ਕੋਵਿਡ ਵੈਕਸੀਨ ਲਗਵਾਉਣ ਉਪਰੰਤ ਨੌਜਵਾਨ ਦੀ ਸ਼ੱਕੀ ਹਾਲਾਤ ’ਚ ਮੌਤ

Wednesday, Dec 29, 2021 - 12:07 PM (IST)

ਨਰਵਾਨਾ (ਰਾਜੀਵ ਗਰਗ) : ਨਰਵਾਨਾ ਦੇ ਸਿਵਲ ਹਸਪਤਾਲ ’ਚ ਕੋਰੋਨਾ ਤੋਂ ਬਚਾਅ ਲਈ ਵੈਕਸੀਨ ਲਗਵਾਉਣ ਤੋਂ ਬਾਅਦ 24 ਸਾਲ ਦਾ ਨੌਜਵਾਨ ਦੀ ਅਚਾਨਕ ਤਬੀਅਤ ਵਿਗੜ ਗਈ ਤੇ ਕੁਝ ਹੀ ਘੰਟਿਆਂ ਬਾਅਦ ਸ਼ੱਕੀ ਹਾਲਾਤ ’ਚ ਉਸ ਦੀ ਮੌਤ ਵੀ ਹੋ ਗਈ। ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਦੇ ਡਾਕਟਰਾਂ ’ਤੇ ਲਾਪ੍ਰਵਾਹੀ ਦਾ ਦੋਸ਼ ਲਾਉਂਦਿਆਂ ਦੋਸ਼ੀ ਡਾਕਟਰਾਂ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਡਾਕਟਰਾਂ ਖ਼ਿਲਾਫ਼ ਕਾਰਵਾਈ ਨਾ ਹੋਣ ’ਤੇ ਮੰਗਲਵਾਰ ਸ਼ਾਮ ਪਰਿਵਾਰ ਵਾਲਿਆਂ ਨੇ ਜੀਂਦ-ਪਟਿਆਲਾ ਨੈਸ਼ਨਲ ਹਾਈਵੇ ਅਤੇ ਪੁਰਾਣਾ ਬੱਸ ਅੱਡਾ ਚੌਕ ’ਤੇ ਜਾਮ ਲਾ ਦਿੱਤਾ। ਜਾਣਕਾਰੀ ਅਨੁਸਾਰ ਨਰਵਾਨਾ ਦੀ ਆਜ਼ਾਦ ਨਗਰ ਕਾਲੋਨੀ ’ਚ ਰਹਿਣ ਵਾਲੇ 24 ਸਾਲ ਦਾ ਮੋਹਿਤ ਗੋਇਲ ਪੁੱਤਰ ਨਰੇਸ਼ ਗੋਇਲ ਨੇ ਸੋਮਵਾਰ ਦੁਪਹਿਰ ਨਰਵਾਨਾ ਦੇ ਸਿਵਲ ਹਸਪਤਾਲ ’ਚ ਕੋਰੋਨਾ ਤੋਂ ਬਚਾਅ ਲਈ ਲਾਈ ਜਾਣ ਵਾਲੀ ਕੋਵਿਸ਼ੀਲਡ ਵੈਕਸੀਨ ਦੀ ਪਹਿਲੀ ਡੋਜ਼ ਲੁਆਈ ਸੀ। ਕੁਝ ਸਮੇਂ ਬਾਅਦ ਮੋਹਿਤ ਦਾ ਸਾਹ ਫੁੱਲਣ ਲੱਗਾ ਅਤੇ ਸ਼ਾਮ ਹੁੰਦੇ-ਹੁੰਦੇ ਉਸ ਦੀ ਤਬੀਅਤ ਵਿਗੜਨ ਲੱਗੀ ਤੇ ਮੋਹਿਤ ਨੂੰ ਉਲਟੀਆਂ ਲੱਗ ਗਈਆਂ, ਜਿਸ ’ਤੇ ਮੋਹਿਤ ਦੇ ਪਰਿਵਾਰ ਵਾਲੇ ਉਸ ਨੂੰ ਤੁਰੰਤ ਸਿਵਲ ਹਸਪਤਾਲ ’ਚ ਲੈ ਕੇ ਪੁੱਜੇ। ਉਨ੍ਹਾਂ ਦਾ ਦੋਸ਼ ਹੈ ਕਿ ਹਸਪਤਾਲ ’ਚ ਐਮਰਜੈਂਸੀ ਕਮਰੇ ’ਚ ਡਿਊਟੀ ’ਤੇ ਤਾਇਨਾਤ ਡਾਕਟਰਾਂ ਨੇ ਉਨ੍ਹਾਂ ਦੇ ਵਾਰ-ਵਾਰ ਕਹਿਣ ’ਤੇ ਵੀ ਉਸ ਦਾ ਇਲਾਜ ਨਹੀਂ ਕੀਤਾ ਤੇ ਇਕ ਇੰਜੈਕਸ਼ਨ ਲਾਉਣ ਤੋਂ ਬਾਅਦ ਅਗਲੇ ਦਿਨ ਸਵੇਰੇ ਆਉਣ ਲਈ ਕਿਹਾ।

ਬਾਅਦ ’ਚ ਉਸ ਦੀ ਵਿਗੜਦੀ ਹਾਲਤ ਨੂੰ ਵੇਖਦਿਆਂ ਉਹ ਉਸ ਨੂੰ ਹਿਸਾਰ ਦੇ ਇਕ ਨਿੱਜੀ ਹਸਪਤਾਲ ’ਚ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪਰਿਵਾਰ ਵਾਲਿਆਂ ਨੇ ਹਸਪਤਾਲ ਪ੍ਰਸ਼ਾਸਨ ਤੇ ਡਾਕਟਰਾਂ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਸੂਚਨਾ ਮਿਲਣ ’ਤੇ ਸਿਟੀ ਥਾਣਾ ਮੁਖੀ ਧਰਮਵੀਰ ਸਿੰਘ ਪੁਲਸ ਟੀਮ ਨਾਲ ਮੌਕੇ ’ਤੇ ਪੁੱਜੇ। ਪਰਿਵਾਰ ਵਾਲਿਆਂ ਨੇ ਪੁਲਸ ਦੇ ਸਾਹਮਣੇ ਡਿਊਟੀ ’ਤੇ ਤਾਇਨਾਤ ਡਾਕਟਰਾਂ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਮੰਗ ਕੀਤੀ। ਮੰਗਲਵਾਰ ਸ਼ਾਮ ਨੂੰ ਗੁੱਸਾਏ ਪਰਿਵਾਰਕ ਮੈਂਬਰਾਂ ਨੇ ਜੀਂਦ-ਪਟਿਆਲਾ ਨੈਸ਼ਨਲ ਹਾਈਵੇ ’ਤੇ ਜਾਮ ਲਾ ਦਿੱਤਾ। ਏ. ਐੱਸ. ਪੀ. ਤੇ ਐੱਸ. ਡੀ. ਐੱਮ. ਦੇ ਭਰੋਸੇ ਦੇ ਬਾਅਦ ਉਨ੍ਹਾਂ ਜਾਮ ਖੋਲ੍ਹ ਦਿੱਤਾ।
 


Anuradha

Content Editor

Related News