ਕੁਸ਼ਤੀ ਕੋਚ ਨੇ ਨਾਬਾਲਗ ਰੈਸਲਰ ਨੂੰ ਕੀਤਾ ਅਗਵਾ, ਚੰਡੀਗੜ੍ਹ ਲਿਜਾ ਕੇ ਕਰ ਲਿਆ ਦੂਜਾ ਵਿਆਹ

Saturday, Dec 24, 2022 - 02:44 PM (IST)

ਕੁਸ਼ਤੀ ਕੋਚ ਨੇ ਨਾਬਾਲਗ ਰੈਸਲਰ ਨੂੰ ਕੀਤਾ ਅਗਵਾ, ਚੰਡੀਗੜ੍ਹ ਲਿਜਾ ਕੇ ਕਰ ਲਿਆ ਦੂਜਾ ਵਿਆਹ

ਭੋਪਾਲ- ਭੋਪਾਲ 'ਚ ਇਕ ਨਾਬਾਲਗ ਪਹਿਲਵਾਨ ਦੇ ਅਗਵਾ ਹੋਣ ਦਾ ਗੁੱਥੀ ਪੁਲਸ ਨੇ ਸੁਲਝਾ ਲਈ ਹੈ। ਪੁਲਸ ਨੇ ਕੁੜੀ ਨੂੰ ਚੰਡੀਗੜ੍ਹ ਤੋਂ ਬਰਾਮਦ ਕਰਕੇ 10 ਦਸੰਬਰ ਨੂੰ ਲਿਆਂਦਾ ਸੀ। ਟੀ.ਟੀ.ਨਗਰ ਸਟੇਡੀਅਮ ਅਤੇ ਰੇਤਘਾਟ ਤਿਰਹੇ ਦੇ ਸਿਟੀ ਸਰਵਿਲਾਂਸ ਦੇ ਕੈਮਰੇ ਤੋਂ ਪੁਲਸ ਨੂੰ ਗੱਡੀ ਦਾ ਸੁਰਾਗ ਮਿਲਿਆ ਤਾਂ ਅਗਵਾ ਹੋਣ ਤੋਂ ਪਰਦਾ ਉਠ ਗਿਆ। ਹਰਿਆਣਾ ਦੇ ਝੱਜਰ ਦੇ ਕੁਸ਼ਤੀ ਕੋਚ ਨੇ ਭੋਪਾਲ ਤੋਂ ਰੈਸਲਰ ਨੂੰ ਅਗਵਾ ਕਰ ਲਿਆ ਸੀ। ਇਹ ਰੈਸਲਰ ਉਸ ਸਮੇਂ ਲਾਪਤਾ ਹੋ ਗਈ ਸੀ ਜਦੋਂ ਉਹ ਰੋਜ਼ਾਨਾ ਦੀ ਤਰ੍ਹਾਂ ਟੀਟੀ ਨਗਰ ਸਟੇਡੀਅਮ ਤੋਂ ਅਭਿਆਸ ਲਈ ਰਵਾਨਾ ਹੋਈ ਸੀ, ਪਰ ਘਰ ਵਾਪਸ ਨਹੀਂ ਪਰਤੀ। ਸ਼ਿਆਮਲਾ ਹਿਲਸ ਪੁਲਸ ਨੇ ਅਣਪਛਾਤੇ ਖ਼ਿਲਾਫ਼ ਅਗਵਾ ਦਾ ਮਾਮਲਾ ਦਰਜ ਕੀਤਾ ਸੀ। ਮੁਲਜ਼ਮ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁਲਸ ਬਲਾਤਕਾਰ ਦੀ ਧਾਰਾ ਵੀ ਲਗਾਏਗੀ। ਪੁਲਸ ਮੁਤਾਬਕ ਨਾਬਾਲਗਾ 10ਵੀਂ ਜਮਾਤ ਦਾ ਵਿਦਿਆਰਥਣ ਅਤੇ ਰੈਸਲਰ ਹੈ। 9 ਨਵੰਬਰ ਨੂੰ ਜਦੋਂ ਉਹ ਰੋਜ਼ਾਨਾ ਵਾਂਗ ਅਭਿਆਸ ਤੋਂ ਬਾਅਦ ਘਰ ਨਹੀਂ ਪਹੁੰਚੀ ਤਾਂ ਉਸ ਦੇ ਪਿਤਾ ਸਟੇਡੀਅਮ ਪਹੁੰਚ ਗਏ। ਉਥੇ ਉਸ ਨੂੰ ਪਤਾ ਲੱਗਾ ਕਿ ਉਸ ਦੀ ਧੀ ਪ੍ਰੈਕਟਿਸ ਲਈ ਨਹੀਂ ਆਈ ਸੀ। ਬਾਅਦ 'ਚ ਉਸ ਨੇ ਸ਼ਿਆਮਲਾ ਹਿਲਸ ਥਾਣੇ 'ਚ ਅਗਵਾ ਦਾ ਮਾਮਲਾ ਦਰਜ ਕਰਵਾਇਆ। ਪੁਲਸ ਨੂੰ ਉਸ ਦਾ ਸਕੂਟਰ ਪਾਰਕਿੰਗ 'ਚ ਖੜ੍ਹਾ ਮਿਲਿਆ। ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ 'ਚ ਉਹ ਇਕ ਕਾਰ 'ਚ ਚੜ੍ਹਦੀ ਦਿਖਾਈ ਦੇ ਰਹੀ ਸੀ। ਜਦੋਂ ਪੁਲਸ ਨਵੀਨ ਦੇ ਘਰ ਚਰਖੀਦਾਦਰੀ ਪਹੁੰਚੀ ਤਾਂ ਉਨ੍ਹਾਂ ਨੇ ਉਸ ਦੇ ਪਿਤਾ ਚੰਦ ਸਿੰਘ ਪਹਿਲਵਾਨ ਨੂੰ ਲੱਭ ਲਿਆ। ਉਸ ਨੇ ਦੱਸਿਆ ਕਿ 2 ਨਵੰਬਰ ਨੂੰ ਨਵੀਨ ਨੇ 50 ਹਜ਼ਾਰ ਰੁਪਏ ਅਤੇ 5 ਕਿਲੋ ਘਿਓ ਲੈ ਕੇ ਇਹ ਬੋਲ ਕੇ ਨਿਕਲਿਆ ਹੈ ਕਿ ਉਹ ਹਿਮਾਚਲ ਜਾ ਰਿਹਾ ਹੈ।

ਕੁੜੀ ਦੇ ਪਿਤਾ ਨੇ ਪੁਲਸ ਨੂੰ ਦੱਸਿਆ ਕਿ 4 ਮਹੀਨੇ ਪਹਿਲਾਂ ਉਹ ਆਪਣੀ ਕੁੜੀ ਨੂੰ ਕੁਸ਼ਤੀ ਮੁਕਾਬਲੇ 'ਚ ਹਿੱਸਾ ਲੈਣ ਲਈ ਰੋਹਤਕ (ਹਰਿਆਣਾ) ਲੈ ਗਿਆ ਸੀ। ਫਿਰ ਰਸਤੇ 'ਚ ਝੱਜਰ ਵਾਸੀ ਪਹਿਲਵਾਨ ਨਵੀਨ ਨਾਰਾ ਨੇ ਕਾਰ 'ਚ ਲਿਫਟ ਦਿੱਤੀ। ਗੱਲਬਾਤ 'ਚ ਉਸ ਨੇ ਬੇਟੀ ਬਾਰੇ ਜਾਣਕਾਰੀ ਲਈ ਸੀ। ਨਵੀਨ ਨੇ ਸਲਾਹ ਦਿੱਤੀ ਕਿ ਜੇਕਰ ਤੁਸੀਂ ਆਪਣੀ ਬੇਟੀ ਦਾ ਭਵਿੱਖ ਕੁਸ਼ਤੀ 'ਚ ਬਣਾਉਣਾ ਚਾਹੁੰਦੇ ਹੋ ਤਾਂ ਉਸ ਦਾ ਦਾਖ਼ਲਾ ਰੋਹਤਕ 'ਚ ਕਰਵਾ ਲਓ। ਉਸ ਨੇ ਦੋਵਾਂ ਦੇ ਮੋਬਾਈਲ ਨੰਬਰ ਵੀ ਲੈ ਲਏ ਸਨ। ਨਵੀਨ ਭੋਪਾਲ ਆ ਕੇ ਵੀ ਫੋਨ ਕਰਦਾ ਸੀ। ਨਵੀਨ 29 ਅਕਤੂਬਰ ਨੂੰ ਭੋਪਾਲ ਆਇਆ ਸੀ। ਉਸ ਨੇ ਕੁੜੀ ਦੇ ਪਿਤਾ ਨੂੰ ਸ਼ਿਆਮਲਾ ਹਿਲਜ਼ ਸਥਿਤ ਇਕ ਹੋਟਲ 'ਚ ਬੁਲਾਇਆ। ਧੀ ਦਾ ਦਾਖ਼ਲਾ ਰੋਹਤਕ 'ਚ ਕਰਵਾਉਣ ਲਈ ਕਿਹਾ। ਉਹ ਕੁੜੀ ਨੂੰ ਮਿਲਣ ਲਈ ਸਟੇਡੀਅਮ ਵੀ ਪਹੁੰਚਿਆ ਸੀ। ਸ਼ੱਕ ਹੋਣ 'ਤੇ ਮਾਂ ਨੇ ਧੀ ਦਾ ਮੋਬਾਈਲ ਖੋਹ ਲਿਆ ਸੀ। ਪੁਲਸ ਨੂੰ ਹੋਟਲ ਤੋਂ ਨਵੀਨ ਦਾ ਚਰਖੀਦਾਦਰੀ (ਹਰਿਆਣਾ) ਦਾ ਪਤਾ ਮਿਲਿਆ ਹੈ। ਕੁੜੀ ਨੇ ਦੱਸਿਆ ਕਿ ਉਸ ਨੇ ਨਵੀਨ ਨੂੰ ਆਪਣੇ ਦੋਸਤ ਦੇ ਮੋਬਾਈਲ ਤੋਂ ਫ਼ੋਨ ਕੀਤਾ ਸੀ। ਨਵੀਨ 5 ਨਵੰਬਰ ਨੂੰ ਭੋਪਾਲ 'ਚ ਮਿਲਿਆ ਸੀ। ਯੋਜਨਾ ਮੁਤਾਬਕ 9 ਨਵੰਬਰ ਦੀ ਸਵੇਰ ਨੂੰ ਉਹ ਸਟੇਡੀਅਮ ਤੋਂ ਕਾਰ 'ਚ ਸਵਾਰ ਹੋ ਗਈ। ਕੁੜੀ ਮਾਤਾ-ਪਿਤਾ ਨਾਲ ਨਹੀਂ ਰਹਿਣਾ ਚਾਹੁੰਦੀ ਪਰ ਪੁਲਸ ਦੇ ਸਮਝਾਉਣ ਤੋਂ ਬਾਅਦ ਨਾਲ ਰਹਿਣ ਲਈ ਤਿਆਰ ਹੋ ਗਈ।

ਇਹ ਹੈ ਪੂਰਾ ਮਾਮਲਾ

ਨਵੀਨ ਦਾ 2019 'ਚ ਵਿਆਹ ਹੋ ਚੁੱਕਿਆ ਪਰ ਤਲਾਕ ਨਹੀਂ ਹੋਇਆ ਹੈ। ਇਸ ਵਿਚ ਪੁਲਸ ਨੂੰ ਪਤਾ ਲੱਗਾ ਕਿ ਕੁੜੀ ਨੇ ਚੰਡੀਗੜ੍ਹ ਹਾਈ ਕੋਰਟ 'ਚ ਪਟੀਸ਼ਨ ਲਗਾਈ ਹੈ ਕਿ ਉਸ ਨੇ ਨਵੀਨ ਨਾਲ ਵਿਆਹ ਕਰ ਲਿਆ ਹੈ। ਨਵੀਨ ਨੇ ਧਰਮ ਤਬਦੀਲ ਕਰ ਲਿਆ ਹੈ। ਉਨ੍ਹਾਂ ਨੂੰ ਸੁਰੱਖਿਆ ਚਾਹੀਦੀ ਹੈ। ਪਟੀਸ਼ਨ 'ਤੇ ਨਵੀਨ ਦੀ ਪਤਨੀ ਨੇ ਇਤਰਾਜ਼ ਜਤਾਇਆ ਹੈ। 9 ਦਸੰਬਰ ਨੂੰ ਸੁਣਵਾਈ ਹੋਣੀ ਸੀ। ਇਸ ਵਿਚ ਸ਼ਯਾਮਲਾ ਹਿਲਸ ਥਾਣਾ ਇੰਚਾਰਜ ਉਮੇਸ਼ ਯਾਦਵ ਵੀ ਹਾਈ ਕੋਰਟ ਪਹੁੰਚੇ। ਵਕੀਲ ਦਾ ਤਰਕ ਸੀ ਕਿ ਮੁਸਲਿਮ ਲਾਅ ਅਨੁਸਾਰ ਨਾਬਾਲਗ  ਵਿਆਹ ਕਰ ਸਕਦਾ ਹੈ। ਯਾਦਵ ਨੇ ਤਰਕ ਦਿੱਤਾ ਕਿ ਮੁਸਲਿਮ ਲਾਅ ਆਈ.ਪੀ.ਸੀ. ਤੋਂ ਵੱਡਾ ਹੈ ਕੀ? ਵਿਵਾਦ ਦੀ ਸਥਿਤੀ ਬਣਨ ਤੋਂ ਬਾਅਦ ਕੁੜੀ ਨੂੰ ਭੋਪਾਲ ਪੁਲਸ ਦੇ ਹਵਾਲੇ ਕੀਤਾ ਗਿਆ ਪਰ ਫਿਲਹਾਲ ਨਵੀਨ ਗਾਇਬ ਹੈ।


author

DIsha

Content Editor

Related News