ਜੱਦੀ ਜ਼ਮੀਨ ਹੜੱਪਣ ਲਈ ਨੌਜਵਾਨ ਨੇ ਦਾਦਾ, ਮਾਂ ਤੇ ਸਕੇ ਭਰਾ ਨੂੰ ਉਤਾਰਿਆ ਮੌਤ ਦੇ ਘਾਟ, ਇੰਝ ਖੁੱਲ੍ਹਿਆ ਭੇਤ

Thursday, Jan 06, 2022 - 12:56 PM (IST)

ਜੱਦੀ ਜ਼ਮੀਨ ਹੜੱਪਣ ਲਈ ਨੌਜਵਾਨ ਨੇ ਦਾਦਾ, ਮਾਂ ਤੇ ਸਕੇ ਭਰਾ ਨੂੰ ਉਤਾਰਿਆ ਮੌਤ ਦੇ ਘਾਟ, ਇੰਝ ਖੁੱਲ੍ਹਿਆ ਭੇਤ

ਝੱਜਰ (ਪ੍ਰਵੀਣ ਧਨਖੜ)— ਜੱਦੀ ਜ਼ਮੀਨ ਨੂੰ ਹੜੱਪਣ ਲਈ ਇਕ ਨੌਜਵਾਨ ਨੇ ਆਪਣਿਆਂ ਦੀ ਜਾਨ ਲੈ ਲਈ। ਦੋਸ਼ੀ ਨੇ ਕਰੀਬ 3 ਮਹੀਨੇ ਪਹਿਲਾਂ ਆਪਣੇ ਦਾਦਾ ਅਤੇ ਇਸ ਤੋਂ ਬਾਅਦ ਆਪਣੀ ਮਾਂ ਅਤੇ ਸਕੇ ਭਰਾ ਨੂੰ ਮੌਤ ਦੀ ਨੀਂਦ ਸੁਆ ਦਿੱਤਾ। ਇਸ ਕਤਲਕਾਂਡ ਤੋਂ ਪਰਦਾ ਕਰੀਬ 3 ਮਹੀਨੇ ਬਾਅਦ ਉਠਿਆ ਜਦੋਂ ਪਿਤਾ ਨੇ ਪੁੱਤਰ ’ਤੇ ਹੀ ਸ਼ੱਕ ਜ਼ਾਹਰ ਕੀਤਾ। ਜਿਸ ਤੋਂ ਬਾਅਦ ਪੁਲਸ ਨੇ ਦੋਸ਼ੀ ਨੂੰ ਹਿਰਾਸਤ ਵਿਚ ਲਿਆ ਤਾਂ ਤਿੰਨਾਂ ਦੀ ਮੌਤ ਤੋਂ ਪਰਦਾ ਉਠਿਆ। 

ਮਾਮਲਾ ਹਰਿਆਣਾ ਦੇ ਝੱਜਰ ਜ਼ਿਲ੍ਹੇ ਦੇ ਪਿੰਡ ਡੀਘਲ ਦਾ ਹੈ। ਇੱਥੇ ਕਰੀਬ 24 ਸਾਲ ਦੇ ਸੰਜੀਵ ਪੁੱਤਰ ਧਰਮਬੀਰ ਨੇ ਹੀ ਆਪਣੀ ਜੱਦੀ ਜ਼ਮੀਨ ਹੜੱਪਣ ਲਈ ਇਸ ਕਤਲਕਾਂਡ ਨੂੰ ਅੰਜ਼ਾਮ ਦਿੱਤਾ। ਕਤਲਕਾਂਡ ਦਾ ਪੂਰੀ ਤਰ੍ਹਾਂ ਖ਼ੁਲਾਸਾ ਬੁੱਧਵਾਰ ਨੂੰ ਜ਼ਿਲ੍ਹਾ ਲਘੂ ਸਕੱਤਰੇਤ ’ਚ ਏ. ਐੱਸ. ਪੀ. ਭਾਰਤੀ ਡਬਾਸ ਨੇ ਪੱਤਰਕਾਰਾਂ ਦੇ ਸਾਹਮਣੇ ਕੀਤਾ। ਏ. ਐੱਸ. ਪੀ. ਮੁਤਾਬਕ ਪਿੰਡ ਡੀਘਲ ’ਚ ਪਿਛਲੇ ਸਾਲ 11 ਸਤੰਬਰ ਦੀ ਰਾਤ 78 ਸਾਲ ਦੇ ਈਸ਼ਵਰ ਦੀ ਮੌਤ ਹੋਈ ਸੀ ਪਰ ਪਰਿਵਾਰ ਵਾਲਿਆਂ ਅਤੇ ਪਿੰਡ ਵਾਸੀਆਂ ਨੇ ਬਜ਼ੁਰਗ ਦੀ ਸਾਧਾਰਣ ਮੌਤ ਸਮਝ ਕੇ ਲਾਸ਼ ਦਾ ਪੋਸਟਮਾਰਟਮ ਨਹੀਂ ਕਰਵਾਇਆ ਸੀ ਅਤੇ ਸਸਕਾਰ ਕਰ ਦਿੱਤਾ। ਈਸ਼ਵਰ ਦੀ ਮੌਤ ਮਗਰੋਂ ਕਰੀਬ 20 ਦਿਨ ਬਾਅਦ 1 ਅਕਤੂਬਰ 2021 ਨੂੰ ਇਸੇ ਘਰ ਵਿਚ ਈਸ਼ਵਰ ਦੀ ਨੂੰਹ ਸੁਸ਼ੀਲਾ ਅਤੇ ਪੋਤੇ ਦੀ ਲਾਸ਼ ਫਾਹੇ ਨਾਲ ਲਟਕਦੀ ਮਿਲੀ ਸੀ।

ਇਨ੍ਹਾਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਗਿਆ ਪਰ ਕੋਈ ਸ਼ਿਕਾਇਤ ਨਾ ਹੋਣ ਦੇ ਚੱਲਦੇ ਪੁਲਸ ਨੇ ਇਸ ਮਾਮਲੇ ’ਚ ਇਤਫਾਕ ਕਾਰਵਾਈ ਕੀਤੀ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਤਿੰਨਾਂ ਦੀ ਮੌਤ ਦੇ ਕਾਰਨਾਂ ਤੋਂ ਪਰਦਾ ਨਹੀਂ ਉਠ ਸਕਿਆ ਸੀ ਪਰ ਹੁਣ 2 ਦਿਨ ਪਹਿਲਾਂ ਡੀਘਲ ਵਾਸੀ ਧਰਮਬੀਰ ਨੇ ਪੁਲਸ ਨੂੰ ਸੂਚਨਾ ਦਿੱਤੀ ਸੀ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਉਸ ਦੇ ਪਿਤਾ ਈਸ਼ਵਰ ਸਿੰਘ ਅਤੇ ਪਤਨੀ ਸ਼ੁਸੀਲਾ ਅਤੇ ਪੁੱਤਰ ਸਚਿਨ ਦਾ ਕਤਲ ਕੀਤਾ ਗਿਆ ਹੈ। ਇਸ ਮਾਮਲੇ ’ਚ ਉਸ ਦਾ ਸਕਾ ਪੁੱਤਰ ਸੰਜੀਵ ਕਿਸੇ ਨਾ ਕਿਸੇ ਰੂਪ ਵਿਚ ਸ਼ਾਮਲ ਹੈ।

ਪੁੱਛ-ਗਿੱਛ ’ਚ ਹੋਇਆ ਮਾਮਲੇ ਦਾ ਖ਼ੁਲਾਸਾ—
ਧਰਮਬੀਰ ਦੀ ਇਸ ਸ਼ਿਕਾਇਤ ’ਤੇ ਜਦੋਂ ਪੁਲਸ ਨੇ ਸੰਜੀਵ ਨੂੰ ਹਿਰਾਸਤ ਵਿਚ ਲਿਆ ਅਤੇ ਪੁੱਛ-ਗਿੱਛ ਸ਼ੁਰੂ ਕੀਤੀ ਤਾਂ ਮਾਮਲੇ ਵਿਚ ਖ਼ੁਲਾਸਾ ਹੋਇਆ ਕਿ ਸੰਜੀਵ ਨੇ ਹੀ ਆਪਣੇ ਦਾਦਾ ਦੀ ਸਾਢੇ 4 ਏਕੜ ਖੇਤੀ ਦੀ ਜ਼ਮੀਨ ਹੜੱਪਣ ਲਈ ਪੂਰੀ ਸਾਜਿਸ਼ ਨੂੰ ਅੰਜ਼ਾਮ ਦਿੱਤਾ ਸੀ। ਪਹਿਲੇ ਉਸ ਨੇ ਦਾਦਾ ਈਸ਼ਵਰ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਉਸ ਦੇ ਕੁਝ ਹੀ ਦਿਨਾਂ ਬਾਅਦ ਉਸ ਨੇ ਆਪਣੀ ਮਾਂ ਅਤੇ ਭਰਾ ਨੂੰ ਖਾਣੇ ’ਚ ਨੀਂਦ ਦੀਆਂ ਗੋਲੀਆਂ ਮਿਲਾ ਕੇ ਬੇਹੋਸ਼ ਕਰ ਦਿੱਤਾ ਅਤੇ ਬਾਅਦ ਵਿਚ ਉਨ੍ਹਾਂ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਉਸ ਤੋਂ ਬਾਅਦ ਉਸ ਨੇ ਮਾਂ ਅਤੇ ਭਰਾ ਦੀ ਲਾਸ਼ ਨੂੰ ਫਾਹੇ ਨਾਲ ਇਸ ਲਈ ਲਟਕਾ ਦਿੱਤਾ, ਤਾਂ ਕਿ ਉਨ੍ਹਾਂ ਦੀ ਮੌਤ ਖ਼ੁਦਕੁਸ਼ੀ ਲੱਗੇ।


author

Tanu

Content Editor

Related News