''ਨੌਜਵਾਨਾਂ ਨੇ ਸੰਭਾਲੀ ਸਟੇਜ, ਬਜ਼ੁਰਗਾਂ ਨੇ ਕੀਤਾ ਮਾਰਗ ਦਰਸ਼ਨ''

Saturday, Feb 27, 2021 - 02:12 AM (IST)

''ਨੌਜਵਾਨਾਂ ਨੇ ਸੰਭਾਲੀ ਸਟੇਜ, ਬਜ਼ੁਰਗਾਂ ਨੇ ਕੀਤਾ ਮਾਰਗ ਦਰਸ਼ਨ''

ਸੋਨੀਪਤ (ਦੀਕਸ਼ਿਤ) - 3 ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਪਿਛਲੇ 94 ਦਿਨ ਤੋਂ ਦਿੱਲੀ ਦੀਆਂ ਹੱਦਾਂ 'ਤੇ ਡਟੇ ਹੋਏ ਕਿਸਾਨਾਂ ਨੇ ਸ਼ੁੱਕਰਵਾਰ ਨੂੰ ਯੂਥ ਕਿਸਾਨ ਦਿਵਸ ਮਨਾਇਆ। ਮੁੱਖ ਸਟੇਜ ਨੌਜਵਾਨਾਂ ਦੇ ਹਵਾਲੇ ਕੀਤੀ ਗਈ। ਇਥੋਂ ਤੱਕ ਕਿ ਵਧੇਰੇ ਬੁਲਾਰੇ ਵੀ ਨੌਜਵਾਨ ਹੀ ਸਨ। ਨੌਜਵਾਨਾਂ ਨੇ 3 ਖੇਤੀਬਾੜੀ ਕਾਨੂੰਨਾਂ ਤੋਂ ਇਲਾਵਾ ਨਿੱਜੀਕਰਨ, ਸਿੱਖਿਆ ਅਤੇ ਬੇਰੋਜ਼ਗਾਰੀ ਵਰਗੇ ਮੁੱਦੇ ਸਟੇਜ ਤੋਂ ਉਠਾਏ। ਨਾਲ ਹੀ ਕੇਂਦਰ ਸਰਕਾਰ ਨੂੰ ਹਰ ਮੋਰਚੇ 'ਤੇ ਫੇਲ ਦੱਸਿਆ।
ਇਹ ਵੀ ਪੜ੍ਹੋ- ਜ਼ਮਾਨਤ ਮਿਲਣ ਪਿੱਛੋਂ ਨੌਦੀਪ ਕੌਰ ਦੇ ਸੁਣੋ ਬੇਬਾਕ ਬੋਲ

ਸਾਂਝੇ ਕਿਸਾਨ ਮੋਰਚਾ ਨੇ ਕੌਮਾਂਤਰੀ ਪੱਧਰ 'ਤੇ ਆਨਲਾਈਨ ਕੰਪੇਨ ਦੀ ਸਿੱਧੇ ਤੌਰ 'ਤੇ ਹਮਾਇਤ ਕਰਨ ਦਾ ਐਲਾਨ ਕੀਤਾ। ਮੋਰਚੇ ਦੇ ਆਗੂਆਂ ਨੇ ਕਿਹਾ ਕਿ ਯੂਥ ਦਿਵਸ ਮਨਾ ਕੇ ਇਹ ਸਿੱਧ ਕੀਤਾ ਗਿਆ ਹੈ ਕਿ ਨੌਜਵਾਨ ਵੀ ਅੰਦੋਲਨ ਵਿਚ ਕਿਸਾਨਾਂ ਦੇ ਨਾਲ ਹਨ। ਕਿਸਾਨ ਆਗੂਆਂ ਨੇ ਸਟੇਜ ਤੋਂ 20 ਨੌਜਵਾਨਾਂ ਦੇ ਭਾਸ਼ਣ ਕਰਵਾਏ ਜਦੋਂ ਕਿ ਮੋਰਚੇ ਦੇ ਆਗੂਆਂ ਨੇ ਆਪਣੇ ਭਾਸ਼ਣਾਂ ਨੂੰ ਸੀਮਤ ਰੱਖਿਆ। ਨਾਲ ਹੀ ਗਣਤੰਤਰ ਦਿਵਸ 'ਤੇ ਦਿੱਲੀ ਵਿਚ ਹੋਈ ਟ੍ਰੈਕਟਰ ਪਰੇਡ ਦੌਰਾਨ ਜਾਨ ਗਵਾਉਣ ਵਾਲੇ ਨਵਜੋਤ ਨੂੰ ਮੁੱਖ ਸਟੇਜ ਤੋਂ ਸ਼ਰਧਾਂਜਲੀ ਦਿੱਤੀ ਗਈ। ਇਸ ਤੋਂ ਪਹਿਲਾਂ ਕਿਸਾਨ ਮੋਰਚਾ ਮਹਿਲਾ ਕਿਸਾਨ ਦਿਵਸ ਵੀ ਮਨਾ ਚੁੱਕਾ ਹੈ। ਕਿਸਾਨ ਮੋਰਚਾ ਨੇ 27 ਫਰਵਰੀ ਤੱਕ ਦੇ ਪ੍ਰੋਗਰਾਮ ਤੈਅ ਕੀਤੇ ਸਨ। ਜਿਸ ਅਧੀਨ 26 ਫਰਵਰੀ ਨੂੰ ਯੂਥ ਕਿਸਾਨ ਦਿਵਸ ਮਨਾਇਆ ਗਿਆ। ਇਸ ਦੌਰਾਨ ਕਿਸਾਨਾਂ ਨੇ ਇਹ ਵਿਖਾਉਣ ਦੀ ਕੋਸ਼ਿਸ਼ ਕੀਤੀ ਕਿ ਨੌਜਵਾਨ ਵੀ ਉਨ੍ਹਾਂ ਦੇ ਨਾਲ ਹਨ। ਵੱਡੀ ਗਿਣਤੀ ਵਿਚ ਨੌਜਵਾਨ ਕਿਸਾਨ ਅੰਦੋਲਨ ਦਾ ਹਿੱਸਾ ਬਣ ਰਹੇ ਹਨ।
ਇਹ ਵੀ ਪੜ੍ਹੋ- ਕਿਸਾਨ ਅੰਦੋਲਨ ਕਰਨਗੇ ਤੇਜ਼, ਬਣਾ ਰਹੇ ਪਲਾਨ

ਸ਼ੁੱਕਰਵਾਰ ਨੂੰ ਖਾਸ ਗੱਲ ਇਹ ਰਹੀ ਕਿ ਮੁੱਖ ਸਟੇਜ ਤੋਂ ਸਾਰਾ ਦਿਨ ਨੌਜਵਾਨਾਂ ਦੇ ਹੀ ਭਾਸ਼ਣ ਚੱਲਦੇ ਰਹੇ। ਨੌਜਵਾਨ ਕਿਸਾਨਾਂ ਨੇ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ। ਨਾਲ ਹੀ ਬੇਰੋਜ਼ਗਾਰੀ ਨੂੰ ਮੌਜੂਦਾ ਸਮੇਂ ਵਿਚ ਸਭ ਤੋਂ ਵੱਡੀ ਸਮੱਸਿਆ ਦੱਸਦੇ ਹੋਏ ਵੱਧਦੇ ਅਪਰਾਧਾਂ ਪ੍ਰਤੀ ਸਰਕਾਰ ਨੂੰ ਉਦਾਸੀਨ ਦੱਸਿਆ। ਨੌਜਵਾਨਾਂ ਨੇ ਸਪੱਸ਼ਟ ਕੀਤਾ ਕਿ ਦੇਸ਼ ਇਸ ਸਮੇਂ ਬੇਹੱਦ ਔਖੇ ਹਾਲਾਤ ਵਿਚੋਂ ਲੰਘ ਰਿਹਾ ਹੈ ਕਿਉਂਕਿ ਜਿੱਥੇ ਇਕ ਪਾਸੇ ਹਰ ਖੇਤਰ ਦਾ ਨਿੱਜੀਕਰਣ ਕੀਤਾ ਜਾ ਰਿਹਾ ਹੈ, ਉਥੇ ਸਿੱਖਿਆ ਵਿਵਸਥਾ ਵੀ ਬਹੁਤ ਔਖੀ ਬਣਾਈ ਜਾ ਰਹੀ ਹੈ। ਬੇਰੋਜ਼ਗਾਰੀ ਦੀ ਦਰ ਇਸ ਵੇਲੇ ਸਭ ਤੋਂ ਵੱਧ ਹੈ। ਇਸ ਲਈ ਸਿੱਧੇ ਤੌਰ 'ਤੇ ਸਰਕਾਰ ਦੀਆਂ ਨਕਾਰਾ ਨੀਤੀਆਂ ਜ਼ਿੰਮੇਵਾਰ ਹਨ। ਨੌਜਵਾਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਗੱਲ ਸਮਝ ਆ ਗਈ ਹੈ ਕਿ ਸਰਕਾਰ ਨੌਜਵਾਨਾਂ ਨੂੰ ਸਸਤੇ ਮਜ਼ਦੂਰਾਂ ਵਜੋਂ ਵਰਤਣਾ ਚਾਹੁੰਦੀ ਹੈ। ਇਸੇ ਲਈ ਬੇਰੋਜ਼ਗਾਰੀ ਵਧਾਈ ਜਾ ਰਹੀ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News