ਜ਼ਾਕਿਰ ਨਾਇਕ ਦੇ ਸੰਗਠਨ ’ਤੇ 5 ਸਾਲ ਲਈ ਪਾਬੰਦੀ, ਮੁਸਲਿਮ ਨੌਜਵਾਨਾਂ ਨੂੰ ਕੱਟੜਪੰਥੀ ਬਣਾਉਣ ਦਾ ਦੋਸ਼
Friday, Apr 01, 2022 - 01:44 PM (IST)
ਨਵੀਂ ਦਿੱਲੀ– ਵਿਵਾਦਪੂਰਨ ਇਸਲਾਮੀ ਉਪਦੇਸ਼ਕ ਜ਼ਾਕਿਰ ਨਾਇਕ ਦੇ ਸੰਗਠਨ ਇਸਲਾਮਿਕ ਰਿਸਰਚ ਫਾਊਂਡੇਸ਼ਨ (ਆਈ. ਆਰ. ਐੱਫ.) ਨੂੰ ਭਾਰਤ ਸਰਕਾਰ ਨੇ 5 ਸਾਲਾਂ ਲਈ ਪਾਬੰਦੀਸ਼ੁਦਾ ਕਰ ਦਿੱਤਾ ਹੈ। ਕੇਂਦਰੀ ਗ੍ਰਹਿ ਮੰਤਰਾਲਾ ਨੇ ਬੁੱਧਵਾਰ ਨੂੰ ਜਾਰੀ ਇਕ ਨੋਟੀਫਿਕੇਸ਼ਨ ਵਿਚ ਕਿਹਾ ਕਿ ਆਈ. ਆਰ. ਐੱਫ. ਇਕ ਨਾਜਾਇਜ਼ ਸੰਗਠਨ ਹੈ ਅਤੇ ਇਸ ’ਤੇ 5 ਸਾਲ ਲਈ ਪਾਬੰਦੀ ਲਗਾਈ ਗਈ ਹੈ। ਸੰਗਠਨ ’ਤੇ ਮੁਸਲਿਮ ਨੌਜਵਾਨਾਂ ਨੂੰ ਕੱਟੜਪੰਥੀ ਬਣਾਉਣ ਦਾ ਦੋਸ਼ ਹੈ।
ਮੰਤਰਾਲਾ ਨੇ ਕਿਹਾ ਕਿ ਆਈ. ਆਰ. ਐੱਫ. ਦੇ ਸੰਸਥਾਪਕ ਜ਼ਾਕਿਰ ਨਾਇਕ ਦੇ ਭਾਸ਼ਣ ਇਤਰਾਜ਼ਯੋਗ ਹਨ ਕਿਉਂਕਿ ਉਹ ਬਦਨਾਮ ਅੱਤਵਾਦੀਆਂ ਦਾ ਗੁਣਵਾਨ ਕਰਦਾ ਹੈ। ਗ੍ਰਹਿ ਮੰਤਰਾਲਾ ਨੇ ਕਿਹਾ ਕਿ ਜ਼ਾਕਿਰ ਨਾਇਕ ਇਹ ਦਾਅਵਾ ਵੀ ਕਰਦਾ ਹੈ ਕਿ ਹਰ ਮੁਸਲਮਾਨ ਨੂੰ ਅੱਤਵਾਦੀ ਹੋਣਾ ਚਾਹੀਦਾ ਹੈ।
ਜ਼ਾਕਿਰ ਨਾਇਕ ਨੇ ਹਿੰਦੂਆਂ ਅਤੇ ਹਿੰਦੂ ਦੇਵੀ-ਦੇਵਤਿਆਂ ਅਤੇ ਹੋਰਨਾਂ ਧਰਮਾਂ ਖਿਲਾਫ ਇਤਰਾਜ਼ਯੋਗ ਟਿੱਪਣੀਆਂ ਵੀ ਕੀਤੀਆਂ ਹਨ। ਇਸ ਤੋਂ ਪਹਿਲਾਂ ਨਵੰਬਰ 2016 ਵਿਚ ਵੀ ਨਾਇਕ ਦੇ ਸੰਗਠਨ ਆਈ. ਆਰ. ਐੱਫ. ’ਤੇ ਕੇਂਦਰ ਵਲੋਂ ਅਜਿਹੀ ਹੀ ਪਾਬੰਦੀ ਲਾਈ ਗਈ ਸੀ।