CBSE ਦਸਵੀਂ ਦੇ ਨਤੀਜਿਆਂ ''ਚ ''ਦ ਹੈਲਿਕਸ ਆਕਸਫੋਰਡ ਸਮਾਰਟ ਸਕੂਲ'' ਦਾ ਦਬਦਬਾ ਕਾਇਮ
Thursday, Apr 16, 2026 - 04:50 PM (IST)
ਪਾਤੜਾਂ (ਸੁਖਦੀਪ ਮਾਨ) : ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਵੱਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਵਿਚ 'ਦ ਹੈਲਿਕਸ ਆਕਸਫੋਰਡ ਸਮਾਰਟ ਸਕੂਲ' ਪਾਤੜਾਂ ਦੇ ਵਿਦਿਆਰਥੀਆਂ ਨੇ ਆਪਣੀ ਵਿਲੱਖਣ ਪ੍ਰਤਿਭਾ ਦਾ ਲੋਹਾ ਮਨਵਾਉਂਦਿਆਂ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਸਕੂਲ ਦੇ ਦੋ ਹੋਣਹਾਰ ਵਿਦਿਆਰਥੀਆਂ ਦੀਆਂ ਅਤੇ ਪਾਰਥ ਬਾਂਸਲ ਨੇ 99.6 ਫੀਸਦੀ ਅੰਕ ਪ੍ਰਾਪਤ ਕਰਕੇ ਜਿੱਥੇ ਪਟਿਆਲਾ ਜ਼ਿਲ੍ਹੇ ਵਿਚੋਂ ਦੂਜਾ ਸਥਾਨ ਹਾਸਲ ਕੀਤਾ ਹੈ, ਉੱਥੇ ਹੀ ਪਾਤੜਾਂ ਇਲਾਕੇ ਵਿਚੋਂ ਪਹਿਲਾ ਸਥਾਨ ਮੱਲ ਕੇ ਮਾਪਿਆਂ ਅਤੇ ਅਧਿਆਪਕਾਂ ਦਾ ਮਾਣ ਵਧਾਇਆ ਹੈ।
ਇਲਾਕੇ ਦੇ ਭਵਿੱਖੀ ਡਾਕਟਰ
"ਸਕੂਲ ਦੇ ਇਨ੍ਹਾਂ ਦੋਵਾਂ ਸਿਤਾਰਿਆਂ ਦੀ ਸੋਚ ਵੀ ਇੱਕੋ ਜਿਹੀ ਨਿਕਲੀ। ਜਿੱਥੇ ਦੋਵਾਂ ਦੇ ਅੰਕਾਂ ਨੇ ਇਲਾਕੇ ਵਿਚ ਤਹਿਲਕਾ ਮਚਾਇਆ ਹੈ, ਉੱਥੇ ਹੀ ਦੋਵਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਹ ਭਵਿੱਖ ਵਿਚ ਮੈਡੀਕਲ ਦੀ ਪੜ੍ਹਾਈ ਕਰਕੇ ਡਾਕਟਰ ਬਣਨਾ ਚਾਹੁੰਦੇ ਹਨ। ਵਿਦਿਆਰਥੀਆਂ ਦੀ ਇਸ ਉੱਚੀ ਸੋਚ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਸਿਰਫ਼ ਕਿਤਾਬੀ ਕੀੜੇ ਨਹੀਂ, ਸਗੋਂ ਸਮਾਜ ਪ੍ਰਤੀ ਵੀ ਗੰਭੀਰ ਹਨ।" ਸਕੂਲ ਦੀ ਮੱਲ੍ਹਮ ਰੁਚੀਕਾ ਨੇ ਸੰਸਥਾ ਅਤੇ ਹਲਕੇ ਵਿਚੋਂ ਦੂਜਾ, ਜਦਕਿ ਵਿਭੋਰ ਨੇ ਤੀਜਾ ਸਥਾਨ ਹਾਸਿਲ ਕਰਕੇ ਆਪਣੀ ਕਾਬਲੀਅਤ ਦਾ ਸਬੂਤ ਦਿੱਤਾ। ਨਤੀਜਿਆਂ ਬਾਰੇ ਵਿਸਤ੍ਰਿਤ ਜਾਣਕਾਰੀ ਦਿੰਦਿਆਂ ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਪ੍ਰੀਖਿਆ ਵਿੱਚ ਬੈਠੇ ਕੁੱਲ 180 ਵਿਦਿਆਰਥੀਆਂ ਵਿੱਚੋਂ ਨਤੀਜਾ 100 ਫੀਸਦੀ ਰਿਹਾ ਹੈ। 95% ਤੋਂ ਵੱਧ ਅੰਕ 43 ਵਿਦਿਆਰਥੀ,90% ਤੋਂ ਵੱਧ ਅੰਕ 79 ਵਿਦਿਆਰਥੀ, 80% ਤੋਂ 90% ਦਰਮਿਆਨ 52 ਵਿਦਿਆਰਥੀ,70% ਤੋਂ 80% ਦਰਮਿਆਨ 34 ਵਿਦਿਆਰਥੀ ਆਏ ਹਨ। ਹੈਰਾਨੀਜਨਕ ਤੱਥ ਇਹ ਰਿਹਾ ਕਿ ਬਹੁਗਿਣਤੀ ਵਿਦਿਆਰਥੀਆਂ ਨੇ ਸਾਇੰਸ, ਗਣਿਤ, ਸੋਸ਼ਲ ਸਾਇੰਸ, ਆਈ.ਟੀ., ਪੰਜਾਬੀ ਅਤੇ ਹਿੰਦੀ ਵਰਗੇ ਵਿਸ਼ਿਆਂ ਵਿੱਚ 100 ਵਿੱਚੋਂ 100 ਅੰਕ (ਪਰਫੈਕਟ ਸਕੋਰ) ਹਾਸਿਲ ਕੀਤੇ ਹਨ।
ਇਸ ਸ਼ਾਨਦਾਰ ਸਫਲਤਾ ਦੀ ਖੁਸ਼ੀ ਵਿਚ ਸਕੂਲ ਕੈਂਪਸ ਵਿਚ ਜਸ਼ਨ ਦਾ ਮਾਹੌਲ ਦੇਖਣ ਨੂੰ ਮਿਲਿਆ। ਵਿਦਿਆਰਥੀਆਂ ਅਤੇ ਸਟਾਫ ਨੇ ਢੋਲ ਦੇ ਡਗੇ 'ਤੇ ਭੰਗੜਾ ਪਾ ਕੇ ਖੁਸ਼ੀ ਸਾਂਝੀ ਕੀਤੀ। ਮੈਨੇਜਮੈਂਟ ਵੱਲੋਂ ਕੇਕ ਕੱਟਣ ਦੀ ਰਸਮ ਨਿਭਾਈ ਗਈ ਅਤੇ ਮੈਡਲ ਪਾ ਕੇ ਹੋਣਹਾਰ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਸਕੂਲ ਦੀ ਡਾਇਰੈਕਟਰ ਮੈਡਮ ਦਵਿੰਦਰ ਕੌਰ ਅਤੇ ਪ੍ਰਿੰਸੀਪਲ ਮੈਡਮ ਅਮਰਜੋਤ ਕੌਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਸਫਲਤਾ ਵਿਦਿਆਰਥੀਆਂ ਦੀ ਸਖਤ ਮਿਹਨਤ ਅਤੇ ਅਧਿਆਪਕਾਂ ਦੀ ਸਹੀ ਰਹਿਨੁਮਾਈ ਦਾ ਸਿੱਟਾ ਹੈ। ਵਾਈਸ ਪ੍ਰਿੰਸੀਪਲ ਮੈਡਮ ਮੰਨਤ ਕੌਰ ਹਰੀਕਾ ਨੇ ਕਿਹਾ ਕਿ ਸਕੂਲ ਹਰ ਬੱਚੇ 'ਤੇ ਨਿੱਜੀ ਤੌਰ 'ਤੇ ਧਿਆਨ ਦੇਣ ਲਈ ਵਚਨਬੱਧ ਹੈ ਅਤੇ ਭਵਿੱਖ ਵਿੱਚ ਵੀ ਅਜਿਹੇ ਮਿਆਰੀ ਨਤੀਜੇ ਬਰਕਰਾਰ ਰੱਖੇ ਜਾਣਗੇ
