ਸੁਰੰਗ 'ਚੋਂ ਬਚਾਏ ਗਏ 41 ਮਜ਼ਦੂਰਾਂ ਨੂੰ ਚਿਨੂਕ ਹੈਲੀਕਾਪਟਰ ਰਾਹੀਂ ਲਿਆਂਦਾ ਗਿਆ ਏਮਜ਼ ਰਿਸ਼ੀਕੇਸ਼
Wednesday, Nov 29, 2023 - 04:44 PM (IST)
ਰਿਸ਼ੀਕੇਸ਼ (ਭਾਸ਼ਾ)- ਉੱਤਰਕਾਸ਼ੀ ਜ਼ਿਲ੍ਹੇ ਦੀ ਸਿਲਕਿਆਰਾ ਸੁਰੰਗ ਤੋਂ ਕੱਢੇ ਗਏ ਮਜ਼ਦੂਰਾਂ ਨੂੰ ਹੈਲੀਕਾਪਟਰ ਰਾਹੀਂ ਬੁੱਧਵਾਰ ਨੂੰ ਰਿਸ਼ੀਕੇਸ਼ ਅਖਿਲ ਭਾਰਤੀ ਆਯੂਰਵਿਗਿਆਨ ਸੰਸਥਾ (ਏਮਜ਼) ਲਿਆਂਦਾ ਗਿਆ, ਜਿੱਥੇ ਉਨ੍ਹਾਂ ਦੀ ਸਿਹਤ ਜਾਂਚ ਕੀਤੀ ਜਾਵੇਗੀ। ਭਾਰਤੀ ਹਵਾਈ ਫ਼ੌਜ ਦੇ ਚਿਨੂਕ ਹੈਲੀਕਾਪਟਰ ਰਾਹੀਂ ਸਾਰੇ 41 ਮਜ਼ਦੂਰਾਂ ਨੂੰ ਚਿਨਿਆਲੀਸੌੜ ਤੋਂ ਏਮਜ਼ ਰਿਸ਼ੀਕੇਸ਼ ਲਿਆਂਦਾ ਗਿਆ ਹੈ। ਕੇਂਦਰ ਅਤੇ ਰਾਜ ਸਰਕਾਰ ਦੀਆਂ ਵੱਖ-ਵੱਖ ਏਜੰਸੀਆਂ ਵਲੋਂ ਚਲਾਈ ਗਈ ਬਚਾਅ ਮੁਹਿੰਮ ਰਾਹੀਂ ਸੁਰੰਗ 'ਚ ਫਸੇ ਸਾਰੇ 41 ਮਜ਼ਦੂਰਾਂ ਨੂੰ 17ਵੇਂ ਦਿਨ ਮੰਗਲਵਾਰ ਰਾਤ ਸਹੀ ਸਲਾਮਤ ਬਾਹਰ ਕੱਢ ਲਿਆ ਗਿਆ ਸੀ। ਸੁਰੰਗ ਤੋਂ ਬਾਹਰ ਕੱਢਣ ਤੋਂ ਬਾਅਦ ਉਨ੍ਹਾਂ ਨੂੰ ਸਿਲਕਿਆਰਾ ਤੋਂ 30 ਕਿਲੋਮੀਟਰ ਦੂਰ ਚਿਨਿਆਲੀਸੌੜ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਡਾਕਟਰੀ ਨਿਗਰਾਨੀ ਹੇਠ ਰੱਖਿਆ ਗਿਆ ਸੀ। ਸਾਰੇ ਕਰਮਚਾਰੀ ਤੰਦਰੁਸਤ ਹਨ ਪਰ 2 ਹਫ਼ਤਿਆਂ ਤੋਂ ਵੱਧ ਸਮੇਂ ਤੋਂ ਸੁਰੰਗ ਵਿਚ ਫਸੇ ਰਹਿਣ ਕਾਰਨ ਸਿਹਤ ਸਬੰਧੀ ਸੰਭਾਵਿਤ ਸਮੱਸਿਆਵਾਂ ਕਾਰਨ ਉਨ੍ਹਾਂ ਨੂੰ ਏਮਜ਼ ਰਿਸ਼ੀਕੇਸ਼ ਲਿਆਂਦਾ ਗਿਆ ਹੈ।
ਇਸ ਤੋਂ ਪਹਿਲਾਂ ਏਮਜ਼ ਰਿਸ਼ੀਕੇਸ਼ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਕਰਮਚਾਰੀਆਂ ਨੂੰ ਪਹਿਲਾਂ ਟਰਾਮਾ ਵਾਰਡ 'ਚ ਲਿਜਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਉੱਥੋਂ ਉਨ੍ਹਾਂ ਨੂੰ 100 ਬਿਸਤਰਿਆਂ ਵਾਲੇ ਡਿਜ਼ਾਸਟਰ ਵਾਰਡ ਵਿਚ ਸ਼ਿਫਟ ਕੀਤਾ ਜਾਵੇਗਾ ਜਿੱਥੇ ਉਨ੍ਹਾਂ ਦੇ ਸਾਰੇ ਸਿਹਤ ਮਾਪਦੰਡਾਂ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਰਕਰਾਂ ਦੀ ਸਿਹਤ ਜਾਂਚ ਲਈ ਹਸਪਤਾਲ ਵਿਚ ਸਾਰੀਆਂ ਸਹੂਲਤਾਂ ਅਤੇ ਡਾਕਟਰ ਉਪਲਬਧ ਹਨ। ਇਸ ਤੋਂ ਪਹਿਲਾਂ ਚਿਨਿਆਲੀਸੌੜ ਹਸਪਤਾਲ ਵਿਖੇ ਵਰਕਰਾਂ ਨਾਲ ਮੁਲਾਕਾਤ ਕਰਨ ਅਤੇ ਉਨ੍ਹਾਂ ਦੀ ਸਿਹਤਯਾਬੀ ਦਾ ਜਾਇਜ਼ਾ ਲੈਣ ਤੋਂ ਬਾਅਦ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਸਾਰੇ ਲੋਕ ਤੰਦਰੁਸਤ ਅਤੇ ਖੁਸ਼ ਹਨ ਪਰ ਡਾਕਟਰਾਂ ਦੀ ਸਲਾਹ 'ਤੇ ਉਨ੍ਹਾਂ ਨੂੰ ਜਾਂਚ ਲਈ ਏਮਜ਼ ਰਿਸ਼ੀਕੇਸ਼ ਭੇਜਿਆ ਗਿਆ। ਚਾਰਧਾਮ ਯਾਤਰਾ ਰੂਟ 'ਤੇ ਬਣ ਰਹੀ ਸਾਢੇ ਚਾਰ ਕਿਲੋਮੀਟਰ ਲੰਬੀ ਸੁਰੰਗ ਦਾ 12 ਨਵੰਬਰ ਨੂੰ ਇਕ ਹਿੱਸਾ ਡਿੱਗਣ ਕਾਰਨ ਇਸ ਦੇ ਅੰਦਰ 41 ਮਜ਼ਦੂਰ ਫਸ ਗਏ ਸਨ, ਜਿਨ੍ਹਾਂ ਨੂੰ ਮੰਗਲਵਾਰ ਨੂੰ ਜੰਗੀ ਪੱਧਰ 'ਤੇ ਚਲਾਏ ਬਚਾਅ ਕਾਰਜ ਤੋਂ ਬਾਅਦ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8