ਪੈਟਰੋਲ ਪੰਪ ''ਤੇ ਸਿਗਰਟ ਪੀਣ ਤੋਂ ਰੋਕਣ ''ਤੇ ਭੜਕਿਆ ਨੌਜਵਾਨ, ਲਾਈਟਰ ਨਾਲ ਨੋਜ਼ਲ ਨੂੰ ਲਗਾਈ ਅੱਗ
Friday, Feb 20, 2026 - 02:17 PM (IST)
ਰਾਏਪੁਰ- ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਤੋਂ ਇਕ ਰੂਹ ਕੰਬਾਊ ਵੀਡੀਓ ਸਾਹਮਣੇ ਆਈ ਹੈ, ਜਿੱਥੇ ਇਕ ਪੈਟਰੋਲ ਪੰਪ 'ਤੇ ਸਿਗਰਟ ਪੀਣ ਤੋਂ ਰੋਕਣ 'ਤੇ ਇਕ ਨੌਜਵਾਨ ਨੇ ਗੁੱਸੇ 'ਚ ਆ ਕੇ ਤੇਲ ਵਾਲੀ ਨੋਜ਼ਲ ਨੂੰ ਹੀ ਅੱਗ ਲਗਾ ਦਿੱਤੀ। ਇਸ ਘਟਨਾ ਕਾਰਨ ਪੈਟਰੋਲ ਪੰਪ ਅਤੇ ਮੌਕੇ 'ਤੇ ਖੜ੍ਹੀ ਬਾਈਕ ਦੀ ਟੰਕੀ ਵਿਚ ਭਿਆਨਕ ਅੱਗ ਭੜਕ ਉੱਠੀ।
ਸਿਗਰਟ ਪੀਣ ਤੋਂ ਰੋਕਣ 'ਤੇ ਭੜਕਿਆ ਨੌਜਵਾਨ
ਜਾਣਕਾਰੀ ਅਨੁਸਾਰ ਇਹ ਘਟਨਾ ਉਰਲਾ ਇਲਾਕੇ ਦੇ ਸੰਗੀਤਾ ਫਿਊਲਜ਼ ਪੈਟਰੋਲ ਪੰਪ 'ਤੇ ਬੁੱਧਵਾਰ ਰਾਤ ਲਗਭਗ 8 ਵਜੇ ਵਾਪਰੀ। ਧਰਮਿੰਦਰ ਕਸ਼ੱਤਰੀ ਅਤੇ ਇਮਰਾਨ ਨਾਂ ਦੇ 2 ਨੌਜਵਾਨ ਬਾਈਕ 'ਚ ਤੇਲ ਪੁਆਉਣ ਪਹੁੰਚੇ ਸਨ। ਜਿਵੇਂ ਹੀ ਇਮਰਾਨ ਨੇ ਬਾਈਕ ਦੀ ਟੰਕੀ ਖੋਲ੍ਹੀ, ਧਰਮਿੰਦਰ ਨੇ ਸਿਗਰਟ ਜਲਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਉਸ ਦੇ ਦੋਸਤ ਨੇ ਉਸ ਨੂੰ ਸਿਗਰਟ ਪੀਣ ਤੋਂ ਮਨ੍ਹਾ ਕਰਦਿਆਂ ਧੱਕਾ ਦਿੱਤਾ, ਤਾਂ ਧਰਮਿੰਦਰ ਨੇ ਗੁੱਸੇ 'ਚ ਆ ਕੇ ਪੈਟਰੋਲ ਭਰ ਰਹੀ ਨੋਜ਼ਲ ਪਾਈਪ ਕੋਲ ਲਾਈਟਰ ਜਲਾ ਕੇ ਅੱਗ ਲਗਾ ਦਿੱਤੀ।
ਕਰਮਚਾਰੀ ਦੀ ਸਮਝਦਾਰੀ ਨਾਲ ਟਲਿਆ ਵੱਡਾ ਹਾਦਸਾ
ਅੱਗ ਲੱਗਦੇ ਹੀ ਉੱਥੇ ਮੌਜੂਦ ਲੋਕ ਆਪਣੀ ਜਾਨ ਬਚਾਉਣ ਲਈ ਭੱਜਣ ਲੱਗੇ। ਪਰ ਪੰਪ ਕਰਮਚਾਰੀ ਨੇ ਬੜੀ ਦਲੇਰੀ ਅਤੇ ਸਮਝਦਾਰੀ ਦਿਖਾਉਂਦੇ ਹੋਏ ਤੁਰੰਤ ਮੇਨ ਸਵਿੱਚ ਬੰਦ ਕੀਤਾ ਅਤੇ ਪੰਪ 'ਤੇ ਮੌਜੂਦ ਫਾਇਰ ਫਾਈਟਿੰਗ ਕਿਟ ਦੀ ਵਰਤੋਂ ਕਰਕੇ ਅੱਗ 'ਤੇ ਕਾਬੂ ਪਾਇਆ। ਜੇਕਰ ਸਮੇਂ ਸਿਰ ਅੱਗ ਨਾ ਬੁਝਾਈ ਜਾਂਦੀ ਤਾਂ ਇਕ ਵੱਡਾ ਧਮਾਕਾ ਹੋ ਸਕਦਾ ਸੀ।
ਪੁਲਸ ਨੇ ਦੋਵਾਂ ਮੁਲਜ਼ਮਾਂ ਨੂੰ ਭੇਜਿਆ
ਜੇਲ੍ਹ ਘਟਨਾ ਤੋਂ ਬਾਅਦ ਮੁਲਜ਼ਮਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੰਪ ਕਰਮਚਾਰੀਆਂ ਨੇ ਉਨ੍ਹਾਂ ਨੂੰ ਮੌਕੇ 'ਤੇ ਹੀ ਫੜ੍ਹ ਲਿਆ ਅਤੇ ਪੁਲਸ ਦੇ ਹਵਾਲੇ ਕਰ ਦਿੱਤਾ। ਉਰਲਾ ਪੁਲਸ ਨੇ ਦੱਸਿਆ ਕਿ ਮੁਲਜ਼ਮ ਧਰਮਿੰਦਰ ਅਤੇ ਉਸ ਦੇ ਸਾਥੀ ਇਮਰਾਨ ਵਿਰੁੱਧ ਜਨਤਕ ਸੁਰੱਖਿਆ ਨੂੰ ਖਤਰੇ ਵਿਚ ਪਾਉਣ ਅਤੇ ਅੱਗਜ਼ਨੀ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
