ਲੰਡਨ 'ਚ ਪਾਕਿ ਨਾਗਰਿਕ ਨੇ ਕੀਤਾ ਭਾਰਤੀ ਨੌਜਵਾਨ ਦਾ ਕਤਲ, ਹੋਇਆ ਖੁਲਾਸਾ

Sunday, May 12, 2019 - 01:45 PM (IST)

ਲੰਡਨ 'ਚ ਪਾਕਿ ਨਾਗਰਿਕ ਨੇ ਕੀਤਾ ਭਾਰਤੀ ਨੌਜਵਾਨ ਦਾ ਕਤਲ, ਹੋਇਆ ਖੁਲਾਸਾ

ਲੰਡਨ (ਬਿਊਰੋ)— ਇੰਗਲੈਂਡ ਦੇ ਸ਼ਹਿਰ ਲੰਡਨ ਵਿਚ 24 ਸਾਲਾ ਭਾਰਤੀ ਨੌਜਵਾਨ ਦੀ ਹੱਤਿਆ ਕਰਨ ਵਾਲੇ ਵਿਅਕਤੀ ਦੀ ਪੁਲਸ ਨੇ ਪਛਾਣ ਕਰ ਲਈ ਹੈ। ਇਸ ਮਾਮਲੇ ਵਿਚ ਥੇਮਸ ਪੁਲਸ ਨੇ ਸ਼ੁੱਕਰਵਾਰ ਨੂੰ ਪਾਕਿਸਤਾਨੀ ਨਾਗਰਿਕ ਆਕਿਬ ਪਰਵੇਜ਼ ਨੂੰ ਗ੍ਰਿਫਤਾਰ ਕੀਤਾ। ਹੈਦਰਾਬਾਦ ਦਾ ਰਹਿਣ ਵਾਲਾ ਮੁਹੰਮਦ ਨਦੀਮੁਦੀਨ ਲੰਡਨ ਦੇ ਸੁਪਰਮਾਰਕੀਟ ਵਿਚ ਕੰਮ ਕਰਦਾ ਸੀ। 8 ਮਈ ਨੂੰ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ। 

ਸੂਤਰਾਂ ਮੁਤਾਬਕ ਆਕਿਬ ਦੀ ਦੋ ਹਫਤੇ ਪਹਿਲਾਂ ਨੌਕਰੀ ਚਲੀ ਗਈ ਸੀ ਅਤੇ ਉਸ ਦੇ ਮਨ ਵਿਚ ਮੁਹੰਮਦ ਵਿਰੁੱਧ ਨਫਰਤ ਸੀ। ਡਿਪਾਰਟਮੈਂਟਲ ਸਟੋਰ ਚੇਨ ਪਾਊਂਡਲੈਂਡ ਵਿਚ ਮੁਹੰਮਦ ਪ੍ਰਬੰਧਕ ਦੇ ਤੌਰ 'ਤੇ ਕੰਮ ਕਰਦਾ ਸੀ। ਆਕਿਬ ਵੀ ਇੱਥੇ ਹੀ ਕੰਮ ਕਰਦਾ ਸੀ। ਦੋਸ਼ੀ ਆਕਿਬ ਜੋ ਮੁਹੰਮਦ ਨੂੰ ਰਿਪੋਰਟ ਦਿੰਦਾ ਸੀ ਉਸ ਨੂੰ ਖਰਾਬ ਪ੍ਰਦਰਸ਼ਨ ਕਾਰਨ ਨੌਕਰੀ ਤੋਂ ਕੱਢ ਦਿੱਤਾ ਗਿਆ। 

ਮ੍ਰਿਤਕ ਦੇ ਪਰਿਵਾਰਕ ਦੋਸਤ ਅਤੇ ਵਕੀਲ ਫਹੀਮ ਕੁਰੈਸ਼ੀ ਨੇ ਕਿਹਾ,''ਕਿਸੇ ਨੇ ਵੀ ਨਹੀਂ ਸੋਚਿਆ ਸੀ ਕਿ ਆਕਿਬ ਦੇ ਮਨ ਵਿਚ ਇੰਨੀ ਨਫਰਤ ਹੈ ਕਿ ਉਹ ਮੁਹੰਮਦ ਦੀ ਹੱਤਿਆ ਕਰ ਦੇਵੇਗਾ।'' ਥੇਮਸ ਪੁਲਸ ਜਿਸ ਨੇ ਘਟਨਾ ਦੇ ਦਿਨ ਦਾ ਸੀ.ਸੀ.ਟੀ.ਵੀ. ਫੁਟੇਜ ਦੇਖੀ ਸੀ ਉਹ ਪਹਿਲੇ ਦਿਨ ਤੋਂ ਹੀ ਆਕਿਬ ਨੂੰ ਦੋਸ਼ੀ ਮੰਨ ਰਹੀ ਸੀ। ਆਕਿਬ ਰਾਚਫੋਰਡ ਗਾਰਡਨਸ ਦਾ ਰਹਿਣ ਵਾਲਾ ਸੀ ਅਤੇ ਉਸ ਨੂੰ 9 ਮਈ ਨੂੰ ਗ੍ਰਿਫਤਾਰ ਕੀਤਾ ਗਿਆ ਪਰ ਉਸ ਦੇ ਨਾਮ ਦਾ ਖੁਲਾਸਾ ਨਹੀਂ ਕੀਤਾ ਗਿਆ। 

ਦੋਸ਼ੀ ਨੂੰ ਰੀਡਿੰਗ ਮਜਿਸਟ੍ਰੇਟ ਸਾਹਮਣੇ ਸ਼ਨੀਵਾਰ ਨੂੰ ਪੇਸ਼ ਕੀਤਾ ਗਿਆ। ਮੁਹੰਮਦ ਦੀ ਛਾਤੀ 'ਤੇ ਚਾਕੂ ਨਾਲ ਦੁਪਹਿਰ 12:32 'ਤੇ ਹਮਲਾ ਕੀਤਾ ਗਿਆ ਸੀ। ਪੁਲਸ ਉਸ ਨੂੰ ਐਂਬੂਲੈਂਸ ਵਿਚ ਹਸਪਤਾਲ ਲੈ ਕੇ ਗਈ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਇੱਥੇ ਦੱਸ ਦਈਏ ਕਿ 24 ਸਾਲਾ ਮੁਹੰਮਦ ਨਦੀਮੁਦੀਨ 2012 ਵਿਚ ਲੰਡਨ ਆਇਆ ਸੀ। ਇੱਥੇ ਉਹ ਸੁਪਰਮਾਰਕੀਟ ਵਿਚ ਕੰਮ ਕਰਦਾ ਸੀ। ਉਸ ਦੇ ਮਾਤਾ-ਪਿਤਾ ਵੀ ਉਸ ਦੇ ਨਾਲ ਰਹਿੰਦੇ ਸਨ। ਪੇਸ਼ੇ ਤੋਂ ਡਾਕਟਰ ਉਸ ਦੀ ਗਰਭਵਤੀ ਪਤਨੀ ਅਫਸ਼ਾ ਕਰੀਬ ਇਕ ਮਹੀਨੇ ਪਹਿਲਾਂ ਹੀ ਲੰਡਨ ਆਈ ਸੀ। ਮੁਹੰਮਦ ਨੂੰ ਬ੍ਰਿਟੇਨ ਵਿਚ ਸਥਾਈ ਰਿਹਾਇਸ਼ ਮਿਲ ਗਈ ਸੀ ਅਤੇ ਅਗਲੇ ਕੁਝ ਮਹੀਨਿਆਂ ਵਿਚ ਹੀ ਉਸ ਨੂੰ ਬ੍ਰਿਟਿਸ਼ ਨਾਗਰਿਕਤਾ ਮਿਲਣ ਵਾਲੀ ਸੀ।


author

Vandana

Content Editor

Related News