤ ਸਿੰਘ ਖੇਤੀਬਾੜੀ ਅਫ਼ਸਰ, ਕਰਨਜੀਤ ਸਿੰਘ ਪ੍ਰੋਜੈਕਟ ਡਾਇਰੈਕਟਰ ਆਤਮਾ ਅਤੇ ਜਗਤਾਰ ਸਿੰਘ ਖੇਤੀਬਾੜੀ ਵਿਸਥਾਰ ਅਫ਼ਸਰ ਹਾਜ਼ਰ ਸਨ।


Related News