ਯੂ-ਟਿਊਬ ਨੇ ਮਿਲਾਇਆ 40 ਸਾਲਾਂ ਤੋਂ ਲਾਪਤਾ ਭਰਾ ਨੂੰ

Tuesday, Apr 17, 2018 - 11:55 PM (IST)

ਗੁਹਾਟੀ— ਕਰੀਬ 40 ਸਾਲ ਪਹਿਲਾਂ ਆਪਣੇ ਪਰਿਵਾਰ ਤੋਂ ਵਿਛੜ ਕੇ ਦੂਰ ਰਿਹਾ ਇਕ ਸ਼ਖਸ ਯੂ-ਟਿਊਬ ਵੀਡੀਓ ਦੇ ਜ਼ਰੀਏ ਮਿਲ ਗਿਆ। ਮਣੀਪੁਰ ਰਾਈਫਲ 'ਚ ਤਾਇਨਾਤ ਇਕ ਜਵਾਨ ਅਚਾਨਕ ਲਾਪਤਾ ਹੋ ਗਿਆ ਸੀ, ਜਿਸ ਨੂੰ ਲੱਭਣ ਲਈ ਨਾ ਸਿਰਫ ਪਰਿਵਾਰ ਸਗੋਂ ਪੁਲਸ ਨੇ ਵੀ ਪੂਰੀ ਤਾਕਤ ਲਗਾ ਦਿੱਤਾ ਸੀ। ਜਵਾਨ ਦਾ ਉਸ ਸਮੇਂ ਕਿਸੇ ਨੂੰ ਵੀ ਕੁਝ ਪਤਾ ਨਹੀਂ ਲੱਗਾ। ਉਥੇ ਹੀ 40 ਸਾਲ ਬਾਅਦ ਆਖਿਰਕਾਰ ਮੁੰਬਈ ਪੁਲਸ ਨੇ ਇਸ ਨੌਜਵਾਨ ਨੂੰ ਲੱਭ ਲਿਆ ਹੈ ਉਹ ਵੀ ਇਕ ਯੂ-ਟਿਊਬ ਵੀਡੀਓ ਕਾਰਨ।
ਇਹ ਕਹਾਣੀ ਪਰਿਵਾਰ ਤੋਂ ਵਿਛੜੇ ਮਣੀਪੁਰ ਰਾਈਫਲ ਦੇ ਇਕ ਜਵਾਨ ਖੋਮਦਰਮ ਦੀ ਹੈ। ਜਵਾਨ ਨੇ 1978 'ਚ ਇਕ ਦਿਨ ਅਚਾਨਕ ਆਪਣੇ ਘਰ ਨੂੰ ਛੱਡ ਦਿੱਤਾ ਸੀ, ਜਿਸ ਤੋਂ ਬਾਅਦ ਕਾਫੀ ਜਾਂਚ ਕਰਨ ਤੋਂ ਬਾਅਦ ਵੀ ਉਸ ਦਾ ਪਤਾ ਨਹੀਂ ਲੱਗਾ। ਖੋਮਦਰਮ ਦੇ ਛੋਟੇ ਭਰਾ ਕੁਲਾਚੰਦਰਾ ਨੇ ਦੱਸਿਆ ਕਿ ਉਨ੍ਹਾਂ ਦੇ ਭਰਾ ਨੇ ਕਰੀਬ 7 ਸਾਲ ਤਕ ਮਣੀਪੁਰ ਰਾਈਫਲ 'ਚ ਨੌਕਰੀ ਕੀਤੀ ਪਰ ਵਿਆਹ ਦੇ ਦੋ ਮਹੀਨੇ ਬਾਅਦ ਆਪਣੇ ਭਰਾ ਨੂੰ ਬਗੈਰ ਦੱਸਿਆ ਘਰ ਛੱਡ ਦਿੱਤਾ ਸੀ।

ਖੋਮਦਰਮ ਦੇ ਛੋਟੇ ਭਰਾ ਨੇ ਦੱਸਿਆ ਕਿ ਉਸ ਸਮੇਂ ਉਹ ਮਾਨਸਿਕ ਪ੍ਰੇਸ਼ਾਨੀ ਤੋਂ ਜੂਝ ਰਹੇ ਸੀ ਪਰ ਉਸ ਸਮੇਂ ਉਨ੍ਹਾਂ ਨੇ ਇਸ ਬਾਰੇ ਕਿਸੇ ਨੂੰ ਨਹੀਂ ਸੀ ਦੱਸਿਆ। ਕੁਲਾਚੰਦਰ ਮੁਤਾਬਕ ਕਰੀਬ ਇਕ ਸਾਲ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਪਤਾ ਲੱਗਾ ਕਿ ਖੋਮਦਰਮ ਮਿਜੋਰਮ 'ਚ ਹਨ ਪਰ ਇਸ ਤੋਂ ਪਹਿਲਾਂ ਕਿ ਪਰਿਵਾਰ ਵਾਲੇ ਉਥੇ ਪਹੁੰਚਦੇ ਖੋਮਦਰਮ ਮਿਜੋਰਮ ਤੋਂ ਨਿਕਲ ਗਿਆ। ਕਈ ਸਾਲਾਂ ਤਕ ਪਰਿਵਾਰ ਵਾਲਿਆਂ ਨੇ ਖੋਮਦਰਮ ਦੀ ਤਲਾਸ਼ ਕੀਤੀ ਪਰ ਉਸ ਦਾ ਕੁਝ ਪਤਾ ਨਹੀਂ  ਲੱਗਾ।
ਕੁਲਾਚੰਦਰ ਨੇ ਦੱਸਿਆ ਕਿ ਸਵੇਰੇ ਉਨ੍ਹਾਂ ਦੇ ਗੁਆਂਢੀ ਨੇ ਉਨ੍ਹਾਂ ਨੂੰ ਯੂ-ਟਿਊਬ 'ਤੇ ਇਕ ਵੀਡੀਓ ਦਿਖਾਈ। ਇਸ ਵੀਡੀਓ 'ਚ ਉਨ੍ਹਾਂ ਦਾ ਭਰਾ ਸੜਕਾਂ 'ਤੇ ਭਟਕਦਾ ਹੋਇਆ ਨਜ਼ਰ ਆਇਆ। ਸਾਲਾਂ ਬਾਅਦ ਆਪਣੇ ਭਰਾ ਨੂੰ ਦੇਖ ਕੇ ਕੁਲਾਚੰਦਰ ਦੀਆਂ ਅੱਖਾਂ 'ਚ ਹੰਝੂ ਆ ਗਏ ਪਰ ਇਹ ਜਾਣ ਕੇ ਖੁਸ਼ੀ ਹੋਈ ਕਿ ਭਰਾ ਜਿੰਦਾ ਹੈ। ਵੀਡੀਓ ਦੀ ਪੜਤਾਲ ਕਰਨ ਤੋਂ ਬਾਅਦ ਪਤਾ ਲੱਗਾ ਕਿ ਇਹ ਵੀਡੀਓ ਮੁੰਬਈ ਦਾ ਹੈ। ਇਸ ਗੱਲ ਦੀ ਸੂਚਨਾ ਮਿਲਦੇ ਹੀ ਪਰਿਵਾਰ ਵਾਲਿਆਂ ਨੇ ਮੁੰਬਈ ਪੁਲਸ ਨਾਲ ਸੰਪਰਕ ਕੀਤਾ ਤੇ ਆਪਣੇ ਭਰਾ ਨੂੰ ਘਰ ਵਾਪਸ ਲਿਆਉਣ 'ਚ ਮਦਦ ਮੰਗੀ। ਪੁਲਸ ਨੇ ਤਤਕਾਲ ਕਾਰਵਾਈ ਕਰਦੇ ਹੋਏ ਖੋਮਦਰਮ ਨੂੰ ਲੱਭ ਲਿਆ ਤੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤਾ।


Related News