ਨਮਾਜ਼ ਪੜ੍ਹ ਕੇ ਘਰ ਆ ਰਹੇ ਨੌਜਵਾਨ ਨੂੰ ਖੰਭੇ ਨਾਲ ਬੰਨ੍ਹ ਕੇ ਕੁੱਟਿਆ, ਫਿਰ ਪੈਟਰੋਲ ਛਿੜਕ ਕੇ ਲਾ''ਤੀ ਅੱਗ
Friday, Nov 07, 2025 - 08:58 PM (IST)
ਬਦਾਯੂੰ- ਉੱਤਰ ਪ੍ਰਦੇਸ਼ ਦੇ ਬਦਾਯੂੰ ਜ਼ਿਲੇ ’ਚ ਇਕ ਮਸਜਿਦ ’ਚ ਨਮਾਜ਼ ਪੜ੍ਹ ਕੇ ਘਰ ਪਰਤ ਰਹੇ ਇਕ ਨੌਜਵਾਨ ਨੂੰ ਕੁਝ ਲੋਕਾਂ ਨੇ ਕਥਿਤ ਤੌਰ ’ਤੇ ਖੰਭੇ ਨਾਲ ਬੰਨ੍ਹ ਕੇ ਕੁੱਟਿਆ ਤੇ ਫਿਰ ਪੈਟਰੋਲ ਛਿੜਕ ਕੇ ਅੱਗ ਲਾ ਦਿੱਤੀ।
ਨੌਜਵਾਨ ਬੁਰੀ ਤਰ੍ਹਾਂ ਝੁਲਸ ਗਿਆ। ਉਸ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਘਟਨਾ ਇਸਲਾਮ ਨਗਰ ਕੋਤਵਾਲੀ ਖੇਤਰ ਦੀ ਸਹਿਸਵਾਨ ਰੋਡ ’ਤੇ ਗੋਸ਼ੀਆ ਮਸਜਿਦ ਨੇੜੇ ਵਾਪਰੀ। ਰਿਪੋਰਟਾਂ ਅਨੁਸਾਰ ਮੁਹੱਲਾ ਮੁਸਤਫਾਬਾਦ ਨਈ ਬਸਤੀ ਦੇ ਰਹਿਣ ਵਾਲੇ ਸੱਤਾਰ ਦੇ ਪੁੱਤਰ ਮਹਿਬੂਬ (20) ਦਾ ਵੀਰਵਾਰ ਮਸਜਿਦ ’ਚ ਨਮਾਜ਼ ਦੌਰਾਨ ਕੁਝ ਨੌਜਵਾਨਾਂ ਨਾਲ ਝਗੜਾ ਹੋਇਆ ਸੀ।
ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਨਮਾਜ਼ ਤੋਂ ਵਾਪਸ ਆਉਂਦੇ ਸਮੇਂ 3 ਨੌਜਵਾਨਾਂ ਨੇ ਉਸ ਨੂੰ ਸੜਕ ’ਤੇ ਰੋਕਿਆ, ਉਸ ਨੂੰ ਰੱਸੀ ਨਾਲ ਖੰਭੇ ਨਾਲ ਬੰਨ੍ਹਿਆ, ਪੈਟਰੋਲ ਛਿੜਕਿਆ ਤੇ ਅੱਗ ਲਾ ਦਿੱਤੀ। ਰੱਸੀਆਂ ਅੱਗ ਨਾਲ ਸੜ ਗਈਆਂ ਤੇ ਮਹਿਬੂਬ ਦੌੜ ਕੇ ਘਰ ਪਹੁੰਚਣ ’ਚ ਕਾਮਯਾਬ ਹੋ ਗਿਆ। ਪਰਿਵਾਰਕ ਮੈਂਬਰ ਝੁਲਸੇ ਹੋਏ ਮਹਿਬੂਬ ਨੂੰ ਸਥਾਨਕ ਸੀ. ਐੱਚ. ਸੀ. ਲੈ ਗਏ। ਉੱਥੋਂ ਉਸ ਨੂੰ ਰੁਦਯਾਨ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਵਿਗੜ ਗਈ। ਫਿਰ ਉਸ ਨੂੰ ਉੱਚ ਕੇਂਦਰ ’ਚ ਰੈਫਰ ਕੀਤਾ ਗਿਆ।
ਮਹਿਬੂਬ ਇਸ ਸਮੇਂ ਚੰਦੌਸੀ ਦੇ ਇਕ ਨਿੱਜੀ ਹਸਪਤਾਲ ’ਚ ਇਲਾਜ ਅਧੀਨ ਹੈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਸ ਮੌਕੇ ’ਤੇ ਪਹੁੰਚੀ ਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ।
